ਐੱਸ ਪੀ ਸਿੰਘ*
ਜਦੋਂ ਅਗਲੀ ਵਾਰੀ ਇੱਥੇ ਮਿਲਾਂਗੇ ਤਾਂ ਪੁਰਾਣਾ ਸਾਲ ਬੀਤ ਗਿਆ ਹੋਵੇਗਾ, ਨਵੇਂ ਵਿਚ ਬਾਦਲੀਲ ਸਾਂਝ ਪਾਵਾਂਗੇ। ਪਰ ਇਹ ਸਾਲ ਸਿਰਫ਼ ਬੀਤੇਗਾ, ਭੁੱਲੇਗਾ ਨਹੀਂ। ਸਮੇਂ ਦੀ ਨਿਰੰਤਰਤਾ ਬਾਰੇ ਅਨੰਤ ਲਿਖਤਾਂ ਅਤੇ ਬਿਰਤਾਂਤ ਤੋਂ ਵਾਕਿਫ਼ ਹੋਣ ਦੇ ਬਾਵਜੂਦ ਅਸੀਂ ਜਾਣਦੇ ਹਾਂ ਕਿ ਕੁਝ ਸਾਲ ਕਸ਼ਟ ਭਰੇ ਹੁੰਦੇ ਹਨ। 1919, 1947, 1962, 1971, 1975, 1984, 2002 ਅਤੇ ਸਾਡੇ ਮੰਦੇਭਾਗੀਂ, ਇਹ ਜਾਂਦਾ 2020 ਵਾਲਾ ਵਰ੍ਹਾ।
ਹਾਲੇ ਚੜ੍ਹਿਆ ਹੀ ਸੀ ਜਦੋਂ ਅਸੀਂ ਸੜਕਾਂ ’ਤੇ ਨਿਕਲੇ ਹੋਏ ਸਾਂ ਕਿਉਂਕਿ ਕੋਈ ਜ਼ਿੱਦ ਪੈ ਗਿਆ ਸੀ ਕਿ ਉਹ ਪਰਖੇਗਾ ਸਾਡੇ ਵਿੱਚੋਂ ਕਿਹੜਾ ਇਸ ਮੁਲਕ ਦਾ ਅਸਲੀ ਨਾਗਰਿਕ ਹੈ ਤੇ ਕਿਹੜਾ ਘੁਸਪੈਠੀਆ। ਫਿਰ ਸਾਨੂੰ ਰੱਬ ਦੀ ਮਾਰ ਵਗੀ, ਸਾਡੇ ਸਾਰੇ ਢਾਂਚੇ ਦਾ ਐਕਸਰੇਅ ਖਿੱਚਣ ਹਿੱਤ ਕਰੋਨਾ ਵਾਇਰਸ ਚਹੁੰਤਰਫ਼ੀ ਤਾਰੀ ਹੋ ਗਿਆ। ਸਾਰਾ ਸਮਾਜ ਕਿਸ ਕਦਰ ਬਿਮਾਰਗ੍ਰਸਤ ਹੈ, ਜੱਗ ਜ਼ਾਹਿਰ ਹੋਇਆ। ਨਾਗਰਿਕਤਾ ਕਾਨੂੰਨ ਖ਼ਿਲਾਫ਼ ਵਿਸ਼ਾਲ ਅੰਦੋਲਨ ਕਰੋਨਾ-ਰੋਕਾਂ ਦੀ ਭੇਂਟ ਚੜ੍ਹਿਆ। ਸਮਾਜਿਕ ਕਾਰਕੁਨ ਹੁਣ ਗ਼ਰੀਬਾਂ ਦੀਆਂ ਝੁੱਗੀਆਂ-ਝੌਂਪੜੀਆਂ ਤੱਕ ਰਸਦ ਪਹੁੰਚਾਉਣ ’ਚ ਮਸਰੂਫ਼ ਹੋਏ।
ਪਤਾ ਲੱਗਿਆ ਕਿ ਢਾਂਚੇ ਦੀਆਂ ਜਿਹੜੀਆਂ ਨਾੜਾਂ-ਨਬਜ਼ਾਂ ਥੀਂ ਸਿਹਤ, ਇਲਾਜ, ਭੋਜਨ, ਦਵਾਈਆਂ, ਸਿੱਖਿਆ, ਸੁਰੱਖਿਆ, ਪਿਆਰ, ਹਲੀਮੀ, ਚਿੰਤਾ, ਧਿਆਨ, ਸਹਿਜ, ਸੰਜੀਦਗੀ, ਸੰਵੇਦਨਸ਼ੀਲਤਾ, ਹਮਦਰਦੀ, ਮਦਦ ਵਰਗੀਆਂ ਸ਼ੈਆਂ ਨੇ ਬੇਮੁਹਾਰਾ ਵਹਿਣਾ ਸੀ, ਉੱਥੇ ਬੇਦਰਦੀ, ਬੇਕਦਰੀ, ਉਦਾਸੀਨਤਾ, ਤੰਗੀਆਂ, ਤੁਰਸ਼ੀਆਂ, ਬੇਈਮਾਨੀਆਂ ਅਤੇ ਹਕੂਮਤੀ ਗੈਰਯਕੀਨੀਆਂ ਨੇ ਵਹਿਣ ਨੂੰ ਡੱਕੇ ਲਾ ਰੱਖੇ ਸਨ।
ਇਸ ਨਾਮੁਰਾਦ ਬਿਮਾਰੀ ਨੇ ਇਸ ਵਰ੍ਹੇ ਸਾਥੋਂ ਕਈ ਸਵਾਲ ਪੁੱਛੇ। ਅਸਾਂ ਕਿਹੋ ਜਿਹਾ ਸਮਾਜ ਸਿਰਜਿਆ ਹੈ? ਤਿਆਗ, ਪਿਆਰ ਅਤੇ ਮੌਤ ਬਾਰੇ ਅਸਾਂ ਕੀ ਚਿੰਤਨ ਕੀਤਾ ਹੈ? ਕਰੋਨਾ ਨੇ ਸਾਡੇ ‘ਭੂਗੋਲਿਕ ਪਿੰਡ’ ਵਾਲੇ ਬਿਆਨੀਏ ਦਾ ਜਲੂਸ ਕੱਢ ਕੇ ਰੱਖ ਦਿੱਤਾ। ਚੰਨ ‘ਤੇ ਪਲਾਟਾਂ ਦੇ ਸੁਫ਼ਨੇ ਵੇਖਦੇ ਮੁਲਕ ਮੂੰਹ ‘ਤੇ ਬੰਨ੍ਹਣ ਵਾਲੀਆਂ ਟਾਕੀਆਂ ਵੀ ਮੁਹੱਈਆ ਕਰਵਾਉਣੋਂ ਆਤੁਰ ਜਾਪੇ। ਐਟਮੀ ਬੰਬਾਂ ਅਤੇ ਜ਼ਹਿਰੀਲੇ ਰਸਾਇਣਕ ਹਥਿਆਰਾਂ ਦੇ ਜ਼ਖ਼ੀਰਿਆਂ ਵਾਲਿਆਂ ਕੋਲ ਹਸਪਤਾਲਾਂ ‘ਚ ਬਿਸਤਰਿਆਂ ਤੇ ਆਕਸੀਜਨ ਦੀ ਤੋਟ ਬਾਰੇ ਸੁਰਖ਼ੀਆਂ ਮਹੀਨਿਆਂ-ਬੱਧੀ ਛਪਦੀਆਂ ਰਹੀਆਂ। ਜੀਊਣਾ ਅਸਾਂ ਕਿੰਨਾ ਕੁ ਸਿੱਖਿਆ ਸੀ, ਇਹ ਤਾਂ ਕਰੋਨਾ ਜਾਣੇ ਜਾਂ ਰੱਬ, ਪਰ ਰੁਲਦੀਆਂ ਲਾਸ਼ਾਂ ਅਸਾਂ ਇਸ ਵਰ੍ਹੇ ਅੱਖੀਂ ਦੇਖੀਆਂ। ਡਰੇ ਹੋਏ ਮੁਹੱਜ਼ਬ ਮਨੁੱਖਾਂ ਨੂੰ ਗ਼ਰੀਬ-ਗੁਰਬੇ ਉੱਤੇ ਜਰਾਸੀਮ-ਮਾਰੂ ਦਵਾਈਆਂ ਦੇ ਛਿੜਕਾਅ ਕਰਦਿਆਂ ਦੇ ਦ੍ਰਿਸ਼ ਰਹਿੰਦੀ ਯਾਦਦਾਸ਼ਤ ਤਕ ਸਾਨੂੰ ਲੂਸਦੇ ਰਹਿਣਗੇ। ਕਦੀ ਮੂੰਹ ਹਨੇਰੇ ਟੁਰੇ ਜਾਂਦੇ ਉਹ ਹਜ਼ਾਰਾਂ ਲੱਖਾਂ ਪਰਛਾਵੇਂ ਯਾਦ ਆਉਣਗੇ ਜਿਨ੍ਹਾਂ ਨੰਗੇ ਪੈਰੀਂ ਸੜਕਾਂ ਅਤੇ ਛਾਲਿਆਂ ਉਤੇ ਟੁਰ ਪੰਜਾਬ, ਦਿੱਲੀ, ਬੰਬਈ ਤੋਂ ਬਿਹਾਰ, ਯੂਪੀ ਦੇ ਆਪਣੇ ਪਿੰਡਾਂ ਤੱਕ ਦਾ ਪੈਂਡਾ ਗਾਹਿਆ। ਰੇਲਗੱਡੀ ਥੱਲੇ ਆਈਆਂ ਲੋਥਾਂ ਤੇ ਨੇੜੇ ਬਿਖਰੀਆਂ ਰੋਟੀਆਂ ਵਾਲਾ 2020 ਭੁੱਲਣ ਲਈ ਕਿੰਨੀਆਂ ਸਦੀਆਂ ਲੋੜੀਂਦੀਆਂ ਹਨ?
ਇਸ ਸਭ ਦੇ ਦੌਰਾਨ ਵੀ ਹਾਕਮਾਂ ਨੇ ਮਾਰੂ ਵਾਇਰਸ ਤੋਂ ਅਜੀਬ ਕੰਮ ਲੈਣਾ ਲੋਚਿਆ, ਇਹਨੂੰ ਕਿਸੇ ਤਨਜ਼ੀਮ ਨਾਲ ਨੱਥੀ ਕਰ ਇਕ ਖ਼ਾਸ ਅਕੀਦੇ ਨੂੰ ਮੁਜਰਮਾਨਾ ਕੌਮ ਗਰਦਾਨ ਕਰ ਧਰਿਆ।
ਜੇ ਹਾਥਰਸ ਵਿੱਚ ਬਾਹੂਬਲੀਆਂ ਕਿਸੇ ਨੌਜਵਾਨ ਕੁੜੀ ਨੂੰ ਵਲੂੰਧਰ ਘੱਤਿਆ ਤਾਂ ਹਕੂਮਤ ਨੇ ਕਰੋਨਾ ਨੂੰ ਨਵੇਂ ਕੰਮ ਲਾਇਆ। ਅਖੇ ਏਧਰ ਨਾ ਆਉ, ਏਧਰ ਅਸੀਂ ਤੇ ਕੋਰੋਨਾ ਆਪਣਾ ਮੁਸ਼ਤਰਕਾ ਕੰਮ ਕਰ ਰਹੇ ਹਾਂ; ਪਰਿਵਾਰ ਨੂੰ ਅੰਦਰ ਡੱਕ, ਉਹਦੀ ਲਾਸ਼ ਨੂੰ ਅੱਧੀ ਰਾਤੀਂ ਸਾੜ, ਹੁਣ ਹਾਲਾਤ ਆਮ ਵਾਂਗ ਕਰ ਰਹੇ ਹਾਂ।
ਓਧਰ 2020 ‘ਚ ਵੀ ਟਰੰਪੀ ਖੇਡਾਂ ਲਗਾਤਾਰ ਜਾਰੀ ਰਹੀਆਂ। ਕੋਰੋਨਾ ਨੂੰ ਰਾਸ਼ਟਰੀਅਤਾ ਮਿਲੀ, ਇਹ ਚੀਨੀ ਵਾਇਰਸ ਕਹਾਇਆ। ਸਿਆਹਫਾਮ ਸਮਾਜ ਦੀ ਧੌਣ ਉੱਤੇ ਟਰੰਪੀ ਗੋਡਾ ਦੇ ਕੇ ਇਹਨੂੰ ਮਾਰਨਾ ਚਾਹਿਆ ਪਰ ਮਰ ਕੇ ਜਾਰਜ ਫਲੋਇਡ ਨੇ ‘ਬਲੈਕ ਲਾਈਵਜ਼ ਮੈਟਰ’ ਦਾ ਪਰਚਮ ਆਣ ਝੁਲਾਇਆ।
ਨਫ਼ਰਤ ਵਿੱਚ ਵੀ ਆਪਣੀ ਅੰਤਰੀਵ ਤਾਕਤ ਹੁੰਦੀ ਹੈ, ਪਿਆਰ ਨਾਲ ਲੜਨਾ ਕੋਈ ਸੁਖਾਲਾ ਕੰਮ ਤਾਂ ਹੈ ਨਹੀਂ। ਇਸੇ ਲਈ ਕੋਰੋਨਾ-ਕਾਲ ਦੌਰਾਨ ਜਦੋਂ ਮੌਤ ਹਰ ਘਰ, ਡਿਓਢੀ, ਵਿਹੜੇ ਕੋਲੋਂ ਸ਼ੂਕ ਕੇ ਲੰਘਦੀ ਰਹੀ, ਉਦੋਂ ਵੀ ਨਫ਼ਰਤੀ ਪ੍ਰਚਾਰ ਤਾਰੀ ਰਿਹਾ। ਇੱਥੇ ਬੱਤੀਆਂ ਜਗਾਉਣ ਬੁਝਾਉਣ ਤੇ ਥਾਲੀਆਂ ਖੜਕਾਉਣ ਵਾਲਾ ਤਮਾਸ਼ਾ, ਤੇ ਉੱਥੇ ਟਰੰਪ ਬਥੇਰਾ ਭਾਰੀ ਰਿਹਾ। ਖੌਰੇ ਜੇ ਸਾਡੇ ਵਾਲੀਆਂ ਈਵੀਐੱਮ ਮਸ਼ੀਨਾਂ ਵਰਤਦਾ ਤਾਂ ਸ਼ਾਇਦ ਜਿੱਤ ਹੀ ਜਾਂਦਾ, ਪਰ ਹਾਲੇ ਵੀ ਕਿਹੜਾ ਝੋਲਾ ਚੁੱਕ, ਜੁੱਤੀ ਪਾ ਜਾਣ ਨੂੰ ਤਿਆਰ ਹੈ?
ਘਰਾਂ ਵਿੱਚ ਬੰਦ, ਸ਼ਹਿਰ ਬੀਆਬਾਨ, ਕੁੱਲ ਦੁਨੀਆ ਦੇ ਜਹਾਜ਼ਾਂ ਦਾ ਖੜ੍ਹੇ ਹੋ ਜਾਣਾ। ਸੁਰਖੀਆਂ ਪੜ੍ਹ ਕਿਸੇ ਪਰਮ-ਪਿਆਰੇ ਨੂੰ ਜੱਫੀ ਪਾਉਣੋਂ ਵੀ ਗਏ, ਘਰੇ ‘ਕੱਲੇ ਬੈਠੇ ਕੁੰਡੀਆਂ ਟੂਟੀਆਂ ਧੋਈ ਜਾਣਾ– ਸ਼ਾਇਦ ਆਪਣੇ ਬਾਰੇ, ਧੁਰ ਅੰਦਰਲੇ ਬਾਰੇ, ਹੋਂਦ ਬਾਰੇ, ਮਨੁੱਖ ਹੋਣ ਦੇ ਅਜ਼ੀਮ ਕਰਮ ਬਾਰੇ, ਨਾਗਰਿਕ ਹੋਣ ਦੇ ਮਾਅਨਿਆਂ ਬਾਰੇ ਨਿੱਠ ਸੋਚਣ ਲਈ ਸਾਨੂੰ ਇਹ ਧੱਕਾ ਦਰਕਾਰ ਸੀ।
ਫਿਰ ਖ਼ੁਦਾਈ ਮਦਦ ਆਈ। ਆਪਣੇ ਆਪ ਨੂੰ ਖ਼ੁਦਾ ਸਮਝ ਬੈਠਿਆਂ ਨੇ ਪਵਿੱਤਰ ਕਹਾਉਂਦੀ ਸੰਸਦ ਵਿੱਚ ਉਨ੍ਹਾਂ ਬਾਰੇ ਐਸੇ ਕਾਨੂੰਨ ਪਾਸ ਕਰ ਦਿੱਤੇ ਜਿਹੜੇ ਸਾਰੀ ਸਰਜ਼ਮੀਂ ਦੇ ‘ਭੂਗੋਲਿਕ ਪਿੰਡ’ ਹੋ ਜਾਣ ਤੋਂ ਬਾਅਦ ਵੀ ਇੰਨੇ ਮੁਤਾਸਿਰ ਨਹੀਂ ਸਨ ਹੋਏ ਕਿ ਵੱਟ ਟੱਪ ਕੇ ਸ਼ਹਿਰੀ ਹੋ ਜਾਣ। ਯਕੀਨਨ ਉਹ ਜਦੀਦ ਤੇ ਸਦੀਵੀ ਵਿਚਲੀ ਤਫ਼ਰੀਕ ਸਾਥੋਂ ਬਿਹਤਰ ਜਾਣਦੇ ਹੋਣਗੇ।
ਅਕਲ-ਏ-ਕੁੱਲ ਦਾ ਦਾਅਵਾ ਕਰਦੇ ਸਾਡੇ ਸਿਰਾਂ ‘ਤੇ ਮੁਸਲੱਤ ਹਾਕਮ ਨਿੱਤ ਟੀਵੀ ਤੇ ਜਲਵਾ-ਅਫਰੋਜ਼ ਹੋ ਕੇ ਸਾਨੂੰ ਸਮਝਾਉਣ ’ਤੇ ਆਮਦਾ ਹੋ ਗਏ ਕਿ ਨਵੇਂ ਕਾਨੂੰਨ ਮਜ਼ਦੂਰਾਂ ਕਿਸਾਨਾਂ ਦੀ ਭਲਾਈ ਦਾ ਕਲਮਾ-ਏ-ਖ਼ੈਰ ਹਨ। ਰਹਿੰਦੀ ਉਮਰ ਤਕ ਪੰਜਾਬੀ ਐਸੀ ਖ਼ੁਦਾਈ ਮਦਦ ਲਈ ਹਾਕਮ ਪ੍ਰਤੀ ਅਹਿਸਾਨਮੰਦ ਰਹਿਣਗੇ ਜਿਸ 2020 ‘ਚ ਸਾਨੂੰ ਟੋਟਿਆਂ ‘ਚ ਵੰਡਿਆਂ ਨੂੰ ਇਕੱਠਿਆਂ ਕਰ ਛੱਡਿਆ।
ਗ਼ੁਫ਼ਤੋ-ਸ਼ਨੀਦ ਹਾਲੇ ਜਾਰੀ ਹੈ। ਕਦੋਂ ਬਾਜ਼ਾਬਤਾ ਕੋਈ ਸਮਝੌਤਾ ਹੋਵੇਗਾ, 2020 ਦੀ ਪੂਛ ਵਾਲੇ ਕਿਸੇ ਦਿਨ ਕੋਈ ਕਿਰਨ ਦਿੱਸੇਗੀ ਕਿ 2021 ਦਾ ਸੂਰਜ ਵੀ ਖ਼ਲਕਤ ਨੂੰ ਜਾਬਰ ਅੱਗੇ ਡਟਿਆਂ ਦੇਖੇਗਾ, ਇਸ ਬਾਰੇ ਤਮਾਮ ਸਹਾਫੀ ਅਤੇ ਮੁਸੱਨਿਫ਼ ਲਿਖ ਰਹੇ ਹਨ। ਦਿੱਲੀ ਦੇ ਬਾਰਡਰ ਤੋਂ ਨਸ਼ਰ ਹੋ ਰਹੇ ਕਾਬਲ-ਏ-ਦੀਦ ਨਜ਼ਾਰਿਆਂ ਨੇ ਸਾਡੇ ਅੰਦਰਲੀ ਯਖ਼ਬਸਤਗੀ ਖ਼ਤਮ ਕਰ ਦਿੱਤੀ ਹੈ। ਕਰੋਨਾ ਧਮਕੀ ਵਿਸਰ ਗਈ ਹੈ। ਹਰਿਆਣਾ ਤੇ ਪੰਜਾਬ ਨੇ ਘੁੱਟ ਜੱਫੀ ਪਾਈ ਹੈ। ਖ਼ਲਕਤ ਹੈ ਕਿ ਨਾ ਇਕੱਤੀਆਂ ਨੂੰ ਆਪੋ ਵਿਚ ਪਾਟਣ ਦੇਂਦੀ ਹੈ, ਨਾ ਉਗਰਾਹਾਂ ’ਕੱਲ੍ਹੇ ਨੂੰ ਭੱਜਣ ਦੇਂਦੀ ਹੈ। ਚਿਰਾਂ ਬਾਅਦ ਸ਼ਹਿਰ ਦੀ ਪਿੰਡ ਨਾਲ ਜਜ਼ਬਾਤੀ ਵਾਬਸਤਗੀ ਬਾਰੇ ਮਜ਼ਮੂਨ ਛਪ ਰਹੇ ਹਨ, ਨਵਾਂ ਸਾਲ ਖ਼ਿਆਲਾਂ ਦੇ ਜਸ਼ਨਾਂ ਦੇ ਮੌਸਮ ਵਿੱਚ ਢੁੱਕ ਰਿਹਾ ਹੈ।
ਜਿਸ ਨਜ਼ਮੋ-ਜ਼ਬਤ ਦਾ ਮੁਜ਼ਾਹਰਾ ਸੰਗਤਾਂ ਕਰ ਰਹੀਆਂ ਹਨ, ਉਸ ਵਿੱਚ ਕਿਸੇ ਵੀ ਦਸਤੋ-ਗਿਰੇਬਾਨ ਵਾਲੀ ਹਕੂਮਤੀ ਪ੍ਰੰਪਰਾ ਤੋਂ ਬਚਣਾ ਚਾਹੀਦਾ ਹੈ। ਤਾਕਤ ਦੇ ਗ਼ਰੂਰ ‘ਚ ਉਹ ਕਹਿੰਦੇ ਸਨ ਕਿ ਤੁਸੀਂ ਨਾਗਰਿਕਤਾ ਕਾਨੂੰਨ ਖ਼ਿਲਾਫ਼ ਧਰਨਾ ਨਹੀਂ ਲਾ ਸਕਦੇ, ਗਊ ਬਾਰੇ ਗੱਲ ਨਹੀਂ ਕਰ ਸਕਦੇ, ਧਾਰਾ 370 ਬਾਰੇ ਬੋਲੋਗੇ ਤਾਂ ਦੇਸ਼ਧ੍ਰੋਹੀ ਕਹਾਓਗੇ। ਇਹੀ ਵਿਆਕਰਣ ਤਾਂ ਅਸੀਂ ਬਦਲਣੀ ਹੈ। ਉਨ੍ਹਾਂ ਨੂੰ ਮੀਟਿੰਗਾਂ ਕਰਨ ਦਿਓ। ਬਾਹਰ ਜ਼ਾਬਤੇ ਵਿੱਚ ਰਹਿਣਾ, ਨਾਅਰੇ ਮਾਰਨਾ, ਕਾਲੀਆਂ ਝੰਡੀਆਂ ਦਿਖਾਉਣੀਆਂ ਸਾਡਾ ਲੋਕਤੰਤਰਿਕ ਅਧਿਕਾਰ ਹੈ।
ਅਸੀਂ ਤਾਂ ਪੂਰੇ ਮੁਲਕ ਨੂੰ ਰੋਸ, ਵਿਰੋਧ, ਅਸਹਿਮਤੀ ਦਾ ਜਨਤਕ ਮੁਜ਼ਾਹਰਾ ਕਰਨਾ ਸਿਖਾ ਰਹੇ ਹਾਂ। ਉਨ੍ਹਾਂ ਵਰਗੇ ਨਹੀਂ ਹਾਂ, ਅਸੀਂ ਤਾਂ ਲੋਕਤੰਤਰਿਕ, ਲੋਕਹਿੱਤਾਂ ਨੂੰ ਸਮਰਪਿਤ, ਜ਼ਮੀਨ ਨਾਲ ਜੁੜੇ, ਅਧਿਕਾਰ ਸੰਪੰਨ ਨਾਗਰਿਕ ਹਾਂ, ਇਹ ਪਾਠ ਪੜ੍ਹਾ ਰਹੇ ਹਾਂ। ਤਾਹੀਓਂ ਤਾਂ ਲੋਕਾਂ ਨੂੰ ਮੰਚ ਉੱਤੇ, ਸਿਆਸਤੀ ਥੱਲੇ ਬਿਠਾ ਰਹੇ ਹਾਂ।
ਜੰਗ ਉਮੀਦ ਦਾ ਸ੍ਰੋਤ ਹੁੰਦੀ ਹੈ। ਬੇਉਮੀਦੀ ਸਿਰਫ ਉਦੋਂ ਤੱਕ ਜਦ ਤੱਕ ਯੁੱਧ ਨਾ ਹੋਵੇ। 2021 ਚੜ੍ਹਦਿਆਂ ਸੰਗਤੀ ਐਲਾਨ ਕਰੋ – ਹੁਣ ਖ਼ੁਦਕੁਸ਼ੀ ਲਈ ਕੋਈ ਥਾਂ ਨਹੀਂ, ਹੁਣ ਤਾਂ ਤੁਹਾਡੀ ਜਾਨ ਘੋਲ ਨੂੰ ਚਾਹੀਦੀ ਹੈ। ਛੋਟੇ ਸਵਾਲ ਛੱਡੋ – ਇਹ ਤਾਂ ਮੋਦੀ ਸ਼ਾਹ ਸੋਚਣ ਕਿ ਤਿੰਨਾਂ ਖੇਤੀ ਕਾਨੂੰਨਾਂ ਦਾ ਕੀ ਬਣੇਗਾ, ਉਹ ਝੁਕਣਗੇ ਜਾਂ ਵਿਚਾਲੜਾ ਕੋਈ ਰਸਤਾ ਨਿਕਲੇਗਾ, ਕਿ ਅਦਾਲਤ ਹੀ ਕਿਸੇ ਧਿਰ ਨੂੰ ਰਿਜੂ ਕਰੇਗੀ? ਜਦ ਤਕ ਉਹ ਜਵਾਬ ਲੱਭਣਗੇ, ਅਸਾਂ ਸਿਲੇਬਸ ਹੀ ਬਦਲ ਦੇਣਾ ਹੈ। ਸਾਵਾਂ ਸਮਾਜ ਕਿਵੇਂ ਬਣੇ, ਵਿਕਾਸ ਦਾ ਢਾਂਚਾ ਕੀ ਹੋਵੇ, ਤਰੱਕੀ ਕਿਸ ਨੂੰ ਕਹਿਣਾ ਹੈ, ਕੁਦਰਤ ਨਾਲ ਤਵਾਜ਼ਨ ਵਾਲੀ ਖੇਤੀ ਦਾ ਨਵਾਂ ਸਰੂਪ ਕੀ ਹੋਵੇ, ਪਿੰਡ ਨਾਲ ਸ਼ਹਿਰ ਕਿਵੇਂ ਜੁੜੇ, ਸਿਆਸਤ ਦੀ ਮੁਹਾਰਨੀ ਕੀ ਹੋਵੇ। 2021 ਨੇ ਆਉਣ ਤੋਂ ਪਹਿਲਾਂ ਹੀ ਸਾਨੂੰ ਸਭਨਾਂ ਨੂੰ ਤਰੱਕੀ ਬਖਸ਼ੀ ਹੈ, ਅਸੀਂ ਆਪੇ ਤੋਂ ਉੱਠ ਗਵਾਂਢ ਵਾਲੇ, ਸਮਾਜ ਵਾਲੇ, ਗੁਰੂ ਵਾਲੇ, ਯਾਰ ਵਾਲੇ, ਦੇਸ਼ ਵਾਲੇ, ਪਿਆਰ ਵਾਲੇ ਹੋਏ ਹਾਂ। ਸੰਗਤ ਬਖਸ਼ੀ ਇਸ ਤਰੱਕੀ ਨੂੰ ਜੀ ਆਇਆਂ ਆਖੋ, ਸਾਲ ਮੁਬਾਰਕ ਹੋਵੇ।
(ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਨਵੇਂ ਸਾਲ ਲਈ ਅਹਿਦਨਾਮੇ ਘੜਣ ਵਾਲੀ ਸ਼ਹਿਰੀ ਪ੍ਰੰਪਰਾ ਦਾ ਚਿਰਾਂ ਤੋਂ ਮੁਰੀਦ ਹੁੰਦਿਆਂ 2021 ‘ਚ ਸੰਗਤ ਸੰਗ ਟਰਾਲੀ ‘ਚ ਚੜ੍ਹਨ ਤੇ ਓਹਦੇ ਹੇਠਾਂ ਸੌਣ ਦਾ ਸੁਭਾਗ ਪ੍ਰਾਪਤ ਕਰਨਾ ਵੀ ਇਸ ਵਿਚ ਸ਼ੁਮਾਰ ਕਰੀ ਬੈਠਾ ਹੈ।)