ਕੁਲਦੀਪ ਸਿੰਘ
ਚੰਡੀਗੜ੍ਹ, 25 ਮਾਰਚ
ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੀਆਂ 2280 ਆਸਾਮੀਆਂ ਭਰਨ ਸਬੰਧੀ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਚੇਅਰਮੈਨ ਰਮਨ ਬਹਿਲ ਨੇ ਅੱਜ ਇੱਥੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਦੀ ਨੀਤੀ ਤਹਿਤ ਬੋਰਡ ਵਲੋਂ ਜਲਦੀ 2280 ਆਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤੇ ਜਾਣਗੇ। ਇਸ ਭਰਤੀ ਅਧੀਨ ਜੇਲ੍ਹ ਵਿਭਾਗ ਲਈ ਵਾਰਡਰ ਅਤੇ ਮੈਟਰਨ ਦੀਆਂ 847, ਲੀਗਲ ਕਲਰਕਾਂ ਦੀਆਂ 199, ਸਿੱਖਿਆ ਵਿਭਾਗ ਵਿੱਚ 807 ਲਾਇਬਰੇਰੀਅਨਾਂ, ਉਦਯੋਗ ਤੇ ਕਾਮਰਸ ਵਿਭਾਗ ਵਿੱਚ ਉੱਚ ਉਦਯੋਗਿਕ ਉੱਨਤੀ ਅਫ਼ਸਰ ਦੀਆਂ 56 ਅਤੇ ਬਲਾਕ ਪੱਧਰ ਪ੍ਰਸਾਰ ਅਫਸਰ ਦੀਆਂ 61, ਆਬਕਾਰੀ ਤੇ ਕਰ ਨਿਰੀਖਕ ਦੀਆਂ 51, ਪੰਜਾਬ ਵੇਅਰਹਾਊਸਿੰਗ ਵਿੱਚ ਤਕਨੀਕੀ ਸਹਾਇਕ ਦੀਆਂ 120, ਸਮਾਜਿਕ ਸੁਰੱਖਿਆ ਵਿਭਾਗ ਵਿੱਚ ਸੁਪਰਵਾਈਜ਼ਰ ਦੀਆਂ 112 ਅਤੇ ਮੱਛੀ ਪਾਲਣ ਅਫਸਰ ਦੀਆਂ 27 ਆਸਾਮੀਆਂ ਸਬੰਧੀ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਵੇਗੀ। ਆਸਾਮੀਆਂ ਦੀ ਭਰਤੀ ਸਬੰਧੀ ਕੀਤੀ ਜਾਣ ਵਾਲੀ ਸਮੁੱਚੀ ਕਾਰਵਾਈ ਨੂੰ ਅੱਜ ਅਧੀਨ ਸੇਵਾਵਾਂ ਚੋਣ ਬੋਰਡ ਦੇ ਸਮੂਹ ਮੈਂਬਰਾਂ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਹੁਣ ਜਲਦ ਹੀ ਇਸ਼ਤਿਹਾਰ ਜਾਰੀ ਕਰ ਦਿੱਤੇ ਜਾਣਗੇ।