ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 27 ਦਸੰਬਰ
ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 25 ਦਸੰਬਰ ਨੂੰ ਸ਼ੁਰੂ ਸਾਲਾਨਾ ਸ਼ਹੀਦੀ ਸਭਾ ਅੱਜ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਸ਼ੁਰੂ ਹੋਏ ਨਗਰ ਕੀਰਤਨ ਦੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਪਹੁੰਚਣ ਉਪਰੰਤ ਅਰਦਾਸ ਤੋਂ ਬਾਅਦ ਸਮਾਪਤ ਹੋ ਗਈ। ਨਗਰ ਕੀਰਤਨ ਵਿਚ ਵੱਖ-ਵੱਖ ਬੈਂਡ ਬਾਜੇ, ਵੱਖ-ਵੱਖ ਸਕੂਲਾਂ-ਕਾਲਜਾਂ ਦਾ ਸਟਾਫ਼ ਅਤੇ ਵਿਦਿਆਰਥੀ, ਵੱਖ-ਵੱਖ ਗੱਤਕਾ ਪਾਰਟੀਆਂ, ਵੱਖ-ਵੱਖ ਰਾਜਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁੰਦਰ ਫੁੱਲ੍ਹਾਂ ਨਾਲ ਸਜੀ ਪਾਲਕੀ ਵਿਚ ਸ਼ਸੋਭਿਤ ਕੀਤਾ ਗਿਆ, ਜਿਸ ਦੇ ਪਿੱਛੇ ਸ਼ਰਧਾਲੂ ਨੰਗੇ ਪੈਰ ‘ਸਤਿਨਾਮ-ਵਾਹਿਗੁਰੂ’ ਦਾ ਜਾਪ ਕਰਦੇ ਹੋਏ ਚੱਲ ਰਹੇ ਸਨ, ਜਦੋਂਕਿ ਸੜਕ ਦੇ ਦੋਵੇਂ ਪਾਸੇ ਤੋਂ ਸ਼ਰਧਾਲੂ ਫੁੱਲ੍ਹਾਂ ਦੀ ਵਰਖਾ ਕਰ ਰਹੇ ਸਨ। ਇਸੇ ਦੌਰਾਨ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਦੱਸਿਆ ਕਿ 28 ਦਸੰਬਰ ਨੂੰ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਬਬਿਾਨਗੜ੍ਹ ਸਾਹਿਬ ਤੋਂ ਖ਼ਾਲਸਾਈ ਮਹੱਲਾ ਸਜਾਇਆ ਜਾਵੇਗਾ।