ਗੁਹਾਟੀ, 26 ਦਸੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਉੱਤਰ-ਪੂਰਬੀ ਖੇਤਰ ਮੁਲਕ ਦੇ ਵਿਕਾਸ ਦਾ ਇੰਜਣ ਬਣ ਕੇ ਉੱਭਰਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਉੱਤਰ-ਪੂਰਬ ਨੂੰ ਦੇਸ਼ ਦੇ ਵਿਕਾਸ ਦਾ ਕੇਂਦਰ ਬਿੰਦੂ ਮੰਨਦੇ ਹਨ ਤੇ ਪਿਛਲੇ ਛੇ ਸਾਲਾਂ ਵਿਚ 30 ਵਾਰ ਖੇਤਰ ਦਾ ਦੌਰਾ ਕੀਤਾ ਹੈ। ਹਰ ਵਾਰ ਪ੍ਰਧਾਨ ਮੰਤਰੀ ਉੱਤਰ-ਪੂਰਬ ਲਈ ਕੋਈ ਤੋਹਫ਼ਾ ਲੈ ਕੇ ਆਏ ਹਨ। ਕਈ ਪ੍ਰਾਜੈਕਟਾਂ ਦੇ ਲਾਂਚ ਸਮਾਰੋਹ ਮੌਕੇ ਬੋਲਦਿਆਂ ਸ਼ਾਹ ਨੇ ਕਿਹਾ ਕਿ ਅਸਾਮ ਮੁੱਖ ਮੰਤਰੀ ਸਰਬਨੰਦਾ ਸੋਨੋਵਾਲ ਦੀ ਅਗਵਾਈ ਹੇਠ ਸ਼ਾਂਤੀ ਤੇ ਵਿਕਾਸ ਦੇ ਪੰਧ ਉਤੇ ਪਿਆ ਹੈ। ਸ਼ਾਹ ਨੇ ਕਿਹਾ ਕਿ ਅਸਾਮ ਇਸ ਤੋਂ ਪਹਿਲਾਂ ਹਿੰਸਾ ਤੇ ਉਥਲ-ਪੁਥਲ ਲਈ ਜਾਣਿਆ ਜਾਂਦਾ ਸੀ ਪਰ ਸੋਨੋਵਾਲ ਤੇ ਵਿੱਤ ਮੰਤਰੀ ਹੇਮੰਤ ਬਿਸਵ ਸਰਮਾ ਨੇ ਰਾਜ ਦੇ ਲੋਕਾਂ ਅਤੇ ਬਾਕੀ ਮੁਲਕ ਨਾਲ ਇਸ ਖੇਤਰ ਨੂੰ ਇਕਜੁੱਟ ਕੀਤਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਵਿਰਾਸਤ ਤੇ ਰਵਾਇਤਾਂ ਦਾ ਇਸ ਵਿਚ ਅਹਿਮ ਯੋਗਦਾਨ ਹੈ। ਸ਼ਾਹ ਨੇ ਕਿਹਾ ਕਿ ਬੋਡੋਲੈਂਡ ਕੌਂਸਲ ਚੋਣਾਂ ਵਿਚ ਐਨਡੀਏ ਦੀ ਜਿੱਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੈਮੀਫਾਈਨਲ ਵਾਂਗ ਹੈ ਤੇ ਸੂਬਾਈ ਚੋਣਾਂ ਵਿਚ ਗੱਠਜੋੜ ਵੱਡਾ ਬਹੁਮਤ ਹਾਸਲ ਕਰੇਗਾ। ਗ੍ਰਹਿ ਮੰਤਰੀ ਨੇ ਕਿਹਾ ਕਿ ਸਾਰੇ ਅਤਿਵਾਦੀ ਸੰਗਠਨਾਂ ਨੇ ਰਾਜ ਵਿਚ ਸਮਰਪਣ ਕਰ ਦਿੱਤਾ ਹੈ ਤੇ ਉਹ ਮੁੱਖ ਧਾਰਾ ਵਿਚ ਪਰਤ ਆਏ ਹਨ। ਸ਼ਾਹ ਨੇ ਇਸ ਮੌਕੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਮਸਲਿਆਂ ਦਾ ਹੱਲ ਗੱਲਬਾਤ ਰਾਹੀਂ ਕੱਢਣ। -ਪੀਟੀਆਈ
ਅਰੁਣਾਚਲ: ਭਾਜਪਾ ਨੇ ਪਾਸੀਘਾਟ ਨਗਰ ਨਿਗਮ ਦੀ ਚੋਣ ਜਿੱਤੀ
ਈਟਾਨਗਰ: ਭਾਜਪਾ ਨੇ ਅਰੁਣਾਚਲ ਪ੍ਰਦੇਸ਼ ਦੀ ਪਾਸੀਘਾਟ ਨਗਰ ਨਿਗਮ ਕਾਂਗਰਸ ਤੋਂ ਖੋਹ ਲਈ ਹੈ। ਨਿਗਮ ਦੀਆਂ ਅੱਠ ਸੀਟਾਂ ਵਿਚੋਂ ਛੇ ਉਤੇ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ। ਕਾਂਗਰਸ ਨੂੰ 2013 ਦੀਆਂ ਚੋਣਾਂ ਵਿਚ ਸੱਤ ਸੀਟਾਂ ਮਿਲੀਆਂ ਸਨ ਜਦਕਿ ਇਸ ਵਾਰੇ ਕੇਵਲ ਦੋ ਵਾਰਡ ਹੀ ਹਿੱਸੇ ਆਏ ਹਨ। ਨਿਗਮ ਦੀਆਂ ਕੁੱਲ 20 ਸੀਟਾਂ ਹਨ ਜਿਨ੍ਹਾਂ ਵਿਚੋਂ ਪੰਜ ਉਤੇ ਭਾਜਪਾ ਦੇ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਹਨ।