ਅਭੀਜੀਤ ਭੱਟਾਚਾਰੀਆ
ਜੰਗਾਂ ਤੇ ਜਿੱਤਾਂ
ਬੰਗਲਾਦੇਸ਼ ਦਾ 1971 ਵਿਚ ਭਾਸ਼ਾਈ ਮੁਲਕ ਵਜੋਂ ਹੋਇਆ ਜਨਮ ਕੀ ਇਤਿਹਾਸ ਦਾ ਇਕ ਨਿਵੇਕਲਾ ਵਾਕਿਆ ਸੀ? ਜਾਂ ਕੀ ਇਹ ਇਤਿਹਾਸ ਦੀਆਂ ਅਦਿੱਖ ਅਤੇ ਬੇਰਹਿਮ ਤਾਕਤਾਂ ਕਾਰਨ ਹੋਇਆ ਸੀ? ਇਸ ਪੱਖੋਂ ‘ਆਬਾਦੀ ਦੇ ਭੂਗੋਲ’ ਨੇ ਅਹਿਮ ਰੋਲ ਨਿਭਾਇਆ ਜਿਸ ਨੂੰ ਆਮ ਕਰਕੇ ਨਜ਼ਰਅੰਦਾਜ਼ ਕੀਤਾ ਗਿਆ ਹੈ।
ਭਾਰਤ ਬੜੇ ਵਾਜਬ ਢੰਗ ਨਾਲ ਇਸ ਆਜ਼ਾਦ ਬੰਗਾਲੀ ਭਾਸ਼ੀ ਮੁਲਕ ਦੇ 1971 ਵਿਚ ਹੋਏ ਜਨਮ ਲਈ ਆਪਣੇ ‘ਸਿਆਸੀ-ਫ਼ੌਜੀ ਦਖ਼ਲ’ ਦੀ ਭੂਮਿਕਾ ਦਾ ਦਾਅਵਾ ਕਰਦਾ ਹੈ, ਹਾਲਾਂਕਿ ਕੁਝ ਹਲਕਿਆਂ ਵਿਚ ਇਹ ਤੌਖ਼ਲੇ ਤੇ ਚਿੰਤਾਵਾਂ ਜ਼ਾਹਰ ਕੀਤੀਆਂ ਜਾਂਦੀਆਂ ਹਨ ਕਿ ਭਾਰਤ ਦੇ ਸਰਹੱਦੀ ਇਲਾਕੇ ਚੀਨ ਦੀ ਸਹਾਇਤਾ ਅਤੇ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅਨਸਰਾਂ ਵੱਲੋਂ ਪੈਦਾ ਕੀਤੀ ਜਾਣ ਵਾਲੀ ਗੜਬੜ ਦਾ ਸ਼ਿਕਾਰ ਹੋ ਸਕਦੇ ਹਨ। ਇਸ ਲਈ ਜੇ ਕੋਈ ਸਮੁੱਚੇ ਤੌਰ ’ਤੇ ਇਕ ਭੂਗੋਲਿਕ ਖ਼ਿੱਤੇ ਬੰਗਾਲ ਦੀ ਅਤਿਵਿਆਪੀ ਭੌਤਿਕ ਰੂਪ-ਰੇਖਾ ਦਾ ਮੁਲਾਂਕਣ ਕਰਦਾ ਹੈ ਤਾਂ ਪ੍ਰਭੂਤਾ ਸੰਪੰਨ ਬੰਗਲਾਦੇਸ਼ ਦੇ 49 ਸਾਲ ਪੂਰੇ ਹੋਣੇ ਬਹੁਤ ਹੀ ਸ਼ਲਾਘਾਯੋਗ ਗੱਲ ਹੈ। ਪੂਰਬ ਦੇ ਭੂਗੋਲ ਦਾ ਸਮੁੱਚੇ ਰੂਪ ਵਿਚ ਸੰਖੇਪ ਵਰਨਣ ਢਾਕਾ ਯੂਨੀਵਰਸਿਟੀ ਦੇ ਨਾਮੀ ਇਤਿਹਾਸਕਾਰ ਡਾ. ਸੁਧਿੰਦਰ ਨਾਥ ਭੱਟਾਚਾਰੀਆ ਨੇ ਆਪਣੀ ਕਿਤਾਬ ‘ਹਿਸਟਰੀ ਆਫ਼ ਬੰਗਾਲ’ (ਬੰਗਾਲ ਦਾ ਇਤਿਹਾਸ) ਵਿਚ ਕੀਤਾ ਹੈ। ਇਸ ਵਿਚ ਮੁਗ਼ਲਾਂ ਨੂੰ ਬੰਗਾਲ ਨੂੰ ਨੱਥ ਪਾਉਣ ਪੱਖੋਂ ਪੇਸ਼ ਆਈਆਂ ਮੁਸ਼ਕਲਾਂ ਦਾ ਜ਼ਿਕਰ ਇੰਝ ਹੈ: ‘‘ਇਸ ਖ਼ਿੱਤੇ ਦੀ ਖ਼ਾਸ ਤਰ੍ਹਾਂ ਦੀ ਬਣਤਰ ਅਤੇ ਇਸ ਦੇ ਨਿਵੇਕਲੇ ਭੂਗੋਲ ਕਾਰਨ ਪੈਦਾ ਹੋਏ ਬਹੁਤ ਔਖੇ ਹਾਲਾਤ ਕਰਕੇ (ਮੁਗ਼ਲਾਂ ਵੱਲੋਂ ਬੰਗਾਲ ਨੂੰ) ਜਿੱਤਣ ਅਤੇ ਇਕਮੁੱਠ ਕਰਨ ਦਾ ਕਾਰਜ ਬਹੁਤ ਗੁੰਝਲ਼ਦਾਰ ਬਣਿਆ ਰਿਹਾ। ਬੰਗਾਲ ਦੇ ਬਹੁਤ ਸਾਰੇ ਦਰਿਆਵਾਂ, ਨਦੀਆਂ, ਨਾਲਿਆਂ, ਢਲਾਣਾਂ, ਦਲਦਲਾਂ, ਨਮ ਤੇ ਸਿੱਲ੍ਹੀ ਹਵਾ ਅਤੇ ਲੰਬਾ ਸਮਾਂ ਭਾਵ ਕਰੀਬ ਅੱਧਾ ਸਾਲ ਚੱਲਣ ਵਾਲੀ ਬਰਸਾਤ, ਅਜੀਬੋ-ਗਰੀਬ ਬਨਸਪਤੀ, ਜੌਆਂ ਤੇ ਕਣਕ ਦੀ ਅਣਹੋਂਦ, ਨਿਵੇਕਲੀ ਭਾਸ਼ਾ ਜਿਹੜੀ ਉਰਦੂ ਜਾਂ ਹਿੰਦੀ ਨਾਲ ਬਿਲਕੁਲ ਨਹੀਂ ਸੀ ਮਿਲਦੀ – ਆਦਿ ਨੇ ਬੰਗਾਲ ਨੂੰ ਮੁਗ਼ਲਾਂ ਲਈ ਬਹੁਤ ਹੀ ਨਾਪਸੰਦੀ ਵਾਲਾ ਬਣਾ ਦਿੱਤਾ।’’ ਕੀ ਪਾਕਿਸਤਾਨੀ ਫ਼ੌਜ ਨੇ 1971 ਵਿਚ ਮੁਗ਼ਲ ਇਤਿਹਾਸ ਨੂੰ ਹੀ ਦੁਹਰਾਇਆ? ‘ਪੂਰਬ ਦੇ ਸਿਆਹਫਾਮਾਂ’, ਜਿਵੇਂ ਕਿ ਇਸ ਫ਼ੌਜ ਵੱਲੋਂ ਬੰਗਾਲੀਆਂ ਨੂੰ ਆਮ ਹੀ ਆਖਿਆ ਜਾਂਦਾ ਸੀ, ਖ਼ਿਲਾਫ਼ ਤਾਕਤ ਦੀ ਅੰਨ੍ਹੀ ਵਰਤੋਂ ਅਤੇ ਜਾਂਗਲੀਪੁਣੇ ਦੇ ਬਾਵਜੂਦ ਅਜਿਹਾ ਹੋਇਆ।
ਇਸ ਦੇ ਬਾਵਜੂਦ ਪਾਕਿਸਤਾਨੀ ਫ਼ੌਜਾਂ ਲਈ ਇਹ ‘ਪੂਰਬ ਦੇ ਸਿਆਹਫਾਮ ਲੋਕ’ ਹੀ ਇਕੋ-ਇਕ ਰੁਕਾਵਟ ਨਹੀਂ ਸਨ। ਕੁਝ ਹੋਰ ਇਸ ਤੋਂ ਵਧੇਰੇ ਡੂੰਘੀਆਂ ਜੜ੍ਹਾਂ ਵਾਲੇ ਅੜਿੱਕੇ ਵੀ ਸਨ। ਬੰਗਾਲ ਦੇ ਪੂਰਬੀ ਭੂ-ਭਾਗ ਅਤੇ ਦੱਖਣੀ ਏਸ਼ੀਆ ਦੀ ਗ਼ੈਰ-ਪੂਰਬੀ ਨਕਸ਼ਾਸਾਜ਼ੀ ਦਰਮਿਆਨ ਆਬਾਦੀ ਦੀ ਸੱਭਿਅਤਾ ਅਤੇ ਸੱਭਿਆਤਮਕ ਪ੍ਰਕਿਰਿਆ ਪੱਖੋਂ ਭੂ-ਰੂਪਵਿਗਿਆਨ ਅਤੇ ਇਲਾਕੇ ਦੀ ਬਣਤਰ ਸਭ ਤੋਂ ਵੱਡੀ ਅਸਮਾਨਤਾ ਪੈਦਾ ਕਰਦੇ ਹਨ। ਜਿਵੇਂ ਕਿ ਡਾ. ਨਿਹਾਰ ਰੰਜਨ ਰੇਅ ਵੱਲੋਂ ਆਪਣੀ ਨਵੀਆਂ ਲੀਹਾਂ ਪਾਉਣ ਵਾਲੀ 1950 ਦੀ ਕਿਤਾਬ ‘ਹਿਸਟਰੀ ਆਫ਼ ਬੈਂਗੌਲੀ ਪੀਪਲ’ (ਬੰਗਾਲੀ ਲੋਕਾਂ ਦਾ ਇਤਿਹਾਸ) ਵਿਚ ਕੀਤੇ ਗਏ ਲਾਸਾਨੀ ਖੋਜ ਕਾਰਜ ਤੋਂ ਸਾਹਮਣੇ ਆਉਂਦਾ ਹੈ।
ਜਿਵੇਂ ਕਿ ਯੂਆਨ ਚੁਆਂਗ ਨੇ ਕਿਹਾ ਹੈ: ‘‘ਪੁੰਡਰਵਰਧਨ (ਬ੍ਰਹਮਪੁੱਤਰ ਦਰਿਆ ਦਾ ਦੱਖਣੀ ਤੇ ਬੰਗਾਲ ਦਾ ਕੇਂਦਰੀ ਇਲਾਕਾ) ਦੇ ਲੋਕ ਬੜੇ ਸਿੱਧੇ-ਸਾਦੇ, ਇਮਾਨਦਾਰ ਅਤੇ ਸੱਭਿਆਚਾਰ ਤੇ ਗਿਆਨ ਪ੍ਰਤੀ ਬਹੁਤ ਸਤਿਕਾਰ ਰੱਖਣ ਵਾਲੇ ਸਨ… ਤਾਮਰਾਲਿਪਤੀ (ਸਾਹਿਲੀ ਸ਼ਹਿਰ ਤਾਮਲੁਕ) ਦੇ ਲੋਕ ਦਲੇਰ, ਉੱਦਮੀ, ਗਿਆਨ-ਇਲਮ ਦੇ ਚਾਹਵਾਨ ਪਰ ਆਪਣੇ ਢੰਗ-ਤਰੀਕਿਆਂ ਪੱਖੋਂ ਰੁੱਖੇਪਣ ਵਾਲੇ ਸਨ। ਸਮਾਤਾਤਾ (ਸਾਹਿਲੀ ਇਲਾਕਾ) ਦੇ ਲੋਕ ਮਿਹਨਤੀ ਸਨ ਜਦੋਂਕਿ ਕਰਨਾਸੁਵਰਨਾ (ਕੇਂਦਰੀ ਬੰਗਾਲ) ਦੇ ਲੋਕ ਸੁੱਘੜ-ਸਿਆਣੇ, ਵਧੀਆ ਕਿਰਦਾਰ ਵਾਲੇ ਸਨ ਜਿਹੜੇ ਵਿਦਵਤਾ ਨੂੰ ਬਹੁਤ ਹੁਲਾਰਾ ਦਿੰਦੇ ਸਨ।’’
ਦੂਜੇ ਪਾਸੇ ਭਾਸ਼ਾਈ ਮੋਰਚੇ ਉੱਤੇ ਚੀਜ਼ਾਂ ਜ਼ਿਆਦਾ ਆਸ਼ਾਵਾਦੀ ਦਿਖਾਈ ਨਹੀਂ ਦਿੰਦੀਆਂ। ਬੋਧਾਯਨ ਧਰਮਸੂਤਰ ਕੋਲ ਬੰਗਾਲੀ ਬਾਰੇ ਦੱਸਣ ਲਈ ਕੁਝ ਵਧੀਆ ਨਹੀਂ ਸੀ। ਇਸ ਮੁਤਾਬਿਕ: ‘‘ਵੰਗ (Vanga ਭਾਵ ਬੰਗਾਲ) ਤੋਂ (ਭਾਰਤ ਦੇ) ਕੇਂਦਰੀ ਖ਼ਿੱਤੇ ਜਾਂ ਆਰਿਆਵਰਤ ਵਿਚ ਵਾਪਸੀ ਉੱਤੇ ਪ੍ਰਾਸ਼ਚਿਤ/ਸ਼ੁੱਧੀ ਕਰਨੀ ਜ਼ਰੂਰੀ ਸੀ’’ ਕਿਉਂਕਿ ‘‘ਵੰਗ ਇਕ ਵਹਿਸ਼ੀ ਇਲਾਕਾ ਸੀ ਅਤੇ ਉੱਥੋਂ ਦੇ ਲੋਕ ਨੀਚ ਮੂਲ (low origin) ਵਾਲੇ ਸਨ।’’ (ਕੀ ਇਸ ਵਿਚ ਅਣਵੰਡੇ ਪਾਕਿਸਤਾਨ ਦੀ ਫ਼ੌਜ ਦੇ ਵਿਚਾਰਾਂ ਨਾਲ ਕੋਈ ਰਹੱਸਮਈ ਸਮਾਨਤਾ ਹੈ?)। ਇਸ ਦੇ ਉਲਟ ਵਿਚਾਰ ਵੀ ਆਪਣੇ ਆਪ ਬੋਲਦੇ ਹਨ। ਬੰਗਾਲ ਤੇ ਆਰਿਆਵਰਤ ਦਾ ਕੁਦਰਤੀ ਬਣਤਰ ਪੱਖੋਂ ਅੰਤਰਵਿਰੋਧ ਅਤੇ ਟਕਰਾਅ: ‘‘ਆਰਿਆਈ ਭਾਸ਼ਾ ਅਤੇ ਸੱਭਿਆਚਾਰ ਦਾ ਗੌੜ (ਕੇਂਦਰੀ ਬੰਗਾਲ), ਪੁੰਡਰਵਰਧਨ ਅਤੇ ਵੰਗ ਇਲਾਕਿਆਂ ਦੇ ਗ਼ੈਰ-ਆਰਿਆਈ ਜਾਂ ਪੂਰਵ-ਆਰਿਆਈ ਲੋਕਾਂ ਦੀ ਭਾਸ਼ਾ, ਰੀਤੀ-ਰਿਵਾਜਾਂ ਜਾਂ ਸੱਭਿਆਚਾਰ ਪ੍ਰਤੀ ਨਾ ਕੋਈ ਸਮਝ ਸੀ ਤੇ ਨਾ ਕੋਈ ਸਤਿਕਾਰ ਸੀ।’’
ਬੰਗਾਲ ਦਾ ਭੂਗੋਲਿਕ ਨਿਆਰਾਪਣ ਭੁੱਲੀ-ਵਿਸਰੀ ਹਕੀਕਤ ਹੈ। ਇਹ ਵੀ ਜ਼ਰੂਰੀ ਨਹੀਂ ਕਿ ਕਿਸੇ ਮੁਲਕ ਦੀਆਂ ਸਿਆਸੀ ਸਰਹੱਦਾਂ ਤੇ ਕੁਦਰਤੀ ਭੂਗੋਲਿਕ ਹੱਦਾਂ ਇਕ-ਸਮਾਨ ਹੋਣ, ਭਾਵੇਂ ਕਿ ਇਸ ਵਿਚ ਇਕੋ ਭਾਸ਼ਾਈ ਤੇ ਨਸਲੀ ਭਾਈਚਾਰਾ ਹੀ ਵੱਸਦਾ ਹੋਵੇ। ਇਸ ਲਈ ਬੰਗਾਲ ਦੀ ਜ਼ਰਖ਼ੇਜ਼ ਜ਼ਮੀਨ ਆਮ ਕਰਕੇ ਉਨ੍ਹਾਂ ਲੋਕਾਂ ਨੂੰ ਬਿਹਤਰ ਰੋਜ਼ੀ-ਰੋਟੀ ਲਈ ਆਪਣੇ ਵੱਲ ਖਿੱਚਦੀ ਰਹੀ ਜਿਹੜੇ ਮੁਕਾਬਲਤਨ ਬੰਜਰ ਜਾਂ ਘੱਟ ਉਪਜਾਊ ਜ਼ਮੀਨਾਂ ਵਾਲੇ ਇਲਾਕਿਆਂ ਦੇ ਰਹਿਣ ਵਾਲੇ ਸਨ।
ਪੂਰਬ ਦਾ ਇਕ ਹੋਰ ਅਹਿਮ ਪੱਖ ਭਾਸ਼ਾ, ਸਾਹਿਤ ਅਤੇ ਗਿਆਨ ਨਾਲ ਜੁੜਿਆ ਹੈ ਜੋ ਰਵਾਇਤੀ ਤੌਰ ’ਤੇ ਬੰਗਾਲ ਦੀ ਆਬਾਦੀ ਦੇ ਸਭ ਤੋਂ ਮਜ਼ਬੂਤ ਪੱਖ ਹਨ। ਇਹ ਠੀਕ ਹੈ ਕਿ ਪ੍ਰਾਚੀਨ ਭਾਰਤ ਦੇ ਗਿਆਨ ਬਾਰੇ ਸਭ ਜਾਣਦੇ ਹਨ ਕਿ ਇਹ ਵੇਦਾਂ, ਬ੍ਰਾਹਮਣ ਗ੍ਰੰਥਾਂ (Brahmanas) (ਬ੍ਰਾਹਮਣ ਗ੍ਰੰਥ ਭਾਵ ਵੇਦਾਂ ਦਾ ਵਾਰਤਕ ਵਿਚ ਵਿਆਖਿਆ ਵਾਲਾ ਹਿੱਸਾ) ਅਤੇ ਉਪਨਿਸ਼ਦਾਂ ਤੋਂ ਸ਼ੁਰੂ ਹੋਇਆ। ਡਾ. ਨਿਹਾਰ ਰੰਜਨ ਰੇਅ ਮੁਤਾਬਿਕ, ‘‘ਵੇਦਾਂ, ਬ੍ਰਾਹਮਣ ਗ੍ਰੰਥਾਂ ਅਤੇ ਉਪਨਿਸ਼ਦਾਂ ਵਿਚਲੇ ਗਿਆਨ ਤੇ ਵਿਦਵਤਾ ਅਤੇ ਇੱਥੋਂ ਤੱਕ ਕਿ ਧਰਮ ਸ਼ਾਸਤਰਾਂ ਤੇ ਧਰਮ ਸੂਤਰਾਂ ਦਾ ਕਾਫ਼ੀ ਲੰਬੇ ਸਮੇਂ ਤੱਕ ਬੰਗਾਲ ਉੱਤੇ ਕੋਈ ਅਸਰ ਨਹੀਂ ਸੀ ਪਿਆ।’’
ਇੰਨਾ ਹੀ ਨਹੀਂ, ਬੰਗਾਲੀ ਭਾਸ਼ਾ ਦਾ ਇਕ ਹੋਰ ਖ਼ਾਸ ਸੁਭਾਅ ਵੀ ਹੈ: ਉਹ ਹੈ ਇਸ ਦੀ ਮੋਨ-ਖਮੇਰ ਅਤੇ ਕੋਲਾ-ਮੁੰਡਾ ਸਮੂਹ ਦੀਆਂ ਭਾਸ਼ਾਵਾਂ ਆਦਿ ਦੇ ਸ਼ਬਦਾਂ ਅਤੇ ਇਨ੍ਹਾਂ ਦੀ ਵਰਤੋਂ ਨੂੰ ਅਪਣਾਉਣ/ਸਵੀਕਾਰ ਕਰਨ ਦਾ ਲਚਕੀਲਾਪਣ। ਇਨ੍ਹਾਂ ਵਿਚੋਂ ਕੋਲਾ-ਮੁੰਡਾ ਭਾਸ਼ਾਵਾਂ ਨੂੰ ਜਿੱਥੇ ਦ੍ਰਾਵੜੀਅਨ ਪਰਿਵਾਰ ਦੀਆਂ ਭਾਸ਼ਾਵਾਂ ਦਾ ਗਰੁੱਪ ਲੈ ਕੇ ਆਇਆ, ਉੱਥੇ ਮੋਨ-ਖਮੇਰ ਭਾਸ਼ਾਵਾਂ ਦਾ ਪ੍ਰਭਾਵ ਤਿੱਬਤੀ-ਬਰਮੀ ਲੋਕਾਂ ਰਾਹੀਂ ਆਇਆ। ਬੰਗਾਲ ਵਿਚ ਇਨ੍ਹਾਂ ਵੱਖੋ-ਵੱਖਰੀਆਂ ਭਾਸ਼ਾਵਾਂ ਦੀ ਆਮਦ, ਇਨ੍ਹਾਂ ਨੂੰ ਅਪਣਾਏ ਜਾਣ ਤੇ ਆਮ ਬੋਲ-ਚਾਲ ਵਿਚ ਸ਼ਾਮਲ ਹੋਣ ਦਾ ਅਮਲ ਈਸਾ ਤੋਂ ਕਈ ਸਦੀਆਂ ਪਹਿਲਾਂ ਸ਼ੁਰੂ ਹੋਇਆ ਜਿਸ ਦਾ ਸਿੱਟਾ ਅੱਜ ਅਸੀਂ ਸੰਸਾਰ ਦੇ 32 ਕਰੋੜ ਲੋਕਾਂ ਦੀ ਇਸ ਅਮੀਰ ਅਤੇ ਸਿੱਖਣ ਤੇ ਸਮਝਣ ਲਈ ਬਹੁਤ ਹੀ ਆਸਾਨ ਆਮ ਬੋਲਚਾਲ ਦੀ ਭਾਸ਼ਾ (ਬੰਗਾਲੀ) ਵਜੋਂ ਦੇਖਦੇ ਹਾਂ। ਇਸੇ ਤਰ੍ਹਾਂ ਅੱਜ ਅਸੀਂ ਜਿਨ੍ਹਾਂ ਲੋਕਾਂ ਨੂੰ ਬੰਗਾਲੀ ਭਾਈਚਾਰੇ ਵਜੋਂ ਦੇਖਦੇ ਹਾਂ, ਇਹ ਕੋਈ ਇਕ ਨਹੀਂ ਸਗੋਂ ਵੱਖੋ-ਵੱਖ ਨਸਲੀ ਗਰੁੱਪਾਂ ਦਾ ਸਮੂਹ ਹੈ ਅਤੇ ਇਨ੍ਹਾਂ ਦੀ ਸਾਂਝ ਦਾ ਆਧਾਰ ਤੇ ਸਭ ਤੋਂ ਮਜ਼ਬੂਤ ਬੰਧਨ ਇਨ੍ਹਾਂ ਦੀ ਬੰਗਾਲੀ ਭਾਸ਼ਾ ਹੈ।
ਅਫ਼ਸੋਸ ਦੀ ਗੱਲ ਹੈ ਕਿ ਇਸ ਖਿੱਤੇ ਦੀਆਂ ਇਤਿਹਾਸਕ ਚੁਣੌਤੀਆਂ ਅਤੇ ਨਾਲ ਹੀ ਬੰਗਾਲੀ ਭਾਸ਼ੀ ਲੋਕਾਂ ਦੀ ਸੰਵੇਦਨਸ਼ੀਲਤਾ ਤੇ ਦ੍ਰਿੜ੍ਹਤਾ ਦੀ ਡੂੰਘਾਈ, ਸਿਰਫ਼ ਬੰਦੂਕ ਦੀ ਭਾਸ਼ਾ ਬੋਲਣ ਵਾਲੇ ਪਾਕਿਸਤਾਨੀ ਫ਼ੌਜੀ ਹਾਕਮਾਂ ਦੀ ਸਮਝ ਤੋਂ ਬਾਹਰ ਦੀ ਗੱਲ ਸੀ। ਇਸ ਲਈ ਜਦੋਂ ਪਾਕਿਸਤਾਨੀ ਫ਼ੌਜ ਦੀ ਪੂਰਬੀ ਕਮਾਂਡ ਦੇ ਸਾਬਕਾ ਮੁਖੀ ਲੈਫ਼ਟੀਨੈਂਟ ਜਨਰਲ ਏ.ਏ.ਕੇ. ਨਿਆਜ਼ੀ ਨੇ ਆਪਣੀ 1998 ਦੀ ਕਿਤਾਬ ‘ਬਿਟ੍ਰੇਅਲ ਆਫ਼ ਈਸਟ ਪਾਕਿਸਤਾਨ’ (ਪੂਰਬੀ ਪਾਕਿਸਤਾਨ ਦਾ ਵਿਸਾਹਘਾਤ) ਵਿਚ ਲਿਖਿਆ ਕਿ ‘‘ਬੰਗਾਲੀਆਂ ਦਾ ਮੇਰੀ ਬਹੁਤ ਹੀ ਬਾਜ਼ਾਬਤਾ ਅਤੇ ਤਕਰਬੇਕਾਰ ਫ਼ੌਜ ਅੱਗੇ ਟਿਕਣ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ’’ ਤਾਂ ਇਸ ਤੋਂ ਇਕ ਹਾਰੇ ਹੋਏ ਫ਼ੌਜੀ ਜਰਨੈਲ ਦੀ ਹਾਰ ਦੇ ਬਾਵਜੂਦ ਕਾਇਮ ਤੇ ਬੜੀ ਮਜ਼ਬੂਤ ਆਕੜ ਅਤੇ ਨਾਸਮਝੀ ਦਾ ਪਤਾ ਲੱਗਦਾ ਹੈ। ਸਾਫ਼ ਹੈ ਕਿ ਇਕ ਫ਼ੌਜੀ ਜੁੰਡਲੀ ਦੀ ਸਮਝਦਾਰੀ ਦੀ ਕਮੀ ਨੇ ਐਡੀ ਭਿਆਨਕ ਜੰਗ ਕਰਵਾ ਦਿੱਤੀ। ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਬੰਗਾਲੀ-ਭਾਸ਼ੀ ਜਨਸਮੂਹ ਦਾ ਇਤਿਹਾਸ ਬੜਾ ਸ਼ਾਨਾਂਮੱਤਾ ਹੈ ਜਿਸ ਨੇ ਪਾਕਿਸਤਾਨੀ ਫ਼ੌਜ ਨੂੰ ਇਸ ਦੇ ਸਾਬਕਾ ਪੂਰਬੀ ਵਿੰਗ ਦੇ ਸਾਹਮਣੇ ਬੌਣਾ ਬਣਾ ਦਿੱਤਾ। ਆਜ਼ਾਦ ਬੰਗਲਾਦੇਸ਼ ਨੇ ਸੱਚਮੁੱਚ ਦੱਖਣੀ ਏਸ਼ੀਆ ਦੇ ਇਤਿਹਾਸ ਵਿਚ ਇਕ ਸੁਨਹਿਰਾ ਅਧਿਆਏ ਜੋੜਿਆ ਹੈ। ਇਸ ਤਰ੍ਹਾਂ 1950ਵਿਆਂ ਦੀ ਕਰਾਚੀ-ਢਾਕਾ ਧੁਰੀ ਦਾ 2020ਵਿਆਂ ਵਿਚ ਦਿੱਲੀ-ਢਾਕਾ ਦੀ ਦੋਸਤੀ ਵਿਚ ਬਦਲ ਜਾਣਾ, ਘੱਟੋ-ਘੱਟ ਹਾਲ ਦੀ ਘੜੀ, ਬਹੁਤ ਪ੍ਰਭਾਵਸ਼ਾਲੀ ਜਾਪਦਾ ਹੈ।
ਬੜ੍ਹਕ ਮਾਰ, ਐ ਆਜ਼ਾਦੀ !
ਮੈਂ ਉਸ ਬਸੰਤ ਰੁੱਤ ਦਾ ਕੀ ਕਰਾਂ
ਜਦ ਮੈਂ ਸਿਰਫ਼ ਕੋਇਲ ਨੂੰ ਕੁਰਲਾਉਂਦਿਆਂ ਸੁਣ ਸਕਦਾਂ
ਖਿੜ ਰਹੇ ਫੁੱਲ ਨਹੀਂ ਦਿਸਦੇ
ਮੈਂ ਉਸ ਬਾਗ਼ ਦਾ ਕੀ ਕਰਾਂ
ਜਿੱਥੇ ਪੰਛੀ ਨਹੀਂ ਆਉਂਦੇ
ਇਹ ਧਰਤੀ ਏਨੀ ਰੱਕੜ ਕਿਉਂ ਹੈ
ਏਥੇ ਦਰਖ਼ਤਾਂ ਦੇ ਪਿੰਜਰ ਹੀ ਪਿੰਜਰ ਨੇ
ਵੀਰਾਨੇ ’ਚ ਇਕੱਠੇ ਰਹਿ ਗਏ ਪ੍ਰੇਤਾਂ ਵਾਂਗ
ਮੈਂ ਉਸ ਪਿਆਰ ਦਾ ਕੀ ਕਰਾਂ
ਜਿਸਨੇ ਮੈਨੂੰ ਸੂਲ੍ਹਾਂ ’ਤੇ ਬਿਠਾ ਰੱਖਿਐ
ਜਿਸਨੇ ਮੇਰੇ ਹੱਥਾਂ ’ਚ ਜ਼ਹਿਰ ਦਾ ਪਿਆਲਾ ਦੇ ਦਿੱਤੈ
ਉਸ ਰਾਹ ਦਾ ਕੀ ਮਤਲਬ
ਜਿਸ ’ਤੇ ਕੋਈ ਨਹੀਂ ਤੁਰਦਾ
ਜਿਸ ’ਤੇ ਰੰਗ ਬਿਰੰਗੀਆਂ ਕੁਲਫ਼ੀਆਂ ਵਾਲੇ
ਜਾਂ ਸ਼ਹਿਰਾਂ ਨੂੰ ਭਰ ਦੇਣ ਵਾਲੇ ਜਲੂਸ ਨਹੀਂ ਆਉਂਦੇ
ਜਦ ਸਰਮਾਏਦਾਰੀ ਦੇ ਕਾਲੇ ਜਾਦੂ ਨੇ
ਤੁਹਾਡੇ ਕੰਨਾਂ ਤੋਂ ਸੁਣਨ ਦੀ ਤਾਕਤ ਖੋਹ ਲਈ ਹੋਵੇ
ਜਦ ਲੋਕ ਗੀਤ ਗਾ ਰਹੇ ਹੋਣ
ਤਾਂ ਤੁਸੀਂ ਵਹਿਸ਼ੀ/ ਹੈਂਸਿਆਰੇ ਬਾਜ ਦੇ ਪੰਜਿਆਂ ਹੇਠ
ਫਸੇ ਹੋਏ ਹੁੰਦੇ ਹੋ
ਤੁਸੀਂ ਉਸ ਰਾਹ ’ਤੇ ਨਹੀਂ ਤੁਰ ਸਕਦੇ
ਜਿਸ ’ਤੇ ਸਤਰੰਗੀ ਪੀਂਘ ਵਿਛੀ ਹੋਈ ਹੋਵੇ
ਓ ਮੇਰੀ ਪਿਆਰੀ! ਤੇਰੇ ਬਿਨ ਕੱਲਿਆਂ ਤੁਰਦੇ ਰਹਿਣਾ
ਕਿੰਨਾ ਔਖਾ ਏ
ਇਕ ਭਿਆਨਕ ਦੈਂਤ
ਚਾਰ ਚੁਫ਼ੇਰੇ ਹਨੇਰੇ ਪ੍ਰਛਾਵੇਂ ਪਾਉਂਦਾ ਆ ਰਿਹੈ
ਇਕ ਪਲ ਵਿਚ
ਉਸ ਨਵੀਂ ਬਣ ਰਹੀ ਸਭਿਅਤਾ ਨੂੰ
ਅੱਡੀ ਹੇਠਾਂ ਕੁਚਲ ਦਿੰਦੈ
ਕਮਲਾਂ ਤੇ ਗੁਲਾਬਾਂ ਦੇ ਖਿੜਨ ਨੂੰ
ਗ਼ੈਰਕਾਨੂੰਨੀ ਕਰਾਰ ਦਿੰਦੈ
ਉਹ ਬਗ਼ੈਰ ਰੌਲਾ ਪਾਇਆਂ ਮੇਰੀ ਕਵਿਤਾ ’ਤੇ
ਸਤਰ ਦਰ ਸਤਰ
ਪਾਬੰਦੀ ਲਾ ਦਿੰਦੈ
ਉਹ ਤੁਹਾਡਾ ਸਾਹ ਲੈਣਾ ਬੰਦ ਕਰ ਦਿੰਦੈ
ਉਹ ਤੁਹਾਡੇ ਵਾਲਾਂ ਦੀ ਖੁਸ਼ਬੂ ਖੋਹ ਲੈਂਦੈ
ਬੁੱਢੀ ਹੋ ਗਈ ਇਕੱਲੀ… ਤੇ
ਬੈਠੀ ਹੋਈ ਜਵਾਨ ਕੁੜੀ
ਖ਼ੁਸ਼ੀ ਭਰੇ ਦਿਨਾਂ ਦਾ ਇੰਤਜ਼ਾਰ ਕਰ ਰਹੀ ਹੈ
ਨੈਲਸਨ ਮੰਡੇਲਾ ਦੇ ਸਲਾਖਾਂ ਪਿੱਛੇ ਬਿਤਾਏ
ਲੰਬੇ ਤੇ ਦਿਨਾਂ ਤੇ ਰਾਤਾਂ ਵਾਂਗ
ਮੈਂ ਨੂਰ ਹੁਸੈਨ ਦੀ ਸ਼ਹਾਦਤ
ਨੂੰ ਯਾਦ ਕਰਦਾਂ
ਐ ਆਜ਼ਾਦੀ, ਆਪਣਾ ਸਿਰ ਸੂਰਮੇ ਵਾਂਗ ਉੱਚਾ ਕਰ
ਅੰਬਰ ਦਾ ਸੀਨਾ ਪਾੜਦੀ ਆਵਾਜ਼ ਨਾਲ
ਆਪਣੀ ਵੀਣੀਆਂ ’ਤੇ ਬੱਝੀਆਂ ਜੰਜ਼ੀਰਾਂ ਤੋੜ ਦੇ
ਐ ਆਜ਼ਾਦੀ, ਬੱਬਰ ਸ਼ੇਰ ਵਾਂਗ ਬੜ੍ਹਕ ਮਾਰ, ਆਪਣੀ ਪੂਰੀ ਤਾਕਤ ਨਾਲ
ਸ਼ਮਸੁਰ ਰਹਿਮਾਨ, ਬੰਗਲਾਦੇਸ਼ ਦੀ ਆਜ਼ਾਦੀ ਦਾ ਕਵੀ
ਸ਼ੋਨਾਰ ਬੰਗਲਾ
ਰੁੰਨੀ ਅੱਖ ਜਹਾਨ ਦੀ ਵੇਖ ਮੇਰੀ ਤਕਦੀਰ
ਸਾਲੂ ਤੰਦੋ ਤੰਦ ਵੇ ਮੇਰੀ ਚੁੰਨੀ ਲੀਰੋ ਲੀਰ
ਨ੍ਹੇਰੀ ਝੁੱਲੀ ਕਹਿਰ ਦੀ ਵਗੀ ਜ਼ਬਰ ਦੀ ਵਾ
ਪਲੇ ਪਲੇ ਰੋਂਵਦਾ ਜੀਊੜਾ ਤੱਤੀ ਦਾ
ਵਰ੍ਹੇ ਹਜ਼ਾਰਾਂ ਉਮਰ ਦੇ ਹਉਕੇ ਹਾੜੇ ਨੀਰ
ਲੁੱਟਣ ਆਉਂਦੇ ਧਰਤ ਨੂੰ ਕਾਈ ਡਾਕੂ ਨਦੀਆਂ ਚੀਰ
ਪਰ ਪੰਝੀ ਵਰ੍ਹੇ ਉਮਰ ਦੇ ਬੀਤੀ ਕੌਣ ਕਰੇ
ਅੰਗਿਆਰ ਪੈਰਾਂ ਹੇਠ ਨੇ ਸਿਰ ’ਤੇ ਅੱਗ ਬਲੇ
ਚੁੱਪ ਨਜ਼ਰੁਲ ਦੇ ਹੋਠ ਵੇ, ਸੁੱਤਾ ਪਿਆ ਠਾਕੋਰ
ਸਿਰ ਦਾ ਸਾਈਂ ਕੌਣ ਵੇ, ਮੇਰਾ ਕਿਹੜਾ ਦਰਦੀ ਹੋਰ
ਕਿੱਥੇ ਤੀਤੂ ਮੀਰ ਅੱਜ, ਕਿੱਥੇ ਸ਼ਾਹ ਸਰਾਜ
ਸੁਣਸੀ ਕਿਹੜਾ ਆਣ ਕੇ ਅੱਜ ਤੱਤੀ ਦੀ ’ਵਾਜ
ਵੰਡਿਆ ਮੈਨੂੰ ਵੈਰੀਆਂ, ਬਾਂਹਵਾਂ ਵਖੋ ਵੱਖ
ਹਿੱਕ ਉਥੇ ਮੈਂਡੀ ਅੱਖ ਵੇ, ਹਿੱਕ ਉਥੇ ਮੈਂਡੀ ਅੱਖ
ਵੇਖੇ ਅੱਖਾਂ ਖੋਹਲ ਕੇ, ਕਾਈ ਵੇਖੇ ਦੀਵੇ ਬਾਲ
ਰੱਤ ਵਿਚ ਡੁੱਬੇ ਹੋਏ ਨੇ ਮੇਰੇ ਪਿਛਲੇ ਪੰਝੀ ਸਾਲ
ਸਦਾ ਚਲੇ ਠੁਕਰਾ ਕੇ ਸ਼ਾਹਾਂ ਦੇ ਫ਼ੁਰਮਾਨ
ਧੀਆਂ ਪੁੱਤਰਾਂ ਮੈਂਡਿਆਂ, ਹੱਸ ਹੱਸ ਦਿੱਤੀ ਜਾਨ
ਹੋਠਾਂ ਉਤੇ ਗਾਉਣ ਤੇ ਸਿਰ ਵਿਚ ਪਿਆਰ ਦੀ ਅੱਗ
ਸੂਹੇ ਚੀਰੇ ਵਾਲੜੇ ਵੇਖੇ ਸਾਰਾ ਜੱਗ
ਕੱਫਣ ਸਿਰਾਂ ’ਤੇ ਬੰਨ੍ਹ ਕੇ ਨਿਕਲੇ ਵਿਚ ਮੈਦਾਨ
ਲਹੂ ਡੋਲ੍ਹ ਕੇ ਰੱਖ ਲਿਆ ਮਾਂ ਬੋਲੀ ਦਾ ਮਾਣ
ਬੰਦੀ ਖ਼ਾਨੇ ਜਾਗਦੇ, ਜਾਗਣ ਰਾਤਾਂ ਨਾਲ
ਰਾਹੀਂ ਤੱਕਣ ਗੋਰੀਆਂ, ਅੱਖੀਂ ਦੀਵੇ ਬਾਲ
ਟੁਰਿਆ ਅੱਗੇ ਕਾਫ਼ਲਾ, ਲਹੂ ਦੀਆਂ ਨਦੀਆਂ ਝਾਗ
ਕਾਲੇ ਹੱਥਾਂ ’ਚ ਅਜੇ ਬੀ, ਲੋਕ ਰਾਜ ਦੀ ਵਾਗ
ਠੱਗੀ ਫੁੱਲ ਦੀ ਵਾਸ਼ਨਾ, ਠੱਗਾਂ ਰਾਹਵਾਂ ਮੱਲ
ਸ਼ਾਂਤੀ ਫਿਰਦੀਆਂ ਗੋਰੀਆਂ, ਅੱਖਾਂ ਦੇ ਵਿਚ ਜਲ
ਤਾਪ ’ਚ ਹੂੰਗੇ ਅਮਨ ਦੇ, ਠਰਦੀ ਕੰਬਦੀ ਜਾਨ
ਹੱਸਦੀ ਵਸਦੀ ਬਸਤੀ, ਬਣ ਗਈ ਅੱਜ ਮਸਾਨ
ਵਿਹੜੇ ਸੁੰਜ ਮਸੁੰਜੜੇ ਰਾਹਵਾਂ ਉੱਜੜੀਆਂ
ਲੁੱਟਿਆ ਪੁੱਟਿਆ ਹੁਸਨ ਤੇ ਚਾਹਵਾਂ ਉੱਜੜੀਆਂ
ਡੂੰਘੇ ਸਾਗਰ ਜ਼ੁਲਮ ਦੇ ਉੱਚੀ ਜਬਰ ਦੀ ਕੰਧ
ਕੀਕਣ ਪਰਲੇ ਪਾਸਿਓਂ, ਆਵੇ ਪਿਆਰ ਸੁਗੰਧ
ਸੋਨਾ ਭਰੀਆਂ ਪੈਲੀਆਂ, ਤੇ ਮਿੰਡੀ ਜਿੰਦ ਫ਼ਕੀਰ
ਚੁਣਦੀ ਚਾਹ ਦੇ ਫੁੱਲ ਮੈਂ, ਗਲ ਵਿਚ ਪਾ ਕਫ਼ਨੀਰ
ਹੱਥ ਬਿਗਾਨੇ ਪੁੱਤਰਾਂ, ਅੱਜ ਬੀ ਮੈਂਡੀ ਪੱਤ
ਜੰਮੇ ਕੋਈ ਅੰਬੜੀ ਦੂ ਦੂ ਮੀਆਂ ਵੱਤ
ਸ਼ਾਇਰ ਦੇਸ ਪੰਜਾਬ ਦਾ ਅਹਿਮਦ ਉਹਦਾ ਨਾਂ
ਹੰਝੂ ਭਰ ਕੇ ਆਖਦਾ ਹੋਸੀ ਕਦੋਂ ਨਿਆਂ
ਗਲ ਬਸੰਤੀ ਚੋਲੜਾ ਸੰਗਲਾਂ ਬੱਧੇ ਪੈਰ
ਝੋਲੀ ਅੱਡ ਕੇ ਮੰਗ ਰਿਹਾ, ਸਾਰੇ ਜੱਗ ਦੀ ਖ਼ੈਰ
੭ ਦਸੰਬਰ, ੧੯੭੦
ਸੱਤ ਦਸੰਬਰ ਚੜ੍ਹਿਆ, ਸਨ ਉਹ ਸੱਤਰ ਦਾ
ਲੋਕ ਰਾਜ ਦੀ ਪਵਨ ਦਾ ਝੱਖੜ ਝੁੱਲ ਪਿਆ
ਧਰਤੀ ਅੱਖਾਂ ਖੋਹਲੀਆਂ, ਹੋਠਾਂ ’ਤੇ ਮੁਸਕਾਨ
ਜੁਗ ਜੁਗ ਜੀਵੇ ਜੱਗ ’ਤੇ, ਸ਼ਾਲਾ ਦੇਸ਼ ਦਾ ਮਾਣ
ਸੂਰਜ ਦਾ ਫੁੱਲ ਟਹਿਕਿਆ ਕਾਲੀ ਰਾਤ ਗਈ
ਜਾਗੀ ਸੁੱਤੀ ਲੋਕੜੀ ਧਰਤੀ ਜਾਗ ਪਈ
ਸ਼ਾਇਰ ਦੇਸ ਪੰਜਾਬ ਦਾ ਅਹਿਮਦ ਉਹਦਾ ਨਾਂ
ਹੱਸ ਹੱਸ ਕੇ ਵੱਤ ਆਖਦਾ, ਹੋਸੀ ਅੱਜ ਨਿਆਂ
੨੫ ਮਾਰਚ, ੧੯੭੧
ਪਰ ਸ਼ਾਇਰ ਦੀ ਅੱਖ ਨੇ ਡਿੱਠਾ ਉਹ ਤੂਫ਼ਾਨ
ਹਿੱਕ ਹਿੱਕ ਗੱਭਰੂ ਦੇਸ਼ ’ਤੇ ਹੋਣ ਲੱਗਾ ਕੁਰਬਾਨ
ਰਲ ਮਿਲ ਕੇ ਕੁਝ ਜ਼ੁਲਮੀਆਂ ਬਾਲੀ ਜ਼ੁਲਮ ਦੀ ਅੱਗ
ਚੁੰਨੀ ਲੀਰੋ ਲੀਰ ਤੇ ਰੁਲਦੀ ਪੈਰੀਂ ਪੱਗ
ਲੈ ਡੁੱਬੀ ਅੱਜ ਦੇਸ਼ ਨੂੰ ਕਾਲੇ ਹੱਥ ਦੀ ਕਾਰ
ਮੇਰੇ ਵਤਨ ਦੇ ਵਿਚਲੀ ਟੁੱਟੀ ਤੰਦ ਪਿਆਰ
ਚਾਨਣ ਦੇ ਸਿਰ ਖੇਹ ਪਈ, ਸੂਰਜ ਲਹੂ ਲੁਹਾਨ
ਜ਼ੋਰ ਜਬਰ ਦੀ ਚਾਲ ਨੇ ਵੰਡਿਆ ਮੈਨੂੰ ਆਨ
ਅਹਿਮਦ ਸਲੀਮ, ਲਹਿੰਦੇ ਪੰਜਾਬ ਦਾ ਪੰਜਾਬੀ ਕਵੀ