ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 26 ਦਸੰਬਰ
ਮਾਤਾ ਗਜਰੀ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹਿਰ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇੱਥੋਂ ਦੇ ਫੇਜ਼-3ਬੀ1 ਸਥਿਤ ਗੁਰਦੁਆਰਾ ਸਾਚਾ ਧੰਨ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ। ਜੋ ਫੇਜ਼-7, ਫੇਜ਼-8, ਫੇਜ਼-9 ਅਤੇ ਫੇਜ਼-10 ਤੋਂ ਹੁੰਦੇ ਹੋਏ ਗੁਰਦੁਆਰਾ ਸ੍ਰੀ ਸਿੰਘ ਸਭਾ ਫੇਜ਼-11 ਵਿਖੇ ਪਹੁੰਚ ਕੇ ਸੰਪੂਰਨ ਹੋਇਆ। ਨਗਰ ਕੀਰਤਨ ਦੀ ਆਰੰਭਤਾ ਵੇਲੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅਰਦਾਸ ਵਿੱਚ ਪਹੁੰਚ ਕੇ ਹਾਜ਼ਰੀ ਲਗਵਾਈ। ਇਸ ਮੌਕੇ ਦਸਮੇਸ਼ ਖਾਲਸਾ ਸਕੂਲ ਦੀ ਪ੍ਰਿੰਸੀਪਲ ਰਮਨਦੀਪ ਕੌਰ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਪੰਜ ਪਿਆਰਿਆਂ ਅਤੇ ਬੈਂਡ, ਕੀਰਤਨ ਦੀ ਸੇਵਾ ਨਿਭਾਈ। ਗੁਰੂ ਆਸਰਾ ਟਰੱਸਟ ਦੇ ਵਿਦਿਆਰਥੀਆਂ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਵੀ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ। ਨਗਰ ਕੀਰਤਨ ਵਿੱਚ ਸਿੱਖ ਅਜਾਇਬ ਘਰ ਮੁਹਾਲੀ ’ਚੋਂ ਸਿੰਘ ਸ਼ਹੀਦਾਂ ਦੀਆਂ ਝਾਕੀਆਂ ਵੀ ਸ਼ਾਮਲ ਸਨ। ਧੰਨ ਧੰਨ ਬੁੱਢਾ ਸਾਹਿਬ ਗਤਕਾ ਆਖਾੜਾ ਸਮੇਤ ਹੋਰ ਵੱਖ-ਵੱਖ ਗਤਕਾ ਪਾਰਟੀਆਂ ਨੇ ਵੀ ਆਪਣੇ ਜੌਹਰ ਦਿਖਾਏ ਗਏ ਅਤੇ ਨਗਰ ਕੀਰਤਨ ਦਾ ਰਸਤੇ ਵਿੱਚ ਥਾਂ-ਥਾਂ ਸਵਾਗਤ ਕੀਤਾ ਗਿਆ ਅਤੇ ਸੰਗਤ ਦੀ ਸੁਵਿਧਾ ਲਈ ਲੰਗਰ ਲਗਾਏ ਗਏ।
ਫ਼ਤਹਿਗੜ੍ਹ ਸਾਹਿਬ (ਅਜੈ ਮਲਹੋਤਰਾ):
ਨਿੱਕੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮ ਦੌਰਾਨ ਲੱਖਾਂ ਦੀ ਤਦਾਦ ਚ ਸੰਗਤਾਂ ਗੁਰੂਦਾਰਾ ਸ੍ਰੀ ਫ਼ਤਿਹਗਡ੍ਹ ਸਾਹਿਬ ਵਿਖੇ ਨਤਮਸਤਕ ਹੋਈਆਂ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧ ਸ਼ਲਾਘਾਯੋਗ ਹਨ ਉੱਥੇ ਸੰਗਤਾਂ ਵੱਲੋਂ ਵੀ ਥਾਂ ਥਾਂ ਤੇ ਲੰਗਰ ਅਤੇ ਹੋਰ ਲੋੜੀਂਦੀਆਂ ਸੇਵਾਵਾਂ ਰਾਹੀਂ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ। ਸੇਵਾ ਦੀ ਇਸੇ ਲੜੀ ਤਹਿਤ ਸੰਗਤ ਨੂੰ ਕਰੋਨਾ ਮਹਾਮਾਰੀ ਦੇ ਇਨਫੈਕਸ਼ਨ ਤੋਂ ਬਚਾਉਣ ਲਈ ਬਾਬਾ ਬੰਦਾ ਸਿੰਘ ਬਹਾਦਰ ਨਗਰ ਵਾਰਡ ਨੰਬਰ 2 ਅਤੇ ਇਲਾਕਾ ਨਿਵਾਸੀਆਂ ਵੱਲੋਂ ਸੰਗਤ ਨੂੰ ਮਾਸਕ ਵੰਡੇ ਗਏ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਾਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਦੀ ਮਿਸਾਲ ਦੁਨੀਆਂ ਭਰ ’ਚ ਕਿਤੇ ਨਹੀਂ ਮਿਲਦੀ। ਸਿਹਤ ਮੰਤਰੀ ਸ਼ਹੀਦੀ ਸਭਾ ਦੇ ਦੂਜੇ ਦਿਨ ਅੱਜ ਇੱਥੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਚ ਨਤਮਸਤਕ ਹੋਣ ਪੁੱਜੇ ਸਨ। ਸ੍ਰੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਸ਼ਹੀਦਾਂ ਦੇ ਚਰਨਾਂ ’ਚ ਨਤਮਸਤਕ ਹੁੰਦਿਆਂ ਆਪਣੇ ਹੱਕਾਂ ਲਈ ਦਿੱਲੀ ਬਾਰਡਰ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਅੰਦੋਲਨ ਦੀ ਸਫ਼ਲਤਾ ਲਈ ਅਰਦਾਸ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰੀ ਸਰਕਾਰ ਨੇ ਪਹਿਲਾਂ ਕਿਸਾਨ ਵਿਰੋਧੀ ਕਾਨੂੰਨ ਬਣਾ ਕੇ ਅਤੇ ਹੁਣ ਕਿਸਾਨ ਅੰਦੋਲਨ ਨੂੰ ਅੱਖੋਂ ਪਰੋਖੇ ਕਰਕੇ ਲੋਕਤੰਤਰ ਦਾ ਕਤਲ ਕਰ ਦਿੱਤਾ ਹੈ।
ਫ਼ਤਹਿਗੜ੍ਹ ਸਾਹਿਬ/ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵੱਲੋਂ ਸ਼ਹੀਦੀ ਸਭਾ ਦੇ ਦੂਜੇ ਦਿਨ ਵੀ ਵੱਖ-ਵੱਖ ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ਵਿਚ ਯੂਨੀਵਰਸਿਟੀ ਵੱਲੋਂ ਫਿਜ਼ੀਓਥੈਰੇਪੀ ਅਤੇ ਹੋਮਿਓਥਰੈਪੀ ਦੇ ਸੇਵਾ ਕੈਂਪ, ਗੁਰਮਤਿ ਪੁਸਤਕ ਪ੍ਰਦਰਸ਼ਨੀ, ਦਸਤਾਰ ਸਿਖਲਾਈ ਸੇਵਾ ਕੈਂਪ ਅਤੇ ਸਿੱਖ ਧਰਮ ਨਾਲ ਸਬੰਧਿਤ ਡਾਕੂਮੈਂਟਰੀਆਂ ਦੇ ਸ਼ੋਅ ਸ਼ਾਮਲ ਸਨ। ਇਸ ਤੋਂ ਇਲਾਵਾ ਯੂਨੀਵਰਸਿਟੀ ਵੱਲੋਂ ਸੁਕ੍ਰਿਤ ਟਰੱਸਟ ਦੇ ਸਹਿਯੋਗ ਨਾਲ ਅਜੋਕੇ ਨੌਜਵਾਨਾਂ ਅਤੇ ਬੱਚਿਆਂ ਵਿਚ ਸਿੱਖ ਇਤਿਹਾਸ ਅਤੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਦੇ ਆਧਾਰ ’ਤੇ ਲਗਾਏ ਗਏ ‘ਵੰਡ ਛਕੋਂ’ ਕੈਂਪ ਵਿੱਚ ਵੱਡੀ ਗਿਣਤੀ ਸੰਗਤ ਨੇ ਸ਼ਮੂਲੀਅਤ ਕਰਦਿਆਂ ਘਰਾਂ ਵਿਚ ਵਰਤਣ ਵਾਲੀਆਂ ਚੀਜ਼ਾਂ-ਸਾਫ਼ ਕੱਪੜੇ, ਜੁੱਤੀਆਂ, ਬਰਤਨ, ਖਿਡੌਣੇ, ਕਿਤਾਬਾਂ, ਸਟੇਸ਼ਨਰੀ, ਯੰਤਰ, ਕੰਬਲ, ਰਜਾਈਆਂ ਆਦਿ ਦੀ ਸਾਂਝ ਪਾਈ।
ਮੋਰਿੰਡਾ (ਸੰਜੀਵ ਤੇਜਪਾਲ): ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਪਿੰਡ ਸਹੇੜੀ ਤੋਂ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੇ ਸਵਾਗਤ ਲਈ ਸ਼ਰਧਾਲੂਆਂ ਵਲੋਂ ਥਾਂ-ਥਾਂ ਲੰਗਰ ਲਗਾਏ ਗਏ। ਨਗਰ ਕੀਰਤਨ ਦੌਰਾਨ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨਾਲ ਸਬੰਧਿਤ ਸਿੱਖ ਅਜਾਇਬ ਘਰ ਨੂੰ ਲੈ ਕੇ ਸੰਗਤਾਂ ਵਿੱਚ ਕਾਫੀ ਉਤਸ਼ਾਹ ਪਾਇਆ ਗਿਆ। ਇਨ੍ਹਾਂ ਝਲਕੀਆਂ ਵਿੱਚ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੇ ਆਖਰੀ ਪਲਾਂ ਨੂੰ ਬਹੁਤ ਹੀ ਬਾਖੂਬੀ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਮੌਕੇ ਗੱਤਕਾ ਪਾਰਟੀਆਂ ਨੇ ਵੀ ਆਪਣੀ ਕਲਾ ਦੇ ਜੌਹਰ ਵਿਖਾਏ।
ਖਰੜ (ਸ਼ਸ਼ੀਪਾਲ ਜੈਨ): ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਖਰੜ ਮੇਨ ਬਾਜ਼ਾਰ ਦੇ ਸਮੂਹ ਦੁਕਾਨਦਾਰਾਂ ਨੇ ਲੰਗਰ ਲਗਾਇਆ, ਜਿਸ ਵਿਚ ਸਮਾਜ ਸੇਵੀ ਪੰਕਜ ਚੱਢਾ ਸਿਰਕਤ ਕਰਕੇ ਸੇਵਾ ਕੀਤੀ। ਸਮੂਹ ਦੁਕਾਨਦਾਰਾਂ ਵੱਲੋਂ ਪੰਕਜ ਚੱਢਾ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਮ ਪੀ ਕਟਾਰੀਆ, ਮਨੀ ਕਰਵਲ, ਅਜੇ ਕੁਮਾਰ, ਸਾਹਿਲ ਕੋਹਲੀ, ਓਮ ਪ੍ਰਕਾਸ਼, ਸੁਨੀਲ ਕਰਵਲ, ਸੁਖਵਿੰਦਰ ਸਿੰਘ ਆਦਿ ਮੈਂਬਰ ਹਾਜ਼ਰ ਸਨ।
ਸਮਾਗਮਾਂ ’ਚ ਮਾਤਾ ਗੁਜਰੀ ਕਾਲਜ ਵੱਲੋਂ ਯੋਗਦਾਨ
ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸ਼ੂ ਸੂਦ): ਸ਼ਹੀਦੀ ਸਮਾਗਮਾਂ ਦੇ ਦੂਜੇ ਦਿਨ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਵਿਚ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਜਗੀਰ ਕੌਰ ਦੀ ਅਗਵਾਈ ਤੇ ਡਾਇਰੈਕਟਰ ਸਿੱਖਿਆ ਡਾ. ਤੇਜਿੰਦਰ ਕੌਰ ਧਾਲੀਵਾਲ ਦੇ ਸਹਿਯੋਗ ਨਾਲ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਬੀਬੀ ਜਗੀਰ ਕੌਰ ਨੇ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਸ਼ਰਧਾਲੂਆਂ ਦੀ ਸੇਵਾ ਲਈ ਪਾਏ ਜਾ ਰਹੇ ਯੋਗਦਾਨ ’ਤੇ ਸੰਤੁਸ਼ਟੀ ਪ੍ਰਗਟਾਈ। ਡਾ. ਧਾਲੀਵਾਲ ਨੇ ਐੱਨਐੱਸਐੱਸ ਯੂਨਿਟ ਵੱਲੋਂ ਲਗਾਏ ਗਏ ਖ਼ੂਨਦਾਨ ਕੈਂਪ ਤੇ ਯੂਥ ਰੈੱਡ ਕਰਾਸ ਯੂਨਿਟ ਵੱਲੋਂ ਲਗਾਏ ਫ਼ਸਟ ਏਡ ਕੈਂਪ ਦਾ ਦੌਰਾ ਕੀਤਾ।
ਦੇਸ਼ ਭਗਤ ਯੂਨੀਵਰਸਿਟੀ ਦੇ ਹਾਲ ਦਾ ਨਾਂ ‘ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ’ ਰੱਖਿਆ
ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿਚ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰੀ ਦੀ ਯਾਦ ਵਿਚ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ ਤੇ ਪੂਰਾ ਦਿਨ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਕੁਲਪਤੀ ਡਾ. ਜੋਰਾ ਸਿੰਘ ਅਤੇ ਪ੍ਰੋ ਕੁਲਪਤੀ ਤਜਿੰਦਰ ਕੌਰ ਨੇ ਦੱਸਿਆ ਕਿ ਨਰਸਿੰਗ ਇੰਸਟੀਚਿਊਟ ਦੇ ਸੈਮੀਨਾਰ ਹਾਲ ਦਾ ਨਾਮ ‘ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਹਾਲ’ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਚ ਇਹ ਹਫ਼ਤਾ ਸ਼ਹੀਦੀ ਹਫ਼ਤੇ ਵਜੋਂ ਮਨਾਇਆ ਜਾ ਰਿਹਾ ਹੈ ਕਿਉਂਕਿ ਇਨ੍ਹਾ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਜਿੱਥੇ ਯਾਦ ਰੱਖਣਾ ਜਰੂਰੀ ਹੈ ਉੱਥੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਜਾਣੂ ਕਰਵਾਉਣਾ ਸਾਡਾ ਫ਼ਰਜ਼ ਹੈ।