ਪਾਲ ਸਿੰਘ ਨੌਲੀ
ਜਲੰਧਰ, 26 ਦਸੰਬਰ
ਜ਼ਿਲ੍ਹਾ ਕਲਚਰਲ ਅਤੇ ਲਿਟਰੇਰੀ ਸੁਸਾਇਟੀ ਨੇ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਵਿਰਸਾ ਵਿਹਾਰ ਵਿੱਚ ਸਮਾਗਮ ਕਰਵਾਇਆ। ਜੀਓਜੀ ਜਲੰਧਰ ਦੇ ਮੁਖੀ ਮੇਜਰ ਜਨਰਲ (ਸੇਵਾਮੁਕਤ) ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ ਚਾਰ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਬਾਰੇ ਜਾਗਰੂਕ ਕਰਨ ਲਈ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਛੋਟੀ ਉਮਰ ਵਿੱਚ ਚਾਰ ਸਾਹਿਬਜ਼ਾਦਿਆਂ ਵੱਲੋਂ ਕੀਤੀਆਂ ਕੁਰਬਾਨੀਆਂ ਸਾਨੂੰ ਜ਼ਾਲਮਾਂ ਵਿਰੁੱਧ ਲੜਨ ਅਤੇ ਸਰਬ ਸ਼ਕਤੀਮਾਨ ਵਿੱਚ ਵਿਸ਼ਵਾਸ ਰੱਖਣ ਦੀ ਤਾਕਤ ਦਿੰਦੀਆਂ ਹਨ ਅਤੇ ਸਦੀਆਂ ਤਕ ਸਾਨੂੰ ਸਾਰਿਆਂ ਨੂੰ ਸੇਧ ਦਿੰਦੀਆਂ ਰਹਿਣਗੀਆਂ। ਸੁਸਾਇਟੀ ਦੇ ਕਾਰਜਕਾਰੀ ਮੈਂਬਰ ਬਲਵਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਇਨ੍ਹਾਂ ਘਟਨਾਵਾਂ ਨੂੰ ਹੁਣ ਪੰਜਾਬ ਤੋਂ ਇਲਾਵਾ ਹੋਰ ਸਕੂਲਾਂ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਸਥਾਨ ਨਹੀਂ ਮਿਲਿਆ। ਇਸ ਮੌਕੇ ਸੈਕਟਰੀ ਵਿਰਸਾ ਵਿਹਾਰ ਕੈਪਟਨ ਆਈਐੱਸ ਧਾਮੀ ਵੀ ਮੌਜੂਦ ਸਨ।
ਅਟਾਰੀ (ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਤੇ ਮੋਤੀ ਰਾਮ ਮਹਿਰਾ ਦਾ ਸ਼ਹੀਦੀ ਦਿਹਾੜਾ ਕਸਬਾ ਚੌਗਾਵਾਂ ’ਚ ਮਨਾਇਆ ਗਿਆ। ਬੱਸ ਸਟੈਂਡ ਵਾਲੇ ਗੁਰਦੁਆਰੇ ਵਿਖੇ ਅਖੰਡ ਪਾਠ ਦੇ ਭੋਗ ਮਗਰੋਂ ਬਾਬਾ ਸ਼ਿਵਰਾਜ ਸਿੰਘ, ਭਾਈ ਸੰਤੋਖ ਸਿੰਘ ਅਤੇ ਬਾਬਾ ਕਰਨਜੀਤ ਸਿੰਘ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ। ਅਟਾਰੀ ਰੋਡ ’ਤੇ ਸਥਿਤ ਜੀਬੀ ਮੈਡੀਕਲ ਵੱਲੋਂ ਸੰਗਤ ਦੇ ਸਹਿਯੋਗ ਨਾਲ ਲੰਗਰ ਵਰਤਾਇਆ ਗਿਆ।