ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 21 ਅਪਰੈਲ
ਇੱਥੋਂ ਦੇ ਫੇਜ਼-9 ਸਥਿਤ ਕਬਰਿਸਤਾਨ ਦੀ ਵਿਵਾਦਿਤ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਮਾਮਲਾ ਫਿਰ ਤੋਂ ਭਖ ਗਿਆ ਹੈ। ਅੱਜ ਸਵੇਰੇ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਕੁਝ ਵਿਅਕਤੀਆਂ ਨੇ ਕਬਰਿਸਤਾਨ ਦੀ ਚਾਰਦੀਵਾਰੀ ਦੇ ਗੇਟ ਨੂੰ ਲੱਗਿਆ ਤਾਲਾ ਤੋੜ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਪਤਾ ਲੱਗਦਿਆਂ ਹੀ ਮੁਸਲਿਮ ਭਾਈਚਾਰੇ ਦੇ ਲੋਕ ਮੌਕੇ ’ਤੇ ਪਹੁੰਚ ਗਏ ਅਤੇ ਗੇਟ ਦਾ ਤਾਲਾ ਤੋੜ ਰਹੇ ਲੋਕ ਭੱਜ ਕੇ ਨੇੜੇ ਹੀ ਧਾਰਮਿਕ ਅਸਥਾਨ ਅੰਦਰ ਵੜ ਗਏ।
ਸੂਚਨਾ ਮਿਲਦੇ ਹੀ ਪੁਲੀਸ ਕਰਮਚਾਰੀ ਵੀ ਮੌਕੇ ’ਤੇ ਪਹੁੰਚ ਗਏ ਅਤੇ ਤਾਲਾ ਤੋੜਨ ਦਾ ਯਤਨ ਕਰ ਰਹੇ ਵਿਅਕਤੀਆਂ ਨੂੰ ਫੜ ਕੇ ਥਾਣੇ ਲਿਆਂਦਾ ਗਿਆ। ਬਾਅਦ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਸਮੇਤ ਪੰਜਾਬ ਵਕਫ਼ ਬੋਰਡ ਦੇ ਅਧਿਕਾਰੀ ਅਤੇ ਹੋਰ ਸਮਾਜ ਸੇਵੀ ਆਗੂ ਸੈਂਟਰਲ ਥਾਣਾ ਫੇਜ਼-8 ਵਿੱਚ ਪਹੁੰਚ ਗਏ। ਉਨ੍ਹਾਂ ਨੇ ਪੁਲੀਸ ਨੂੰ ਸਬੂਤ ਵਜੋਂ ਤਾਲਾ ਤੋੜਨ ਵਾਲੇ ਵਿਅਕਤੀਆਂ ਦੀ ਵੀਡੀਓ ਵੀ ਦਿਖਾਈ ਪ੍ਰੰਤੂ ਘੰਟਿਆਂਬੱਧੀ ਖੱਜਲ-ਖੁਆਰੀ ਤੋਂ ਬਾਅਦ ਪੁਲੀਸ ਨੇ ਕਾਰਵਾਈ ਤੋਂ ਪੱਲਾ ਝਾੜ ਲਿਆ ਜਿਸ ਕਾਰਨ ਮੁਸਲਿਮ ਭਾਈਚਾਰੇ ’ਚ ਕਾਫੀ ਰੋਸ ਹੈ।
ਸਮਾਜ ਸੇਵੀ ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਅੱਜ ਬਾਹਰਲੇ ਜ਼ਿਲ੍ਹਿਆਂ ਦੇ ਕੁਝ ਲੋਕ ਆਰੀ ਨਾਲ ਤਾਲਾ ਕੱਟ ਕੇ ਕਬਰਿਸਤਾਨ ਅੰਦਰ ਵੜ ਗਏ। ਉਨ੍ਹਾਂ ਨੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਕੁਲਵੰਤ ਸਿੰਘ ’ਤੇ ਖੱਜਲ-ਖੁਆਰੀ ਕਰਨ ਦਾ ਦੋਸ਼ ਲਾਇਆ। ਅਵਤਾਰ ਮੁਹੰਮਦ ਨੇ ਦੱਸਿਆ ਕਿ ਕਬਰਿਸਤਾਨ ਦੀ ਚਾਰਦੀਵਾਰੀ ਕਰਕੇ ਦੋਵੇਂ ਪਾਸੇ ਤਾਲੇ ਲੱਗੇ ਹੋਏ ਹਨ। ਅੱਜ ਚਾਰ ਵਿਅਕਤੀ ਉੱਥੇ ਆਏ ਅਤੇ ਤਾਲਾ ਤੋੜ ਕੇ ਕਬਜ਼ਾ ਕਰਨ ਦੀ ਨੀਅਤ ਨਾਲ ਆਪਣਾ ਤਾਲਾ ਜੜ ਦਿੱਤਾ। ਜਦੋਂ ਭਾਈਚਾਰੇ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਉਹ ਮੌਕੇ ਤੋਂ ਭੱਜ ਕੇ ਗੁਰਦੁਆਰੇ ਵਿੱਚ ਵੜ ਗਏ, ਜਿੱਥੋਂ ਭਾਈਚਾਰੇ ਦੇ ਲੋਕਾਂ ਦੀ ਮੌਜੂਦਗੀ ਵਿੱਚ ਪੁਲੀਸ ਫੜ ਕੇ ਉਨ੍ਹਾਂ ਨੂੰ ਥਾਣੇ ਲੈ ਆਈ। ਉਨ੍ਹਾਂ ਦੱਸਿਆ ਕਿ ਇਹ ਉਨ੍ਹਾਂ ਦਾ ਜੱਦੀ ਪੁਸ਼ਟੀ ਕਬਰਿਸਤਾਨ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਲੀਸ ਨੇ ਤਾਲਾ ਤੋੜਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਨਾ ਕੀਤੀ ਤਾਂ ਭਾਈਚਾਰੇ ਦੇ ਲੋਕ ਥਾਣੇ ਦੇ ਬਾਹਰ ਲੜੀਵਾਰ ਸੰਘਰਸ਼ ਸ਼ੁਰੂ ਕਰਨਗੇ।
ਅਦਾਲਤ ਵਿੱਚ ਇਸ ਕੇਸ ਦੀ ਪੈਰਵਾਈ ਕਰ ਰਹੇ ਹਾਈ ਕੋਰਟ ਵਕੀਲ ਅਬਦੁਲ ਅਜ਼ੀਜ਼ ਨੇ ਕਿਹਾ ਕਿ ਇਹ ਕਾਫ਼ੀ ਪੁਰਾਣਾ ਕਬਰਸਿਤਾਨ ਹੈ ਅਤੇ ਸੰਨ 1980 ਤੋਂ ਲੈ ਕੇ ਹੁਣ ਤੱਕ ਕੁਝ ਵਿਅਕਤੀ ਇਸ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ਾਂ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਅਦਾਲਤੀ ਫੈਸਲੇ ਵੀ ਮੁਸਲਿਮ ਭਾਈਚਾਰੇ ਦੇ ਹੱਕ ਵਿੱਚ ਸੁਣਾਏ ਜਾ ਚੁੱਕੇ ਹਨ। ਹੁਣ ਵੀ ਇਕ ਕੇਸ ਵਿੱਚ ਸਟੇਅ ਮਿਲੀ ਹੋਈ ਹੈ ਪ੍ਰੰਤੂ ਇਸ ਦੇ ਬਾਵਜੂਦ ਤਾਲਾ ਤੋੜ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਦਾ ਨਵੇਂ ਸਿਰਿਉਂ ਕੇਸ ਦਾਇਰ ਕੀਤਾ ਜਾਵੇਗਾ।
ਇਸ ਸਬੰਧੀ ਸਬ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਵੇਂ ਧਿਰਾਂ ਨੇ ਆਪੋ-ਆਪਣਾ ਰੱਖਿਆ ਹੈ। ਸੈਂਟਰਲ ਥਾਣਾ ਫੇਜ਼-8 ਦੇ ਐੱਸਐੱਚਓ ਅਜੀਤੇਸ਼ ਕੌਸ਼ਲ ਨੇ ਕਿਹਾ ਕਿ ਪੁਲੀਸ, ਮਾਮਲੇ ਦੇ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਕਬਰਿਸਤਾਨ ਦੀ ਜ਼ਮੀਨ ਨੂੰ ਲੈ ਕੇ ਸਟੇਅ ਲੱਗੀ ਹੋਈ ਹੈ ਅਤੇ ਤਾਲਾ ਤੋੜਨ ਵਾਲੇ ਵਿਅਕਤੀਆਂ ਨੂੰ ਹਾਲੇ ਥਾਣੇ ਵਿੱਚ ਹੀ ਬਿਠਾ ਕੇ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।