ਪ੍ਰੋ. ਰਾਜਿੰਦਰ ਪਾਲ ਸਿੰਘ ਬਰਾੜ (ਡਾ.)
ਸ਼ਰੀਕ ਸ਼ਬਦ ਪੰਜਾਬੀ ਵਿਚ ਅਰਬੀ ਤੋਂ ਵਾਇਆ ਫਾਰਸੀ ਆਇਆ ਹੈ। ਅਰਬੀ ਵਿਚ ਇਸ ਦਾ ਅਰਥ ਬਰਾਬਰ ਦਾ ਹਿੱਸੇਦਾਰ ਹੈ। ਮਾਪਿਆਂ ਉੱਪਰ ਸਾਰੇ ਭੈਣ-ਭਰਾਵਾਂ ਦਾ ਬਰਾਬਰ ਦਾ ਹੱਕ ਹੁੰਦਾ ਹੈ। ਭਰਾ ਆਪਸ ਵਿਚ ਮਾਂ ਬਾਪ ਦੀ ਜਾਇਦਾਦ ਦੇ ਬਰਾਬਰ ਦੇ ਹਿੱਸੇਦਾਰ ਹੁੰਦੇ ਹਨ। ਇਸੇ ਕਰਕੇ ਭਰਾ ਜਦੋਂ ਅੱਡ ਹੁੰਦੇ ਹਨ ਤਾਂ ਬਰਾਬਰ ਦੇ ਹਿੱਸੇ ਕੀਤੇ ਜਾਂਦੇ ਹਨ। ਅੱਗੋਂ ਉਨ੍ਹਾਂ ਦੀ ਔਲਾਦ ਭਾਵ ਤਾਏ ਚਾਚੇ ਦੇ ਪੁੱਤਰ ਵੀ ਇਕ ਦੂਜੇ ਦੇ ਸ਼ਰੀਕ ਹੁੰਦੇ ਹਨ। ਇਸਲਾਮੀ ਮੱਤ ਅਨੁਸਾਰ ਸਿਰਫ਼ ਅੱਲ੍ਹਾ ਲਾਸ਼ਰੀਕ ਹੈ ਭਾਵ ਉਸ ਦਾ ਕੋਈ ਸ਼ਰੀਕ ਨਹੀਂ ਹੈ। ਸ਼ਰੀਕਾਂ ਵਿਚ ਹੀ ਸ਼ਰੀਕੇਦਾਰੀ ਹੁੰਦੀ ਹੈ। ਇੱਥੇ ਗੱਲ ਤਾਂ ਇਕ ਦੂਜੇ ਦੀ ਬਰਾਬਰੀ ਤੋਂ ਸ਼ੁਰੂ ਹੁੰਦੀ ਹੈ ਜੋ ਪਹਿਲਾਂ ਰੀਸ, ਫਿਰ ਲਾਗ-ਡਾਟ ਅਤੇ ਵਿਰੋਧ ਰਾਹੀਂ ਮੁਕਾਬਲਾ ਕਰਦਿਆਂ, ਲੜਾਈ ਹੁੰਦਿਆਂ ਅਤੇ ਕਈ ਵਾਰ ਕਤਲ ਤਕ ਪਹੁੰਚ ਜਾਂਦੀ ਹੈ ਅਤੇ ਕਈ ਥਾਈਂ ਗੱਲ ਇਕ ਜਾਂ ਦੋ ਕਤਲਾਂ ਤਕ ਸੀਮਤ ਨਹੀਂ ਰਹਿੰਦੀ ਸਗੋਂ ਪੀੜ੍ਹੀਆਂ ਵਿਚ ਫੈਲ ਜਾਂਦੀ ਹੈ। ਪੁਰਾਣੇ ਬਠਿੰਡਾ ਜ਼ਿਲ੍ਹੇ ਦੇ ਕਈ ਪਿੰਡ ਅਜਿਹੇ ਸਨ ਜਿੱਥੇ ਕਈ ਪੀੜ੍ਹੀਆਂ ਇਕ ਦੂਜੇ ਦਾ ਵਾਰੀ ਵੱਟੇ ਕਤਲ ਕਰਦੀਆਂ ਰਹੀਆਂ ਅਤੇ ਕਮਾਲ ਦੀ ਗੱਲ ਉਨ੍ਹਾਂ ਦੀ ਲੜਾਈ ਦੀ ਭਾਸ਼ਾ ਵੀ ਸ਼ਰੀਕੇ ਦੇ ਵਿਆਹ ਦੀਆਂ ਸੱਭਿਆਚਾਰਕ ਰਸਮਾਂ ਵਾਲੀ ਹੁੰਦੀ ਹੈ। ਭਾਜੀ ਪਾ ਤੀ (ਬੰਦਾ ਕੁੱਟਤਾ), ਇੱਕੀ ਦੀ ਕੱਤੀ ਪਾਉਂਦੇ ਰਹੇ (ਇਕ ਵੱਟੇ ਦੋ ਮਾਰਤੇ), ਇੰਜ ਹੀ ਨਿਉਂਦਾ ਮੋੜਿਆ ਜਾਂਦਾ ਹੈ (ਬਦਲਾ ਲੈ ਲਿਆ)। ਕਮਾਲ ਦੀ ਗੱਲ ਹੈ ਕਿ ਵਿਆਹ ਦੇ ਖ਼ੁਸ਼ੀ ਭਰੇ ਮੌਕੇ ਇਕ ਦੂਜੇ ਨੂੰ ਦਿੱਤੀ ਜਾਣ ਵਾਲੀ ਸਹਾਇਤਾ, ਤੋਹਫੇ, ਸੌਗ਼ਾਤਾਂ ਦੇ ਅਰਥ ਹੀ ਹੋਰ ਹੋ ਜਾਂਦੇ ਹਨ। ਸ਼ਰੀਕੇਬਾਜ਼ੀ ਰਿਸ਼ਤਿਆਂ ਦੀ ਬੈਂਕ ਦਾ ਚਾਲੂ ਖਾਤਾ ਹੈ, ਜਿਸ ਵਿਚ ਹਰ ਸਮੇਂ ਕੁਝ ਵਧਦਾ ਘਟਦਾ ਰਹਿੰਦਾ ਹੈ।
ਆਮ ਲੜਾਈਆਂ ਦੇ ਉਲਟ ਸ਼ਰੀਕੇਬਾਜ਼ੀ ਵਿਚ ਆਪਸ ਵਿਚ ਲੜਨ ਵਾਲਿਆਂ ਦਰਮਿਆਨ ਖੂਨ ਦਾ ਰਿਸ਼ਤਾ ਹੁੰਦਾ ਹੈ। ਉਹ ਇਕੋ ਦਾਦੇ, ਪੜਦਾਦੇ, ਨਕੜਦਾਦੇ ਦੀ ਔਲਾਦ ਹੁੰਦੇ ਹਨ। ਸੋ ਇਕੋ ਪਰਿਵਾਰ, ਇਕੋ ਗੋਤ, ਇਕੋ ਜਾਤ, ਇਕੋ ਧਰਮ, ਇਕੋ ਪਿੰਡ, ਇਕੋ ਇਲਾਕੇ ਦੇ ਹੁੰਦਿਆਂ ਹੋਇਆ ਵੀ ਆਪਸ ਵਿਚ ਲੜ ਮਰਦੇ ਹਨ। ਸ਼ਰੀਕੇਬਾਜ਼ੀ ਵਿਚ ਮੁਹੱਬਤ ਤੇ ਨਫ਼ਰਤ, ਸਾਂਝ ਤੇ ਵਖਰੇਵਾਂ, ਨੇੜਤਾ ਤੇ ਦੂਰੀ ਨਾਲੋਂ ਨਾਲ ਚਲਦੇ ਹਨ। ਇਸ ਸ਼ਰੀਕੇਬਾਜ਼ੀ ਦਾ ਇਤਿਹਾਸ ਵਿਚ ਜੰਗਲੀ ਪਿਛੋਕੜ ਪਿਆ ਹੈ। ਮਨੁੱਖੀ ਸਮਾਜ ਦੇ ਲੰਮੇ ਇਤਿਹਾਸ ਵਿਚ ਮਾਨਵੀ ਸਮੂਹ, ਟੋਲੇ ਜਾਂ ਕਬੀਲੇ ਹੋਰ ਮਾਸਖੋਰੇ ਜਾਨਵਰਾਂ ਵਿਰੁੱਧ ਰਲ ਕੇ ਲੜਦੇ ਸਨ। ਇੰਜ ਹੀ ਉਹ ਪ੍ਰਕਿਰਤੀ ਵਿਰੁੱਧ ਰਲ ਕੇ ਲੜਦੇ ਸਨ। ਉਨ੍ਹਾਂ ਦਰਮਿਆਨ ਇਕ ਮਾਪਿਆਂ ਦੀ ਔਲਾਦ ਹੋਣ ਕਰਕੇ ਆਪਸੀ ਮੋਹ, ਮੁਹੱਬਤ ਸਾਂਝ ਹੁੰਦੀ ਸੀ। ਉਨ੍ਹਾਂ ਦੀ ਇਹ ਮਜਬੂਰੀ ਵੀ ਸੀ ਕਿ ਇੰਜ ਉਹ ਸਮੂਹਿਕ ਰੂਪ ਵਿਚ ਨਾ ਕੇਵਲ ਸ਼ਿਕਾਰ ਹੋਣੋ ਬਚ ਸਕਦੇ ਸੀ, ਸਗੋਂ ਸ਼ਿਕਾਰ ਕਰ ਵੀ ਸਕਦੇ ਸੀ। ਇਕੱਲੇ ਕਹਿਰਿਆਂ ਦਾ ਤਾਂ ਕੁਝ ਵੀ ਨਹੀਂ ਵੱਟੀਦਾ ਸੀ। ਜਦੋਂ ਉਹ ਕਤਾਰ ਬੰਨ੍ਹ ਕੇ ਲੜਦੇ ਸੀ ਤਾਂ ਜੇ ਇਕ ਜਣਾ ਵੀ ਮਾਰਿਆ ਜਾਂਦਾ ਤਾਂ ਸਾਰਾ ਟੋਲਾ ਖ਼ਤਰੇ ਵਿਚ ਪੈ ਜਾਂਦਾ ਸੀ। ਸੁਰੱਖਿਆ ਦੀ ਕੰਧ ਟੁੱਟ ਜਾਂਦੀ ਸੀ। ਇਸ ਲਈ ਇਕ ਦੂਜੇ ਨਾਲ ਜੈਵਿਕ ਤੌਰ ’ਤੇ ਹੀ ਖੂਨ ਦਾ ਰਿਸ਼ਤਾ ਨਹੀਂ ਸੀ ਸਗੋਂ ਇਕ ਦੂਜੇ ਲਈ ਸੱਚਮੁੱਚ ਖੂਨ ਵੀ ਡੋਲ੍ਹਦੇ ਸਨ, ਪਰ ਜਦੋਂ ਹੀ ਖ਼ਤਰਾ ਟਲ ਜਾਂਦਾ ਸੀ ਤਾਂ ਸ਼ਿਕਾਰ ਵੰਡਣ ਦਾ ਮਾਮਲਾ ਸਾਹਮਣੇ ਆਉਂਦਾ ਸੀ। ਜੇ ਮਾਲ ਸਭ ਜੋਗਾ ਸੀ ਤਾਂ ਵੱਡੀ ਬੇਬੇ ਸਭ ਨੂੰ ਵੰਡ ਦਿੰਦੀ ਸੀ, ਪਰ ਜੇ ਮਾਲ ਥੋੜ੍ਹਾ ਤੇ ਬੰਦੇ ਜ਼ਿਆਦਾ ਹੁੰਦੇ ਤਾਂ ਆਪਸ ਵਿਚ ਭਰਾ ਮਾਰੂ ਜੰਗ ਛਿੜ ਜਾਂਦੀ ਸੀ। ਤਕੜੇ ਵੱਡਾ ਹਿੱਸਾ ਲੈ ਜਾਂਦੇ ਸੀ, ਮਾੜਿਆਂ ਨੂੰ ਰਹਿੰਦ ਖੂੰਹਦ ’ਤੇ ਸਬਰ ਕਰਨਾ ਪੈਂਦਾ ਸੀ। ਤਕੜਿਆਂ ਦੀ ਧੌਂਸ ਸੀ ਤੇ ਮਾੜਿਆਂ ਅੰਦਰ ਹੀਣਤਾ ਤੇ ਦੀਨਤਾ ਸੀ। ਅੱਜ ਮਨੁੱਖ ਜਿਸ ਬੁਲੰਦੀ ’ਤੇ ਪਹੁੰਚਿਆ ਹੈ, ਉਹ ਸਾਂਝੇ ਉੱਦਮ ਬਗੈਰ ਨਹੀਂ ਪੁੱਜ ਸਕਦਾ ਸੀ। ਖੇਤੀਬਾੜੀ ਯੁੱਗ ਵਿਚ ਸਾਂਝ ਦੀ ਲੋੜ ਹੋਰ ਵਧੀ, ਖੇਤਾਂ ਲਈ ਪਾਣੀ ਦੀ ਜ਼ਰੂਰਤ ਹੈ। ਦਰਿਆ ਨੂੰ ਬੰਨ੍ਹ ਇਕੱਲਾ ਬੰਦਾ ਨਹੀਂ ਮਾਰ ਸਕਦਾ ਸੀ। ਰਲ ਕੇ ਦਰਿਆ ਬੰਨ੍ਹ ਲਿਆ, ਨਹਿਰਾਂ ਕੱਢ ਲਈਆਂ, ਪਰ ਪਾਣੀ ਥੋੜ੍ਹਾ ਸੀ, ਸਭ ਨੂੰ ਚਾਹੀਦਾ ਸੀ ਤਾਂ ਲੜਾਈ ਸ਼ੁਰੂ ਹੋ ਗਈ। ਜਦੋਂ ਪਿਓ ਦੀ ਜ਼ਮੀਨ ਵੰਡੀ ਗਈ ਤਾਂ ਭਰਾਵਾਂ ਨੂੰ ਨਾਲੋ ਨਾਲ ਹੀ ਆਉਣੀ ਸੀ, ਆਪਸ ਵਿਚ ਹੀ ਵੱਟ ਪੈਣੀ ਸੀ। ਪਾਣੀ ਦੀ ਵਾਰੀ ਪਿੱਛੇ ਸ਼ਰੀਕੇ ਦੀ ਲੜਾਈ ਪ੍ਰਸਿੱਧ ਹੈ। ਇੱਥੋਂ ਹੀ ਮੁਹਾਵਰੇ ਬਣੇ ਕਿ ਆਪਣਾ ਕਿਹੜਾ ਵੱਟ ਦਾ ਰੌਲੈ ਜਾਂ ਆਪਣਾ ਕਿਹੜਾ ਪਾਣੀ ਦੀ ਵਾਰੀ ਦਾ ਰੌਲੈ, ਆਪਾਂ ਕਿਹੜਾ ਜ਼ਮੀਨ ਵੰਡਣੀ ਐ। ਇੱਥੋਂ ਤਕ ਕਿ ਜੱਟਾਂ ਦੀਆਂ ਕਈ ਜਾਤਾਂ ਗੋਤਾਂ ਬਾਰੇ ਤਾਂ ਮੁਹਾਵਰੇ ਬਣੇ ਹੋਏ ਹਨ। ਇਕੋ ਬਜ਼ੁਰਗ ਔਲਾਦ ਹੋਣ ਕਰਕੇ ਆਖਿਆ ਜਾਂਦਾ ਹੈ, ‘ਚੀਮੇ ਚੱਠੇ, ਖਾਣਾ ਪੀਣਾ ਆਪਣਾ, ਲੜਨ ਭਿੜਨ ਨੂੰ ਇਕੱਠੇ।’ ਸ਼ਰੀਕੇਬਾਜ਼ੀ ਸਭ ਤੋਂ ਪਹਿਲਾਂ ਸਕਿਆਂ ਭਰਾਵਾਂ ਵਿਚ ਹੁੰਦੀ ਹੈ, ਚਾਚੇ ਤਾਏ ਦਿਆਂ ਪੁੱਤਾਂ ਨਾਲ ਹੁੰਦੀ ਹੈ, ਫੇਰ ਤੀਜੀ ਪੀੜ੍ਹੀ ਦੇ ਦੂਰ ਦੇ ਭਰਾਵਾਂ ਨਾਲ ਹੁੰਦੀ ਹੈ। ਮਰਦਾਂ ਮਗਰੇ ਦਰਾਣੀਆਂ ਜੇਠਾਣੀਆਂ ਵੱਲ ਵਧ ਜਾਂਦੀ ਹੈ:
ਨੀਂ ਐਧਰ ਆ ਸ਼ਰੀਕਣੀਏ ਨੀਂ ਆਢਾ ਲਾ ਸ਼ਰੀਕਣੀਏ।
ਭੈਣਾਂ ਵਿਚ ਵੀ ਸ਼ਰੀਕੇਬਾਜ਼ੀ ਹੁੰਦੀ ਹੈ ਜੋ ਸਾਢੂਆਂ ਦੇ ਰੂਪ ਵਿਚ ਵਧੇਰੇ ਉਗਰ ਹੋ ਜਾਂਦੀ ਹੈ। ਅਸਲ ਵਿਚ ਭੈਣਾਂ ਭਰਾਵਾਂ ਵਿਚ ਤਾਂ ਖੂਨ ਦੀ ਸਾਂਝ ਵੀ ਹੁੰਦੀ ਹੈ, ਪਰ ਦਰਾਣੀਆਂ ਜੇਠਾਣੀਆਂ ਤੇ ਸਾਢੂ ਤਾਂ ਵੱਖਰੇ ਕੁਨਬੇ ਦੇ ਹੁੰਦੇ ਹਨ। ਜਿੱਥੇ ਭਰਾ ਸਾਢੂ ਵੀ ਹੋਣ, ਉੱਥੇ ਵੀ ਕਈ ਵਾਰ ਸ਼ਰੀਕੇਬਾਜ਼ੀ ਵਧ ਜਾਂਦੀ ਹੈ।
ਹੈਰਾਨੀ ਦੀ ਗੱਲ ਹੈ ਕਿ ਪਿੰਡ ਕੇਂਦਰਿਤ ਖੇਤੀ ਆਧਾਰਿਤ ਸਮਾਜ ਦੀ ਸ਼ਰੀਕੇਬਾਜ਼ੀ ਹੁਣ ਦਫ਼ਤਰਾਂ ਜਾਂ ਹੋਰ ਅਦਾਰਿਆਂ ਵਿਚ ਵੀ ਆ ਗਈ ਹੈ। ਜਮਾਤੀਆਂ ਵਿਚ ਵੀ ਇਹ ਸ਼ਰੀਕੇਬਾਜ਼ੀ ਦਿਖਾਈ ਦਿੰਦੀ ਹੈ। ਪਹਿਲਾਂ ਪਰਿਵਾਰ ਦੇ ਹਿੱਤ ਇਕ ਦੂਜੇ ਨੂੰ ਜੋੜਦੇ ਸੀ, ਉਸੇ ਤਰ੍ਹਾਂ ਹੀ ਦਫ਼ਤਰਾਂ ਤੇ ਹੋਰ ਅਦਾਰਿਆਂ ਵਿਚ ਵਰਗ ਵਜੋਂ ਹਿਤ ਸਾਂਝੇ ਹਨ, ਪਰ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ, ਨਿਯੁਕਤੀਆਂ ਅਤੇ ਉਨਤੀ ਸਮੇਂ ਖਹਿਭੇੜ ਵਧ ਜਾਂਦੀ ਹੈ। ਜਿੱਥੇ ਸ਼ਰੀਕੇਬਾਜ਼ੀ ਵਿਚ ਖੂਨ ਦੀ ਸਾਂਝ, ਸਾਂਝੀ ਪਰਿਵਾਰਕ ਜਾਇਦਾਦ, ਵਿਰਾਸਤੀ ਗੌਰਵ ਅਤੇ ਇਤਿਹਾਸ ਜੋੜੀ ਰੱਖਦਾ ਹੈ, ਉੱਥੇ ਦਫ਼ਤਰਾਂ ਅਤੇ ਜਮਾਤੀਆਂ ਵਿਚ ਵਣ ਵਣ ਦੀ ਲੱਕੜੀ ਹੋਣ ਕਰਕੇ ਲੜਾਈ ਥੋੜ੍ਹੀ ਵੱਖਰੀ ਹੋ ਜਾਂਦੀ ਹੈ।
ਕਥਾ ਹੈ ਕਿ ਬੰਦੇ ਨੇ ਦੁੱਖ ਦਲਿੱਦਰ ਗ਼ਰੀਬੀ ਦੂਰ ਕਰਨ ਲਈ ਰੱਬ ਦੀ ਭਗਤੀ ਕੀਤੀ। ਰੱਬ ਨੇ ਆਖਿਆ ਮੰਗ ਲੈ ਜੋ ਮੰਗਣਾ, ਪਰ ਸ਼ਰਤ ਇਹ ਹੈ ਕਿ ਜੋ ਤੈਨੂੰ ਮਿਲੂ ਤੇਰੇ ਸ਼ਰੀਕ ਨੂੰ ਦੁੱਗਣਾ ਮਿਲੂ। ਕਹਿੰਦੇ ਬੰਦੇ ਨੇ ਲੱਖ ਮੋਹਰਾਂ ਮੰਗ ਲਈਆਂ, ਉਸ ਦੇ ਵਿਹੜੇ ਵਿਚ ਲੱਖ ਦੀ ਪੋਟਲੀ ਆ ਡਿੱਗੀ, ਪਰ ਨਾਲ ਹੀ ਸ਼ਰੀਕ ਦੇ ਵਿਹੜੇ ਤੁਰੰਤ ਦੋ ਪੋਟਲੀਆਂ ਆ ਡਿੱਗੀਆਂ। ਉਸ ਨੇ ਕਾਰ ਮੰਗੀ ਸ਼ਰੀਕ ਦੇ ਦੋ ਕਾਰਾਂ ਦੀਆਂ ਚਾਬੀਆਂ ਆ ਗਈਆਂ ਤਾਂ ਉਸ ਨੇ ਖਿੱਝ ਕੇ ਸੋਚਿਆ ਮੇਰੀ ਭਗਤੀ ਦਾ ਕੀ ਫਾਇਦਾ ਜੇ ਸ਼ਰੀਕ ਨੂੰ ਦੁੱਗਣਾ ਮਿਲਣੈ। ਅਖੀਰ ਉਸ ਨੇ ਸੋਚ ਵਿਚਾਰ ਕੇ ਮੰਨਤ ਮੰਗੀ ਕਿ ਮੇਰੀ ਇਕ ਅੱਖ ਫੁੱਟਜੇ। ਇਸ ਨਾਲ ਸ਼ਰੀਕ ਅੰਨ੍ਹਾ ਹੋ ਗਿਆ। ਉਸ ਨੂੰ ਆਪਣੀ ਅੱਖ ਫੁੱਟੀ ਦਾ ਕੋਈ ਅਫ਼ਸੋਸ ਨਹੀਂ ਸੀ, ਸ਼ਰੀਕ ਦੇ ਅੰਨ੍ਹੇ ਹੋਣ ਦੀ ਖੁਸ਼ੀ ਸੀ। ਸ਼ਰੀਕ ਸਾਕ ਨਹੀਂ ਹੋਣ ਦਿੰਦੇ। ਭਾਨੀਮਾਰ ਅਕਸਰ ਸ਼ਰੀਕ ਹੀ ਹੁੰਦੇ ਹਨ। ਸ਼ਰੀਕ ਮਰਨ ’ਤੇ ਵਿਹੜਾ ਮੋਕਲਾ ਹੁੰਦਾ ਹੈ। ਸ਼ਰੀਕ, ਸ਼ਰੀਕ ਮਰੇ ਤੋਂ ਅੱਖਾਂ ਨੂੰ ਥੁੱਕ ਲਾ ਕੇ ਰੋਂਦੇ ਨੇ। ਸੋ ਅਸਲ ਸ਼ਰੀਕੇਬਾਜ਼ੀ ਦਾ ਕਾਰਨ ਜਾਇਦਾਦ ਬਣਦੀ ਹੈ। ਜਿੱਥੇ ਵੀ ਇਕ ਜਾਂ ਥੋੜ੍ਹੀ ਚੀਜ਼ ਹੁੰਦੀ ਹੈ। ਦੋ ਜਾਂ ਵੱਧ ਨੂੰ ਵੰਡਣੀ ਪੈਂਦੀ ਹੈ, ਉੱਥੇ ਝਗੜਾ ਖੜ੍ਹਾ ਹੁੰਦਾ ਹੈ। ਪੰਜਾਬੀ ਵਿਚ ਇਕ ਬੋਲੀ ਵੀ ਹੈ :
ਜਾਨ ਮੁੱਠੀ ਵਿਚ ਆਈ ਨੀਂ ਸੱਸ ਨੇ ਸ਼ਰੀਕ
ਇਸੇ ਸ਼ਰੀਕੇਬਾਜ਼ੀ ਨੇ ਕੌਰਵਾਂ, ਪਾਂਡਵਾਂ ਦਾ ਯੁੱਧ ਕਰਵਾਇਆ। ਗੁੱਗਾ ਵੀ ਸ਼ਰੀਕੇਬਾਜ਼ੀ ਦਾ ਮਾਰਿਆ ਸੀ। ਸਕਿਆਂ ਅਤੇ ਚਾਚੇ ਤਾਇਆ ਤੋਂ ਬਾਅਦ ਮਤਰੇਇਆਂ ਵਿਚ ਵਧੇਰੇ ਦੁਸ਼ਮਣੀ ਹੁੰਦੀ ਹੈ। ਉੱਥੇ ਮਤਰੇਈ ਮਾਂ ਵੀ ਧਿਰ ਬਣ ਜਾਂਦੀ ਹੈ। ਰਾਮ ਤੇ ਭਰਤ ਦਾ ਪਿਆਰ ਸੀ, ਪਰ ਕੈਕਈ ਨੇ ਰਾਮ ਨੂੰ ਬਣਵਾਸ ਤੇ ਭਰਤ ਨੂੰ ਰਾਜ ਦਿਵਾਇਆ। ਰਾਵਣ ਤੇ ਵਿਭੀਸ਼ਣ ਵਿਰੋਧੀ ਖੇਮਿਆਂ ਵਿਚ ਖੜ੍ਹੇ ਸਨ। ਬਾਲੀ ਤੇ ਸੁਗਰੀਵ ਦਾ ਵੀ ਯੁੱਧ ਹੋਇਆ ਸੀ। ਇਹ ਕਹਾਣੀਆਂ ਪੁਰਾਣੀਆਂ ਨਹੀਂ, ਸਗੋਂ ਹੁਣ ਵੀ ਚੱਲ ਰਹੀਆਂ ਹਨ। ਪੰਜਾਬ ਦੇ ਵੱਡੇ ਸਿਆਸੀ ਪਰਿਵਾਰ ਵਿਚ ਜੇ ਇਕ ਦੇ ਨਾਂ ’ਤੇ ਰਾਜਸੀ ਦਲ ਦਾ ਨਾਂ ਵੱਜਦਾ ਹੈ ਤਾਂ ਦੂਸਰੇ ਨੇ ਦਲ ਬਦਲ ਲਿਆ, ਤਾਏ ਦੀਆਂ ਦਿੱਤੀਆਂ ਖ਼ਜ਼ਾਨੇ ਦੀਆਂ ਚਾਬੀਆਂ ਰਾਸ ਨਹੀਂ ਆਈਆਂ ਹਨ। ਸ਼ਰੀਕੇਬਾਜ਼ੀ ਬਿਨਾਂ ਤਾਂ ਸਾਡੀਆਂ ਪਿਆਰ ਕਹਾਣੀਆਂ ਵੀ ਨਹੀਂ ਬਣਨੀਆਂ ਸਨ। ਜੇ ਰਾਂਝੇ ਨੂੰ ਭਰਾ ਮਾੜੀ ਜ਼ਮੀਨ ਨਾ ਦਿੰਦੇ ਅਤੇ ਭਾਬੀਆਂ ਮਿਹਣੇ ਨਾ ਮਾਰਦੀਆਂ ਤਾਂ ਉਹਨੇ ਕਿੱਥੋਂ ਹੀਰ ਤਕ ਪਹੁੰਚਣਾ ਸੀ। ਪਰ ਇਸ ਦੇ ਉਲਟ ਵੀ ਹੈ ਕਿ ਮਿਰਜ਼ਾ ਬਾਂਝ ਭਰਾਵਾਂ ਮਾਰਿਆ ਗਿਆ। ਭਾਈਆਂ ਬਾਂਝ ਨਾ ਮਜਲਸਾਂ ਸੋਹਦੀਆਂ, ਭਾਈ ਮਰੇ ਤਾਂ ਟੁੱਟਦੀ ਬਾਂਹ ਲੋਕੋ। ਇਸੇ ਕਰਕੇ ਮੁਹਾਵਰਾ ਹੈ ਜੇ ਆਪਣਾ ਮਾਰੂ ਤਾਂ ਛਾਵੇਂ ਸੁੱਟੂ, ਪਰ ਸ਼ਰੀਕੇਬਾਜ਼ੀ ਵਿਚ ਆਪਸੀ ਮੁਕਾਬਲਾ ਅਤੇ ਲਾਗਡਾਟ ਵੀ ਬਹੁਤ ਹੁੰਦੀ ਹੈ। ਭੱਜੀਆਂ ਬਾਹਾਂ ਗਲ ਨੂੰ ਆਉਂਦੀਆਂ ਨੇ। ਇਹ ਵੀ ਸੱਚ ਹੈ। ਮੁਸੀਬਤ ਸਮੇਂ ਭੈਣ ਭਰਾ ਹੀ ਖੜ੍ਹਦੇ ਹਨ, ਭੈਣ ਭਾਈ ਗੁਰਦੇ ਤਕ ਦਾਨ ਕਰ ਦਿੰਦੇ ਹਨ।
ਕਹਿੰਦੇ ਇਕ ਵਾਰ ਦੋ ਭਰਾ ਲੜ ਪਏ। ਪਾਸਿਉਂ ਕਿਸੇ ਨੇ ਆ ਕੇ ਇਕ ਦੀ ਵਾਹਰ (ਪੱਖ) ਕਰਾਉਣੀ ਸ਼ੁਰੂ ਕਰ ਦਿੱਤੀ। ਦੋਹਾਂ ਭਰਾਵਾਂ ਨੇ ਆ ਦੇਖਿਆ ਨਾ ਤਾਅ ਦੇਖਿਆ, ਵਾਹਰ ਕਰਾਉਣ ਵਾਲਾ ਢਾਹ ਲਿਆ। ਕਹਿੰਦੇ ਅਸੀਂ ਆਪਸ ਵਿਚ ਜਿਵੇਂ ਮਰਜ਼ੀ ਨਿੱਬੜੀਏ ਤੂੰ ਕੌਣ ਏ ਭਰਾਵਾਂ ਵਿਚ ਆਉਣ ਵਾਲਾ ? ਭਰਾਵਾਂ ਦੀ ਸ਼ਰੀਕੇਬਾਜ਼ੀ ਵਿਚ ਜੇ ਇਕ ਭਰਾ 25 ਘੋੜਿਆਂ ਦੀ ਤਾਕਤ ਵਾਲਾ ਟਰੈਕਟਰ ਲੈ ਲਿਆ ਹੈ ਤਾਂ ਦੂਜੇ ਨੂੰ ਓਨੀ ਦੇਰ ਚੈਨ ਨਹੀਂ ਆਉਂਦਾ ਜਿੰਨੀ ਦੇਰ 50 ਘੋੜਿਆਂ ਦੀ ਤਾਕਤ ਵਾਲਾ ਨਾ ਲੈ ਆਵੇ। ਜੇ ਇਕ ਭਰਾ ਕੋਠੀ ਪਾ ਲੈਂਦਾ ਹੈ ਤਾਂ ਦੂਜੇ ਨੂੰ ਦੋ ਮੰਜ਼ਲੀ ਪਾਉਣੀ ਪੈਂਦੀ ਹੈ। ਜੇ ਇਕ ਦੇ ਮੁੰਡੇ ਨੇ ਵਿਆਹ ’ਤੇ 10 ਲੱਖ ਵਾਲਾ ਗਾਇਕ ਲਗਾਇਆ ਤਾਂ ਦੂਜੇ ਨੂੰ 20 ਲੱਖ ਪੱਟਣਾ ਪੈਂਦਾ ਹੈ। ਤੁਸੀਂ ਆਖੋਗੇ ਕਿ ਇਹ ਫੁਕਰੇਬਾਜ਼ੀ ਹੈ, ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ, ਪਰ ਸ਼ਰੀਕੇਬਾਜ਼ੀ ਦੇ ਆਪਣੇ ਨਿਯਮ ਹਨ ਜੋ ਆਰਥਿਕ ਮਾਹਿਰਾਂ ਤੇ ਦੁਨਿਆਵੀ ਸਿਆਣਪਾਂ ਤੋਂ ਪਰੇ ਵਿਚਰਦੇ ਹਨ। ਇਹ ਹਿੰਸਕ ਜੀਵਾਤਮਕ ਪ੍ਰਵਿਰਤੀ ਦਾ ਗੌਰਵਸ਼ਾਲੀ ਸੱਭਿਆਚਾਰੀਕਰਨ ਹੈ। ਸ਼ਰੀਕੇ ਵਿਚ ਖੰਗੂਰੇ, ਥੁੱਕਣ ਅਤੇ ਮੁੱਛਾਂ ਨੂੰ ਵੱਟ ਚਾੜ੍ਹਨ ਦੇ ਵੱਖਰੇ ਅਰਥ ਹਨ।
ਪੰਜਾਬੀ ਸਮਾਜ ਵਿਚ ਜਿਉਂ ਜਿਉਂ ਸ਼ਹਿਰੀਕਰਨ ਹੋਇਆ ਹੈ ਤਾਂ ਸ਼ਰੀਕੇਬਾਜ਼ੀ ਖ਼ਤਮ ਨਹੀਂ ਹੋਈ ਸਗੋਂ ਨਵੇਂ ਰਿਸ਼ਤਿਆਂ ਵਿਚ ਨਵੇਂ ਢੰਗ ਨਾਲ ਰੂਪਾਂਤਰਤ ਹੋਈ ਹੈ। ਨਵੀਆਂ ਕਾਲੋਨੀਆਂ ਵਿਚ ਗੁਆਂਢੀ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ ਹਨ। ਜੇ ਇਕ ਦੀ ਫੁਲਵਾੜੀ ਵਿਚ ਦੋ ਫੁੱਲ ਖਿੜ ਜਾਣ ਤਾਂ ਦੂਜੇ ਦੇ ਮਾਲੀ ਨੂੰ ਅਗਲੇ ਦਿਨ ਝਿੜਕਾਂ ਖਾਣੀਆਂ ਪੈਂਦੀਆਂ ਹਨ। ਕਈ ਵਾਰ ਤਾਂ ਬਾਜ਼ਾਰੋਂ ਉੱਗੇ ਉਗਾਏ, ਲੱਗੇ ਲਗਾਏ ਫੁੱਲ ਬੂਟੇ ਰਾਤੋ ਰਾਤ ਲਾਏ ਜਾਂਦੇ ਹਨ। ਮਾੜੀ ਗੱਲ ਤਾਂ ਉਦੋਂ ਵਾਪਰਦੀ ਹੈ ਜਦੋਂ ਰਾਤ ਬਰਾਤੇ ਗੁਆਂਢੀਆਂ ਦੇ ਪੁੱਟ ਵੀ ਦਿੱਤੇ ਜਾਂਦੇ ਹਨ। ਫਿਰ ਭਾਵੇਂ ਸੀਸੀ ਟੀ.ਵੀ. ਵਿਚ ਫੜੇ ਵੀ ਜਾਣ।
ਸ਼ਰੀਕੇਬਾਜ਼ੀ ਦੀ ਸਿਰੇ ਦੀ ਲੋਕਕਥਾ ਇਸ ਤਰ੍ਹਾਂ ਹੈ ਕਿ ਇਕੱਲੇ ਕਹਿਰੇ ਨਵ ਵਿਆਹੇ ਗੱਭਰੂ ਦੀ ਬੇਔਲਾਦੇ ਦੀ ਮੌਤ ਹੋ ਗਈ। ਜਦੋਂ ਉਸ ਦੀ ਘਰਵਾਲੀ ਅਤੇ ਸਹੁਰਾ ਆਪਣੀ ਗੁਜ਼ਰ ਬਸ਼ਰ ਕਰਨ ਲਈ ਜ਼ਮੀਨ ਸੰਭਾਲਦੇ ਹਨ ਤਾਂ ਸ਼ਰੀਕ ਮਿਹਣਾ ਮਾਰਦੇ ਹਨ ‘‘ਆਖ਼ਰ ਇਹ ਔਤਾਂ ਦੀ ਸਾਡੇ ਕੋਲ ਹੀ ਆਉਣੀ ਹੈ।’’ ਇਸ ਤੋਂ ਗੁੱਸਾ ਖਾ ਕੇ ਨੂੰਹ ਆਪਣੇ ਸਹੁਰੇ ਲਈ ਆਪਣੀ ਛੋਟੀ ਭੈਣ ਦਾ ਰਿਸ਼ਤਾ ਲਿਆਉਂਦੀ ਹੈ ਯਾਨੀ ਨੂੰਹ ਸਹੁਰੇ ਦੀ ਸਾਲੀ ਬਣਦੀ ਹੈ। ਭੈਣ ਦੇ ਪੇਟੋਂ ਪੈਦਾ ਹੋਏ ਸਹੁਰੇ ਦੇ ਮੁੰਡੇ ਭਾਵ ਆਪਣੇ ਦਿਉਰ ਦੇ ਜੁਆਨ ਹੋਣ ’ਤੇ ਚਾਦਰ ਪਾ ਕੇ ਖ਼ੁਦ ਬੱਚਾ ਜਣਦੀ ਹੈ। ਇੰਜ ਉਹ ਆਪਣੀ ਜ਼ਮੀਨ ਸ਼ਰੀਕਾਂ ਕੋਲ ਜਾਣ ਤੋਂ ਰੋਕਦੀ ਹੈ। ਆਧੁਨਿਕ ਤਰਕਸ਼ੀਲ, ਨਾਰੀ ਪੱਖੀ ਵਿਚਾਰਾਂ ਦੇ ਲੋਕ ਉਮਰਾਂ ਦੇ ਫ਼ਰਕ, ਲੰਮੇ ਸੰਤਾਪ, ਕਾਰਨ ਇਸ ਕਥਾ ਨੂੰ ਲੱਖ ਨਿੰਦਦੇ ਹੋਣ, ਪਰ ਲੋਕਮਨ ਅਜਿਹੀਆਂ ਕਥਾਵਾਂ ਨੂੰ ਆਦਰਸ਼ ਵਜੋਂ ਪ੍ਰਵਾਨਦਾ ਹੈ।
ਸੋ ਇਕ ਪਾਸੇ ਜੇ ਰਾਂਝੇ ਦੇ ਭਰਾ ਹੀ ਉਸ ਨੂੰ ਮਾੜੀ ਜ਼ਮੀਨ ਦਿੰਦੇ ਹਨ ਤਾਂ ਦੂਜੇ ਪਾਸੇ ਮਿਰਜ਼ੇ ਬਾਰੇ ਸਾਰੇ ਕਿੱਸਾਕਾਰ ਇਕੋ ਝੋਰਾ ਕਰਦੇ ਹਨ ਕਿ ਉਹ ਬਾਂਝ ਭਰਾਵਾਂ ਮਾਰਿਆ ਗਿਆ। ਭਰਾ ਬਾਹਵਾਂ ਹੁੰਦੇ ਨੇ, ਬੰਦਾ ਭਰਾਵਾਂ ਨਾਲ ਹੀ ਵੱਡਾ ਹੁੰਦਾ ਹੈ। ਦੁੱਲ੍ਹੇ ਭੱਟੀ ਤੇ ਮੇਹਰੂ ਪੋਸਤੀ ਦੋਹਾਂ ਭਰਾਵਾਂ ਦੀ ਬਣਦੀ ਨਹੀਂ ਸੀ, ਪਰ ਆਖ਼ਰ ਮੇਹਰੂ ਪੋਸਤੀ ਹੀ ਦੁੱਲ੍ਹੇ ਦੀ ਧਿਰ ਬਣ ਕੇ ਖੜ੍ਹਦਾ ਹੈ, ਲੜਦਾ ਹੈ। ਦੂਸਰੇ ਓਪਰੇ ਗੈਰਾਂ ਨਾਲ ਲੜਨ ਸਮੇਂ, ਜਾਇਦਾਦ ਦੀ ਰੱਖਿਆ ਸੁਰੱਖਿਆ ਲਈ ਸ਼ਰੀਕਾ ਹੀ ਖੜ੍ਹਦਾ ਹੈ, ਸ਼ਰੀਕਾ ਹੀ ਕੰਮ ਆਉਂਦਾ ਹੈ, ਪਰ ਆਪਸੀ ਵੰਡ ਸਮੇਂ ਖੂਨੀ ਜੰਗ ਵੀ ਹੁੰਦੀ ਹੈ। ਖੂਨ ਦੀ ਸਾਂਝ ਖੂਨੀ ਜੰਗ ਵਿਚ ਬਦਲ ਜਾਂਦੀ ਹੈ। ਜਿੰਨੀ ਜਾਇਦਾਦ ਵੱਡੀ ਹੋਵੇਗੀ ਓਨਾ ਹੀ ਖੂਨ ਖਰਾਬਾ ਵੱਡਾ ਹੋਵੇਗਾ। ਬਾਦਸ਼ਾਹਤ ਦੀ ਇਕ ਹੀ ਗੱਦੀ ਹੁੰਦੀ ਹੈ ਸੋ ਖੂਨ ਖਰਾਬਾ ਹੋਰ ਵੀ ਵੱਡਾ ਹੋਵੇਗੇ। ਅਸ਼ੋਕ ਮਹਾਨ ਭਾਵੇਂ ਬਾਅਦ ਵਿਚ ਕਲਿੰਗਾ ਦੀ ਲੜਾਈ ਉਪਰੰਤ ਅਹਿੰਸਕ ਬੁੱਧ ਮੱਤ ਦਾ ਧਾਰਨੀ ਬਣ ਗਿਆ, ਪਰ ਅਸਲ ਚੱਕਰਵਰਤੀ ਸਮਰਾਟ ਤਾਂ ਆਪਣੇ ਭਰਾਵਾਂ ਨੂੰ ਮਾਰ ਕੇ ਹੀ ਬਣਿਆ ਸੀ, ਮਿਥਿਹਾਸਕ ਕਥਾਵਾਂ ਅਨੁਸਾਰ ਤਾਂ ਸੌ ਭਾਈ ਮਾਰੇ ਸੀ। ਔਰੰਗਜ਼ੇਬ ਨੇ ਆਪਣੇ ਭਰਾਵਾਂ ਨਾਲ ਕੀ ਕੀਤਾ ਸੀ, ਇਹ ਜੱਗ ਜ਼ਾਹਰ ਹੈ। ਗੱਦੀ ਦੀ ਲੜਾਈ ਤੋਂ ਤਾਂ ਗੁਰੂ, ਪੀਰ, ਪੈਗੰਬਰ, ਔਲੀਏ ਵੀ ਨਹੀਂ ਬਚੇ, ਉੱਥੇ ਵੀ ਸ਼ਰੀਕੇਬਾਜ਼ੀ ਰੰਗ ਦਿਖਾ ਜਾਂਦੀ ਹੈ।
ਥੋੜ੍ਹੀਆਂ ਜਾਂ ਬਹੁਤੀਆਂ ਸ਼ਰੀਕੇਬਾਜ਼ੀਆਂ ਤਾਂ ਹਰ ਦੇ ਹੱਡਾਂ ’ਤੇ ਬੀਤਦੀਆਂ ਹਨ ਭਾਵੇਂ ਕੋਈ ਉਸ ਨੂੰ ਜੱਗਬੀਤੀਆਂ ਬਣਾ ਕੇ ਪੇਸ਼ ਕਰੇ। ਮੇਰਾ ਇਕ ਵਿਦਿਆਰਥੀ ਹਰ ਸਮੇਂ ਆਪਣੇ ਭਾਈਆਂ ਵੱਲੋਂ ਕੀਤੇ ਧੋਖੇ ਦਾ ਹੀ ਰੋਣਾ ਰੋਂਦਾ ਰਹਿੰਦਾ ਹੈ ਕਿ ਕਿਵੇਂ ਉਹ ਕਮਾਈ ਕਰਦਾ ਰਿਹਾ, ਭਰਾ ਇਕੱਲਾ ਆਪਣੇ ਨਾਂ ਜਇਦਾਦ ਬਣਾਉਂਦਾ ਰਿਹਾ। ਪਰਵਾਸੀਆਂ ਦੇ ਅਜਿਹੇ ਵਧੇਰੇ ਅਨੁਭਵ ਹਨ। ਇਸ ਦੇ ਉਲਟ ਮੇਰਾ ਇਕ ਸਹਿਕਰਮੀ ਅਧਿਆਪਕ ਹਮੇਸ਼ਾਂ ਆਪਣੇ ਭਰਾਵਾਂ ਦਾ ਮਾਣ ਕਰਦਾ ਰਿਹਾ ਕਿ ਮੈਂ ਅੱਜ ਜੋ ਵੀ ਹਾਂ ਆਪਣੇ ਭਾਈਆਂ ਦੀ ਬਦੌਲਤ ਹਾਂ। ਮੇਰਾ ਇਕ ਅਧਿਆਪਕ ਸੋਫੀ ਤਾਂ ਭਾਈਆਂ ਦੀਆਂ ਬਦਖੋਈਆਂ ਕਰਦਾ ਰਹਿੰਦਾ ਹੈ, ਪਰ ਦਾਰੂ ਪੀ ਕੇ ਉਨ੍ਹਾਂ ਨੂੰ ਹੀ ਫੋਨ ਲਾ ਲੈਂਦਾ ਹੈ ਅਤੇ ਆਪਣੇ ਭਾਈਆਂ ਦੀਆਂ ਫੜ੍ਹਾ ਮਾਰਦਾ ਰਹਿੰਦਾ ਹੈ। ਮਾਲਵੇ ਦੇ ਇਕ ਪ੍ਰਸਿੱਧ ਸਾਹਿਤਕਾਰ ਦਾ ਆਪਣੇ ਭਰਾ ਨਾਲ ਝਗੜਾ ਇੰਨਾ ਵਧਿਆ ਕਿ ਕਚਹਿਰੀ ਤਾਂ ਪਾਸੇ ਰਹਿ ਗਈ, ਇਕ ਭਰਾ ਨੂੰ ਦੂਜੇ ਦੀ ਬਰਾਬਰੀ ਕਰਨ ਲਈ ਨਾਵਲ ਲਿਖਣਾ ਪਿਆ।
ਸ਼ਰੀਕੇਬਾਜ਼ੀ ਦਾ ਅਸਲ ਰੂਪ ਤਾਂ ਵਿਆਹਾਂ ਸਮੇਂ ਸਾਹਮਣੇ ਆਉਂਦਾ ਹੈ। ਜਦੋਂ ਸ਼ਰੀਕ ਬੁਲਾਉਣੇ ਹੀ ਪੈਂਦੇ ਹਨ। ਇਹ ਵੇਲਾ ਪੁਰਾਣੇ ਗੁੱਸੇ ਗਿਲੇ ਭੁਲਾਉਣ, ਰੁੱਸੇ ਮਨਾਉਣ ਦਾ ਵੀ ਹੁੰਦਾ ਹੈ, ਪਰ ਕਈ ਵਾਰੀ ਵਿਆਹਾਂ ਵਿਚ ਵੀ ਨਵਾਂ ਬਖੇੜਾ ਖੜ੍ਹਾ ਹੋ ਜਾਂਦਾ ਹੈ ਕਿ ਸਾਨੂੰ ਬਣਦਾ ਆਦਰ ਮਾਣ ਨਹੀਂ ਦਿੱਤਾ ਜਾ ਰਿਹਾ। ਸ਼ਰੀਕਾ ਆ ਕੇ ਵੀ ਵੱਟਿਆ ਵੱਟਿਆ ਰਹਿੰਦਾ ਹੈ। ਬਿਨਾਂ ਕਿਸੇ ਮਤਲਬ ਝੱਜੂ (ਕਲੇਸ਼) ਪਾਉਂਦਾ ਹੈ, ਬੋਲੀਆਂ ਮਾਰਦਾ। ਬੋਲ ਸ਼ਰੀਕ ਦਾ ਫੱਟ ਤਲਵਾਰ ਦਾ। ਆਮ ਆਖਿਆ ਜਾਂਦਾ ਹੈ ਕਿ ਸ਼ਰੀਕ ਨੂੰ ਜੰਨ ਚੜ੍ਹਾਉਣਾ ਬੜਾ ਔਖਾ ਹੁੰਦਾ ਹੈ। ਇਹ ਵੀ ਮੁਹਾਵਰਾ ਹੈ- ਇਹ ਸ਼ਰੀਕ ਬੱਸ ਸਿਹਰੇ ਬੰਨ੍ਹ ਕੇ ਨੀਂ ਢੁੱਕਦਾ ਬਾਕੀ ਕੋਈ ਕੱਚ ਨਹੀਂ ਛੱਡਦਾ।
ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ
ਮਹਿੰਦੀ ਬਾਗ਼ ਵਿਚ ਰਹਿੰਦੀ
ਘੋਟ ਘਾਟ ਕੇ ਲਾਈ ਹੱਥਾਂ ’ਤੇ ਫੋਲਕ ਬਣ ਬਣ ਰਹਿੰਦੀ
ਬੋਲ ਸ਼ਰੀਕਾਂ ਦੇ ਮੈਂ ਨਾ ਬਾਬਲਾ ਸਹਿੰਦੀ।
ਰਿਸ਼ਤਿਆਂ ਪੱਖੋਂ ਮਾਨਵੀ ਸਮਾਜ ਸਾਕਾਦਾਰੀ ਅਤੇ ਸ਼ਰੀਕੇ ਰਾਹੀਂ ਹੋਂਦ ਵਿਚ ਆਉਂਦਾ ਹੈ। ਬਾਪ ਦਾਦੇ ਵਾਲੇ ਪਾਸਿਓਂ ਖੂਨ ਦੇ ਸਾਰੇ ਰਿਸ਼ਤੇ ਆਪਸ ਵਿਚ ਸਾਂਝੇ ਹੁੰਦੇ ਹਨ, ਦੂਜੇ ਪਾਸੇ ਸਾਕ ਆਪਣੇ ਪਿੰਡੋਂ, ਗੋਤੋਂ ਬਾਹਰੋਂ ਲੜਕੀ ਵਿਆਹਕੇ ਲਿਆਉਣ ਨਾਲ ਬਣਦਾ ਹੈ। ਹਿੰਦੂ ਸਿੱਖ ਸਮਾਜਾਂ ਵਿਚ ਸਾਕਾਂ ਨਾਲ ਖ਼ੂਨ ਦਾ ਰਿਸ਼ਤਾ ਨਹੀਂ ਹੁੰਦਾ, ਪਰ ਮੁਸਲਮਾਨ ਸੱਭਿਆਚਾਰ ਵਿਚ ਸ਼ਰੀਕ ਅਤੇ ਸਾਕ ਘੁਲੇ ਮਿਲੇ ਰਹਿੰਦੇ ਹਨ। ਪੁਰਾਣੇ ਪੇਂਡੂ ਪੰਜਾਬੀ ਸਮਾਜ ਵਿਚ ਕੰਮ ਕਿੱਤਾ ਅਤੇ ਖੇਤ ਖਿੱਤਾ ਨਹੀਂ ਬਦਲਦਾ ਸੀ, ਔਰਤ ਬਾਹਰੋਂ ਵਿਆਹਕੇ ਲਿਆਂਦੀ ਜਾਂਦੀ ਸੀ, ਪਰ ਸਾਰੀ ਉਮਰ ਬੰਦੇ ਨੇ ਆਪਣੇ ਸ਼ਰੀਕੇ ਵਿਚ ਰਹਿਣਾ ਸੀ। ਸਾਕਾਂ ਨਾਲ ਤਾਂ ਕਦੇ ਖਾਸ ਮੌਕਿਆਂ ’ਤੇ ਹੀ ਵਰਤਣਾ ਸੀ। ਆਧੁਨਿਕ ਸਮਾਜ ਵਿਚ ਬਹੁਤੀ ਵਾਰ ਮੁੰਡਾ ਕੁੜੀ ਦੋਵੇਂ ਆਪਣੇ ਮਾਪਿਆਂ ਦਾ ਘਰ ਛੱਡ ਕੇ ਆਪਣੇ ਕੰਮ ਸਥਾਨ ਚਲੇ ਜਾਂਦੇ ਹਨ। ਇੱਥੇ ਸ਼ਰੀਕਾ ਪਿੱਛੇ ਰਹਿ ਜਾਂਦਾ ਹੈ। ਕਈ ਵਾਰ ਸਾਕ ਨੇੜੇ ਹੋ ਜਾਂਦੇ ਹਨ। ਕਈ ਵਾਰ ਤਾਂ ਸ਼ਰੀਕਾ ਕਬੀਲਾ ਅੰਗ ਸਾਕ ਬਹੁਤ ਪਿੱਛੇ ਰਹਿ ਜਾਂਦੇ ਹਨ ਅਤੇ ਨਵੇਂ ਮਾਹੌਲ ਵਿਚ ਕਿੱਤੇ ਦੀ ਸਾਂਝ, ਖਿੱਤੇ ਦੀ ਸਾਂਝ, ਰੁਚੀਆਂ ਦੀ ਸਾਂਝ, ਨਵੇਂ ਹੀ ਭਾਈਚਾਰੇ ਸਿਰਜੇ ਜਾਂਦੇ ਹਨ। ਇਨ੍ਹਾਂ ਨਵੇਂ ਭਾਈਚਾਰਿਆਂ ਦਰਮਿਆਨ ਆਪਸੀ ਮੁਕਾਬਲੇਬਾਜ਼ੀ ਸਮੇਂ ਵੀ ਸ਼ਰੀਕੇਬਾਜ਼ੀ ਸ਼ਬਦ ਵਰਤ ਲਿਆ ਜਾਂਦਾ ਹੈ, ਪਰ ਅਸਲ ਵਿਚ ਸ਼ਰੀਕਾ ਨਹੀਂ ਹੁੰਦਾ ਕਿਉਂਕਿ ਸ਼ਰੀਕੇ ਵਿਚ ਖ਼ੂਨ ਦਾ ਰਿਸ਼ਤਾ ਹੁੰਦਾ ਹੈ ਜੋ ਗੁੱਸੇ ਗਿਲੇ ਦੇ ਬਾਵਜੂਦ ਵੀ ਜੈਵਿਕ ਤੌਰ ’ਤੇ ਖ਼ਤਮ ਨਹੀਂ ਕੀਤਾ ਜਾ ਸਕਦਾ। ਬਾਕੀ ਨਵੇਂ ਭਾਈਚਾਰੇ ਵਿਚ ਨਾ ਬਣਨ ’ਤੇ ਤੂੰ ਆਪਣੇ ਰਾਹ ਮੈਂ ਆਪਣੇ ਰਾਹ ਹੋ ਸਕਦਾ ਹੈ। ਆਧੁਨਿਕ ਸਮਾਜਾਂ ਵਿਚ ਸਾਂਝੀ ਪੇਂਡੂ ਰਹਿਤਲ ਟੁੱਟ ਗਈ, ਲੋਕ ਸ਼ਹਿਰਾਂ ਵਿਚ ਆ ਗਏ, ਜ਼ੱਦੀ ਜ਼ਮੀਨ ਨਾਲ ਜੁੜੇ ਪੇਸ਼ੇ ਛੁੱਟ ਗਏ। ਲੋਕ ਸਕੂਲਾਂ, ਕਾਲਜਾਂ ਵਿਚ ਪੜ੍ਹਨ ਲੱਗੇ, ਦਫ਼ਤਰਾਂ, ਫੈਕਟਰੀਆਂ ਵਿਚ ਕੰਮ ਕਰਨ ਲੱਗੇ, ਪਰ ਸ਼ਰੀਕੇਬਾਜ਼ੀ ਨਵੇਂ ਰੂਪ ਲੈ ਗਈ। ਕਾਲਜਾਂ ਵਿਚ ਮੁੰਡੇ ਕੁੜੀਆਂ ਪਿੱਛੇ ਲੜਦੇ, ਵੱਧ ਨੰਬਰ ਲੈਣ ਲਈ ਪੜ੍ਹਦੇ, ਵੱਧ ਵੋਟਾਂ ਲੈਣ ਲਈ ਖੜ੍ਹਦੇ ਹੋਏ ਲੜਦੇ ਹਨ। ਹੈਰਾਨੀ ਵਾਲੀ ਗੱਲ ਨਹੀਂ ਕੁੜੀਆਂ ਵੀ ਆਪਸ ਵਿਚ ਲੜਦੀਆਂ, ਜੁੱਟ ਬਣਾਉਂਦੀਆਂ, ਸਾੜਾ ਕਰਦੀਆਂ ਹਨ।
ਸਮਾਜਿਕ ਸਬੰਧਾਂ ਲਈ ਜ਼ਿੰਦਗੀ ਵਿਚ ਸੱਭਿਆਚਾਰਕ ਤੌਰ ’ਤੇ ਸ਼ਰੀਕੇ ਅਤੇ ਸਾਕ ਦੋਹਾਂ ਦੀ ਜ਼ਰੂਰਤ ਹੁੰਦੀ ਹੈ। ਸਾਕ ਜੁੜ ਗਏ ਤਾਂ ਸਾਕ ਰਾਹੀਂ ਆਈ ਕੁੜੀ ਗੋਤ ਕਨਾਲੇ ਰਾਹੀਂ ਤੁਹਾਡੇ ਹੀ ਸ਼ਰੀਕੇ ਕਬੀਲੇ ਵਿਚ ਸ਼ਾਮਲ ਹੋ ਗਈ। ਸ਼ਰੀਕੇ ਨਾਲ ਖੂਨ ਸਾਂਝਾ ਹੈ, ਜੀਵ ਵਿਗਿਆਨਕ ਤੌਰ ’ਤੇ ਜੀਨ ਸਾਂਝੇ ਹਨ, ਵੱਡੇ ਬਜ਼ੁਰਗ ਸਾਂਝੇ ਸਨ। ਇਸੇ ਸ਼ਰੀਕੇ ਵਿਚ ਜ਼ਮੀਨ ਜਾਇਦਾਦ ਵੰਡਣੀ ਹੈ। ਇਸ ਨੂੰ ਸਹਿਜ ਲਓ। ਜੇ ਇੰਨੀ ਗੱਲ ਹੀ ਸਮਝ ਲਵੋ ਕਿ ਜੇ ਬਾਪ ਦੀਆਂ ਹੋਰ ਸੰਤਾਨਾਂ ਹੁੰਦੀਆਂ ਤਾਂ ਫੇਰ ਵੀ ਤਾਂ ਜਾਇਦਾਦ ਘਟਣੀ ਹੀ ਸੀ। ਆਪਸੀ ਈਰਖਾ ਨੂੰ ਹਾਂ ਪੱਖੀ ਲਕੀਰ ਵੱਡੀ ਕਰਨ ਲਈ ਸਿਹਤਮੰਦ ਮੁਕਾਬਲੇ ਵੱਲ ਬਦਲੋ। ਅੱਡੀਆਂ ਚੱਕ ਕੇ ਫਾਹਾ ਨਾ ਲਓ। ਸ਼ਰੀਕੇ ਨਾਲ ਵਿਰਸਾ ਸਾਂਝਾ ਹੈ, ਬਚਪਨ ਦੀਆਂ ਯਾਦਾਂ ਸਾਂਝੀਆਂ ਹਨ, ਉਸ ਦਾ ਆਨੰਦ ਲਵੋ। ਮੁੱਕਦੀ ਗੱਲ ਸ਼ਰੀਕੇ ਵਿਚ ਖ਼ੂਨ ਦੀ ਸਾਂਝ ਹੈ, ਜਾਇਦਾਦ ਸਾਂਝੀ ਹੈ, ਹਿੱਤ ਸਾਂਝੇ ਹਨ। ਇਹ ਗੱਲਾਂ ਆਪਸ ਵਿਚ ਮੋਹ ਪੈਦਾ ਕਰਦੀਆਂ ਹਨ, ਜਾਇਦਾਦ ਲਈ ਇਕੱਠੇ ਲੜਨ ਲਈ ਜਜ਼ਬਾ ਪ੍ਰਦਾਨ ਕਰਦੀਆਂ ਹਨ, ਪਰ ਵੰਡ ਵੇਲੇ ਝਗੜੇ ਪੈਂਦੇ ਹਨ। ਹੁਣ ਜਦੋਂ ਰਵਾਇਤੀ ਸ਼ਰੀਕਾ ਟੁੱਟ ਰਿਹੈ, ਸ਼ਰੀਕੇਬਾਜ਼ੀ ਵੀ ਖ਼ਤਮ ਹੋ ਜਾਣੀ ਚਾਹੀਦੀ ਹੈ। ਚੰਗੀ ਗੱਲ ਹੈ ਕਿ ਸ਼ਰੀਕੇ ਵਾਲੀ ਖ਼ੁਸ਼ੀਆਂ ਦੀ ਸਾਂਝ ਤਾਂ ਬਣੀ ਰਹੇ, ਪਰ ਆਪਸੀ ਮਾਰਾਮਾਰੀ ਬੰਦ ਹੋਣੀ ਚਾਹੀਦੀ ਹੈ। ਸ਼ਰੀਕੇਬਾਜ਼ੀ ਉਸ ਸਮੇਂ ਤਕ ਤਾਂ ਚੰਗੀ ਹੈ ਜਦੋਂ ਤੁਸੀਂ ਮੁਕਾਬਲੇ ਵਿਚ ਪੈ ਕੇ ਵੱਡੀ ਲਕੀਰ ਖਿੱਚਣ ਦੀ ਕੋਸ਼ਿਸ਼ ਕਰਦੇ ਹੋ, ਪਰ ਜਦੋਂ ਤੁਸੀਂ ਦੂਸਰੇ ਦੀ ਲਕੀਰ ਮਿਟਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਹੋ ਤਾਂ ਤੁਸੀਂ ਦੂਸਰੇ ਦਾ ਨੁਕਸਾਨ ਹੀ ਨਹੀਂ ਕਰਦੇ, ਖ਼ੁਦ ਵੀ ਮਾਨਵੀ ਗੌਰਵ ਤੋਂ ਗਿਰ ਜਾਂਦੇ ਹੋ।
ਸੰਪਰਕ: 98150-50617