ਪਾਲ ਸਿੰਘ ਨੌਲੀ
ਜਲੰਧਰ, 23 ਜੂਨ
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਅੱਜ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਮਹਿਲਾ ਆਈਏਐੱਸ ਅਧਿਕਾਰੀ ਨੂੰ ਮੋਬਾਈਲ ’ਤੇ ਇਤਰਾਜ਼ਯੋਗ ਐੱਸਐੱਮਐੱਸ ਭੇਜਣ ਦੇ ਕਥਿਤ ਮਾਮਲੇ ’ਤੇ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਿੱਚ ਇਸ ਸਮੇਂ ਬਹੁਤ ਸਾਰੀ ਉਥਲ-ਪੁਥਲ ਹੋ ਰਹੀ ਹੈ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਇਹ ਰਿਪੋਰਟ ਸਰਕਾਰ ਕੋਲ ਵਿਚਾਰ ਅਧੀਨ ਹੈ ਅਤੇ ਉਹ ਇਸ ਸੰਵੇਦਨਸ਼ੀਲ ਮੁੱਦੇ ’ਤੇ ਕੋਈ ਟਿੱਪਣੀ ਕਰਨ ਦੇ ਹੱਕ ਵਿੱਚ ਨਹੀਂ ਹਨ।
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਮੁਨੀਸ਼ਾ ਗੁਲਾਟੀ ਨੇ ਕਿਹਾ ਸੀ ਕਿ ਉਹ ਇਸ ਮਾਮਲੇ ਨੂੰ ਲੈ ਕੇ ਧਰਨੇ ’ਤੇ ਬੈਠੀ ਜਾਵੇਗੀ। ਉਦੋਂ ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਸੀ ਕਿ ਉਹ ਚੇਅਰਪਰਸਨ ਦੀ ਕੁਰਸੀ ਜਾਣ ਤੋਂ ਨਹੀਂ ਡਰਦੀ। ਇਸ ਮਾਮਲੇ ’ਤੇ ਅੱਜ ਉਨ੍ਹਾਂ ਨੇ ਕਈ ਹੋਰ ਸਵਾਲਾਂ ਦੇ ਜਵਾਬ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਔਰਤਾਂ ਵੱਲੋਂ ਦਾਇਰ ਸ਼ਿਕਾਇਤਾਂ ਦੇ ਜਲਦੀ ਨਿਪਟਾਰੇ ਨੂੰ ਮੁੱਖ ਤਰਜੀਹ ਦੇ ਉਦੇਸ਼ ਨਾਲ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਅੱਜ ਪੁਲੀਸ ਵਿਭਾਗ ਦੇ ਅਧਿਕਾਰੀਆਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਸਮੁੱਚੀਆਂ ਲੰਬਿਤ ਸ਼ਿਕਾਇਤਾਂ ਦਾ ਹੱਲ ਕਰਨ ਦੀਆਂ ਹਦਾਇਤਾਂ ਕੀਤੀਆਂ। ਸ੍ਰੀਮਤੀ ਗੁਲਾਟੀ ਨੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਡੀਸੀਪੀ ਜਲੰਧਰ ਜਗਮੋਹਨ ਸਿੰਘ, ਐੱਸਬੀਐੱਸ ਨਗਰ, ਕਪੂਰਥਲਾ ਤੇ ਹੁਸ਼ਿਆਰਪੁਰ ਸਮੇਤ ਚਾਰ ਜ਼ਿਲ੍ਹਿਆਂ ਦੇ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਨਾਲ ਬਕਾਇਆ ਮਾਮਲਿਆਂ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਲੋੜੀਂਦੀ ਕਾਰਵਾਈ ਲਈ ਸਬੰਧਤ ਜ਼ਿਲ੍ਹਾ ਪੁਲੀਸ ਅਧਿਕਾਰੀਆਂ ਨੂੰ 127 ਸ਼ਿਕਾਇਤਾਂ ਭੇਜੀਆਂ ਗਈਆਂ ਹਨ, ਜਿਨ੍ਹਾਂ ਵਿੱਚ 46 ਜਲੰਧਰ ਸ਼ਹਿਰ, 9 ਜਲੰਧਰ ਦਿਹਾਤੀ, 54 ਕਪੂਰਥਲਾ, ਦੋ ਐੱਸਬੀਐੱਸ ਨਗਰ ਅਤੇ 16 ਸ਼ਿਕਾਇਤਾਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਭੇਜੀਆਂ ਗਈਆਂ ਹਨ।