ਨਵੀਂ ਦਿੱਲੀ (ਪੱਤਰ ਪ੍ਰੇਰਕ): ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਮਹੰਤ ਜਸਬੀਰ ਦਾਸ ਵਾਸੀ ਮੋਗਾ ਵੱਲੋਂ ਰੱਖੇ ਗਏ ਮਰਨ ਵਰਤ ਦੇ ਦੂਜੇ ਦਿਨ ਸ਼ਹੀਦ ਫੇਰੂਮਾਨ ਦਲ ਦੇ ਪੰਜਾਬ ਦੇ ਪ੍ਰਧਾਨ ਜਗਤਾਰ ਸਿੰਘ ਢੀਂਡਸਾ ਨੇ ਦੱਸਿਆ ਕਿ ਕੌਮੀ ਪ੍ਰਧਾਨ ਮਹੰਤ ਜਸਬੀਰ ਦਾਸ ਨੇ 10 ਦਿਨਾਂ ਦਾ ਅਲਟੀਮੇਟਮ ਕੇਂਦਰ ਸਰਕਾਰ ਨੂੰ ਦਿੱਤਾ ਸੀ ਪਰ ਸਰਕਾਰ ਦੇ ਕੰਨਾਂ ਉਪਰ ਜੂੰਅ ਨਹੀਂ ਸਰਕੀ ਜਿਸ ਕਰਕੇ ਉਹ ਮਰਨ ਵਰਤ ‘ਤੇ ਬੈਠ ਗਏ ਹਨ। ਸ੍ਰੀ ਢੀਂਡਸਾ ਨੇ ਕਿਹਾ ਕਿ ਖੇਤੀਬਾੜੀ ਦੇ ਨਵੇਂ ਤਿੰਨਾਂ ਕਾਨੂੰਨਾਂ ਨਾਲ ਦੇਸ਼ ਦੀ ਆਰਥਿਕਤਾ ਤੇ ਖੇਤੀ ਤਬਾਹ ਹੋ ਜਾਵੇਗੀ ਕਿਉਂਕਿ ਕਾਰਪੋਰੇਟ ਸਿਰਫ਼ ਮੁਨਾਫ਼ਾ ਖੋਰੀ ਕਰਦੇ ਹਨ। ਮਹੰਤ ਜਸਬੀਰ ਦਾਸ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਾਨੂੰਨਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਕਿਸਾਨਾਂ ਨਾਲ ਗੱਲਬਾਤ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ, ਤਾਮਿਲਨਾਡੂ, ਯੂਪੀ, ਉੱਤਰਾਖੰਡ, ਰਾਜਸਥਾਨ ਤੇ ਤੇਲੰਗਾਨਾ ਦੇ ਕਿਸਾਨ ਵੀ ਥਾਂ-ਥਾਂ ਲੱਗੇ ਧਰਨਿਆਂ ਵਿੱਚ ਸ਼ਿਰਕਤ ਕਰ ਰਹੇ ਹਨ।