ਸੁਰਜੀਤ ਮਜਾਰੀ
ਬੰਗਾ, 24 ਦਸੰਬਰ
ਪੰਜਾਬੀਆਂ ਬਾਰੇ ਮਸ਼ਹੂਰ ਹੈ ਕਿ ਉਹ ਜਿੱਥੇ ਵੀ ਜਾਂਦੇ ਹਨ, ਨਵਾਂ ਪੰਜਾਬ ਵਸਾ ਲੈਂਦੇ ਹਨ। ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ’ਚ ਵੀ ਪੰਜਾਬੀਆਂ ਵੱਲੋਂ ਘਰਾਂ, ਮੁਹੱਲਿਆਂ ਵਾਂਗ ਸਿਰਜੇ ਮਾਹੌਲ ਦੀ ਪੂਰੀ ਚਰਚਾ ਹੈ। ਉੱਥੇ ਚੁੱਲ੍ਹੇ ਚੌਕੇ ਵੀ ਬਣ ਗਏ ਹਨ ਤੇ ਕਿਆਰੀਆਂ ਬਣਾ ਕੇ ਧਨੀਆ, ਪਾਲਕ, ਮੂਲੀਆਂ, ਮੇਥੇ ਵੀ ਬੀਜ ਦਿੱਤੇ ਗਏ ਹਨ। ਦੂਜੇ ਪਾਸੇ ਨੌਜਵਾਨ ਕਸਰਤ ਕਰ ਰਹੇ ਹਨ ਅਤੇ ਪੜ੍ਹਨ-ਪੜ੍ਹਾਉਣ ਲਈ ਲਾਇਬ੍ਰੇਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਕਿਧਰੇ ਬੀਬੀਆਂ ਪਰਾਤਾਂ ’ਚ ਆਟਾ ਗੁੰਨ੍ਹ ਰਹੀਆਂ ਹਨ ਤੇ ਕਿਧਰੇ ਕੁੜੀਆਂ ਰੈਲੀ ਵਾਲੀ ਥਾਂ ’ਤੇ ਜਾਣ ਲਈ ਝੰਡਿਆਂ ਦੀ ਸਿਲਾਈ ਕਰ ਰਹੀਆਂ ਹਨ। ਕੁਝ ਲੋਕ ਸੜਕ ਵੱਲ ਬੈਰੀਕੇਡਾਂ ਕੋਲ ਬੈਠੇ ਸੰਘਰਸ਼ ਬਾਰੇ ਗੱਲਾਂ ਸਾਂਝੀਆਂ ਕਰ ਰਹੇ ਹਨ। ਇੰਜ ਹੀ ਮੁੰਡਿਆਂ ਦੀ ਇੱਕ ਟੀਮ ਸਫ਼ਾਈ ਕਰਨ ’ਚ ਲੱਗੀ ਹੋਈ ਹੈ ਤੇ ਕੁੜੀਆਂ ਲੰਗਰ ਵਿੱਚ ਸਬਜ਼ੀਆਂ ਕੱਟ ਰਹੀਆਂ ਹਨ। ਇੱਕ ਪਾਸੇ ਬੀਬੀਆਂ ਨੇ ਰੈਲੀ ਵਾਲੀ ਥਾਂ ਨੇੜੇ ਅਡਾਨੀਆਂ-ਅੰਬਾਨੀਆਂ ’ਤੇ ਚੋਟ ਕਰਦੀਆਂ ਬੋਲੀਆਂ ਨਾਲ ਪਿੜ ਮਘਾਇਆ ਹੋਇਆ ਹੈ ਅਤੇ ਦੂਜੇ ਪਾਸੇ ਬਜ਼ੁਰਗ, ਮੋਦੀ ਅਤੇ ਅਮਿਤ ਸ਼ਾਹ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਨਜ਼ਰੀਂ ਪੈਂਦੇ ਹਨ। ਵੱਖ ਵੱਖ ਤਰ੍ਹਾਂ ਦੇ ਪਕਵਾਨ, ਕੱਪੜੇ ਧੋਣ ਵਾਲੀਆਂ ਮਸ਼ੀਨਾਂ, ਗੀਜ਼ਰ, ਬਿਸਤਰੇ ਆਦਿ ਜਨ-ਜੀਵਨ ਲਈ ਲੋੜੀਂਦਾ ਸਾਰਾ ਸਾਮਾਨ ਅੰਦੋਲਨ ਵਾਲੀ ਥਾਂ ’ਤੇ ਇਕੱਠਾ ਕਰਨਾ ਪੰਜਾਬੀਆਂ ਦੀ ਹਿੰਮਤ ਦਾ ਕਮਾਲ ਹੈ। ਘਰਾਂ ਤੋਂ ਕੋਹਾਂ ਦੂਰ ਆਪਣੇ ਹੱਕਾਂ ਲਈ ਧਰਨਾ ਲਾਈ ਬੈਠੇ ਪੰਜਾਬੀਆਂ ਦਾ ਇਸ ਕਦਰ ਮਿਨੀ ਪੰਜਾਬ ਵਸਾਉਣਾ, ਦੁਨੀਆਂ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।