ਹਰਜੀਤ ਸਿੰਘ
ਡੇਰਾਬੱਸੀ, 23 ਦਸੰਬਰ
ਮਾਈਨਿੰਗ ਵਿਭਾਗ ਵੱਲੋਂ ਅੱਜ ਇਥੋਂ ਦੇ ਮੁਬਾਰਿਕਪੁਰ ਖੇਤਰ ਵਿੱਚ ਸਾਰੇ 70 ਕਰੱਸ਼ਰ ਅਤੇ ਸਕਰੀਨਿੰਗ ਪਲਾਂਟ ਸੀਲ ਕਰ ਦਿੱਤੇ ਗਏ ਹਨ। ਵਿਭਾਗ ਵੱਲੋਂ ਉੱਕਤ ਕਰੱਸ਼ਰਾਂ ਅਤੇ ਸਕਰੀਨਿੰਗਾਂ ਪਲਾਂਟਾਂ ਦੇ ਲੋੜੀਂਦੀ ਮਨਜ਼ੂਰੀ ਨਾ ਹੋਣ ਦੀ ਗੱਲ ਆਖੀ ਜਾ ਰਹੀ ਹੈ। ਦੂਜੇ ਪਾਸੇ ਕਰੱਸ਼ਰ ਐਸੋਸੀਏਸ਼ਨ ਵੱਲੋਂ ਇਸ ਦਾ ਵਿਰੋਧ ਕਰਦਿਆਂ ਇਸ ਕਾਰਵਾਈ ਨੂੰ ਧੱਕੇਸ਼ਾਹੀ ਕਰਾਰ ਦਿੱਤਾ ਜਾ ਰਿਹਾ ਹੈ। ਅੱਜ ਸਵੇਰ ਮਾਈਨਿੰਗ ਵਿਭਾਗ ਦੀ ਟੀਮ ਮਾਈਨਿੰਗ ਅਫ਼ਸਰ ਸਿਮਰਨਜੀਤ ਕੌਰ ਢਿੱਲੋਂ ਦੀ ਅਗਵਾਈ ਹੇਠ ਮੁਬਾਰਿਕਪੁਰ ਕਰੱਸ਼ਰ ਜ਼ੋਨ ਵਿੱਚ ਪਹੁੰਚੀ। ਟੀਮ ਨੇ ਖੇਤਰ ਦੇ 44 ਕਰੱਸ਼ਰ ਤੇ 36 ਦੇ ਸਕਰੀਨਿੰਗ ਪਲਾਂਟਾਂ ਨੂੰ ਸੀਲ ਕਰ ਦਿੱਤਾ। ਕੁਝ ਦਿਨ ਪਹਿਲਾਂ ਵੀ ਵਿਭਾਗ ਵੱਲੋਂ ਕੁਝ ਕਰੱਸ਼ਰ ਅਤੇ ਸਕਰੀਨਿੰਗ ਪਲਾਂਟ ਸੀਲ ਕੀਤੇ ਗਏ ਸੀ, ਪਰ ਵਿਭਾਗ ਵੱਲੋਂ ਅੱਜ ਦੀ ਕਾਰਵਾਈ ਦੌਰਾਨ ਮੁੜ ਤੋਂ ਪਹਿਲਾਂ ਸੀਲ ਕੀਤੇ ਪਲਾਂਟ ਅਤੇ ਕਰੱਸ਼ਰਾਂ ਨੂੰ ਸੀਲ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਉਂਦੀ ਗਈ। ਕਰੱਸ਼ਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਬਾਂਸਲ ਨੇ ਕਿਹਾ ਕਿ ਵਿਭਾਗ ਵੱਲੋਂ ਇਸ ਸਬੰਧੀ ਕਰੱਸ਼ਰਾਂ ਅਤੇ ਪਲਾਂਟ ਮਾਲਕਾਂ ਨੂੰ ਕੋਈ ਸਮਾਂ ਜਾਂ ਅਗਾਊਂ ਨੋਟਿਸ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਦੀ ਕਾਰਵਾਈ ਦੌਰਾਨ ਵਿਭਾਗ ਲੋੜੀਂਦੀ ਮਨਜ਼ੂਰੀ ਨਾ ਹੋਣ ਦੀ ਗੱਲ ਆਖ ਰਿਹਾ ਸੀ, ਜਦਕਿ ਕਰੱਸ਼ਰ ਤੇ ਪਲਾਂਟ ਐੱਮਐੱਸਐੱਮਈ ਉਦਯੋਗ ਅਧੀਨ ਆਉਂਦੇ ਹਨ, ਜਿਨ੍ਹਾਂ ਨੂੰ ਬਕਾਇਦਾ ਲਾਇੰਸਸ ਲੈਣ ਮਗਰੋਂ ਚਾਲੂ ਕੀਤਾ ਗਿਆ ਸੀ। ਮਾਈਨਿੰਗ ਇੰਸਪੈਕਟਰ ਨਰਿੰਦਰ ਕੁਮਾਰ ਨੇ ਕਿਹਾ ਕਿ ਵਿਭਾਗ ਵੱਲੋਂ ਵਾਰ ਵਾਰ ਕਰੱਸ਼ਰ ਅਤੇ ਪਲਾਂਟ ਮਾਲਕਾਂ ਨੂੰ ਲੋੜੀਂਦੇ ਦਸਤਾਵੇਜ਼ ਮੌਕੇ ’ਤੇ ਰੱਖਣ ਦੀ ਹਦਾਇਤ ਦਿੱਤੀ ਗਈ ਹੈ, ਜਿਨ੍ਹਾਂ ਵਿੱਚ ਕੱਚੇ ਅਤੇ ਤਿਆਰ ਮਾਲ ਦਾ ਰਿਕਾਰਡ ਸਮੇਤ ਹੋਰ ਦਸਤਾਵੇਜ ਸ਼ਾਮਲ ਹਨ ਪਰ ਉਨ੍ਹਾਂ ਵੱਲੋਂ ਇਸ ਦੀ ਪਾਲਣਾ ਨਹੀਂ ਕੀਤੀ ਗਈ ਜਿਸ ਕਾਰਨ ਇਹ ਕਾਰਵਾਈ ਅਮਲ ਵਿੱਚ ਲਿਆਉਂਦੀ ਗਈ ਹੈ।