ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਦਸੰਬਰ
ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਅੱਜ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਮੁਲਾਕਾਤ ਕੀਤੀ। 1984 ਸਿੱਖ ਕਤਲੇਆਮ ਪੀੜਿਤਾਂ ਨੂੰ ਫਲੈਟ ਦਾ ਮਾਲਕਾਨਾ ਹੱਕ ਸਰਕਾਰੀ ਮੁੜ ਵਸੇਬਾ ਨੀਤੀ ਦੇ ਤਹਿਤ ਦੇਣ ਸੰਬੰਧੀ ਪੁਰੀ ਨੂੰ ਇੱਕ ਮੈਮੋਰੰਡਮ ਸੌਂਪਿਆ। ਜੀਕੇ ਨੇ ਦੱਸਿਆ ਕਿ ਪੀੜਿਤਾਂ ਨੂੰ ਦਿੱਲੀ ਸ਼ਹਿਰੀ ਆਸਰਾ ਸੁਧਾਰ ਬੋਰਡ ਵੱਲੋਂ ਤਿਲਕ ਵਿਹਾਰ, ਗੜ੍ਹੀ, ਰਘੁਬੀਰ ਨਗਰ, ਸੰਗਮ ਪਾਰਕ, ਜਹਾਂਗੀਰ ਪੁਰੀ, ਸ਼ਾਹਦਰਾ, ਕਾਲਕਾਜੀ ਅਤੇ ਮਾਦੀਪੁਰ ਵਿੱਖੇ ਫਲੈਟ ਦਿੱਤੇ ਗਏ ਸਨ। ਇਹਨਾਂ ਫਲੈਟਾਂ ਦੀ ਰੱਖ-ਰਖਾਵ ਦੀ ਜਿੰਮੇਵਾਰੀ ਵੀ ਸਹੀ ਢੰਗ ਨਾਲ ਬੋਰਡ ਰੱਖਣ ਵਿੱਚ ਸਫਲ ਨਹੀਂ ਹੋਇਆ ਅਤੇ ਨਾ ਹੀ ਉਕਤ ਫਲੈਟਾਂ ਦਾ ਮਾਲਕਾਨਾ ਹੱਕ ਪਰਿਵਾਰਾਂ ਨੂੰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ 1986 ਵਿੱਚ 716 ਕਰੋੜ ਰੁਪਏ ਪੀੜਤਾਂ ਦੇ ਮੁੜ-ਵਸੇਬਾ ਉਤੇ ਖਰਚ ਕਰਨ ਦਾ ਖੁਆਬ ਬੁਣਿਆ ਗਿਆ ਸੀ ਜੋ ਕਿ 34 ਸਾਲ ਬਾਅਦ ਵੀ ਅੱਧੂਰਾ ਸਾਬਤ ਹੋਇਆ ਹੈ। ਇਨ੍ਹਾਂ ਸਾਰੀਆਂ ਹਾਲਾਤਾਂ ਨੂੰ ਦੇਖਦੇ ਹੋਏ ਪੀੜਤਾਂ ਦੀ ਇਨ੍ਹਾਂ ਅੱਠ ਕਾਲੋਨੀਆਂ ਵਿੱਚ ਰਹਿੰਦੇ ਸੈਂਕੜਿਆਂ ਪਰਿਵਾਰਾਂ ਨੂੰ ਤੁਰੰਤ ਫਲੈਟਾਂ ਦਾ ਮਾਲਕਾਨਾ ਹੱਕ ਦੇਣ ਦੀ ਬੇਨਤੀ ਕੀਤੀ ਹੈ। ਨਾਲ ਹੀ ਦਿੱਲੀ ਸਰਕਾਰ ਨੂੰ ਇਸ ਬਾਬਤ ਵਿਸ਼ਵਾਸ ਵਿੱਚ ਲੈ ਕੇ ਪੀੜਿਤਾਂ ਨੂੰ ਮਾਲਕਾਨਾ ਹੱਕ ਦੇਣ ਦਾ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿੱਚ ਪੀੜਤਾਂ ਦੇ ਮੁੜ ਵਸੇਬਾ ਅਤੇ ਰੁਜ਼ਗਾਰ ਦਾ ਭਰੋਸਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਦੇਣ ਦੇ ਬਾਵਜੂਦ ਅੱਜ ਤਕ ਜ਼ਮੀਨੀ ਪੱਧਰ ਉੱਤੇ ਪੀੜਤਾਂ ਦੇ ਨਾਲ ਰੁਜ਼ਗਾਰ ਅਤੇ ਮੁੜ ਵਸੇਬੇ ਦੇ ਨਾਮ ’ਤੇ ਛਲਾਵਾ ਹੋਇਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਰਹਿੰਦੇ ਹੋਏ ਮੇਰੇ ਵੱਲੋਂ ਪੀੜਤਾਂ ਨੂੰ ਰੁਜ਼ਗਾਰ ਦਿਵਾਉਣ ਸੰਬੰਧੀ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸਦਾ ਨਬਿੇੜਾ ਕਰਦੇ ਹੋਏ ਹਾਈਕੋਰਟ ਨੇ ਸਰਕਾਰ ਨੂੰ ਆਦੇਸ਼ ਦਿੱਤਾ ਸੀ ਪਰ ਅੱਜ ਤਕ ਇਸ ਬਾਰੇ ਕੋਈ ਕਦਮ ਚੁੱਕਣ ਵਿੱਚ ਦਿੱਲੀ ਸਰਕਾਰ ਨਾਕਾਮ ਰਹੀ ਹੈ।
ਜੀਕੇ ਨੇ ਪੰਜਾਬੀਆਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ: ਦਿੱਲੀ ਕਮੇਟੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਤੇ ਜੁਆਇੰਟ ਸਕੱਤਰ ਹਰਵਿੰਦਰ ਸਿੰਘ ਕੇ ਪੀ ਨੇ ਕਿਹਾ ਕਿ ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਕੇ ਜੀ ਕੇ ਨੇ ਕਿਸਾਨੀ ਸੰਘਰਸ਼ ਦੌਰਾਨ ਭਾਜਪਾ ਦੇ ਆਗੂਆਂ ਨਾਲ ਮੁਲਾਕਾਤ ਕਰ ਕੇ ਸਮੁੱਚੇ ਪੰਜਾਬੀਆਂ ਖਾਸ ਤੌਰ ’ਤੇ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਦੋਹਾਂ ਆਗੂਆਂ ਨੇ ਕਿਹਾ ਕਿ ਪੰਜਾਬੀ ਖਾਸ ਤੌਰ ’ਤੇ ਸਿੱਖ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ ਪਰ ਅਜਿਹੇ ਵਿਚ ਜਾਗੋ ਪਾਰਟੀ ਦੇ ਪ੍ਰਧਾਨ ਸ੍ਰੀ ਜੀ ਕੇ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਮੁਲਾਕਾਤ ਕਰ ਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਜੀ ਕੇ ਨੇ 1984 ਦੇ ਸ਼ਹੀਦਾਂ ਦਾ ਨਾਂ ਵਰਤ ਕੇ ਭਾਜਪਾ ਨੂੰ ਲਾਹਾ ਦੇਣ ਦਾ ਯਤਨ ਕੀਤਾ ਹੈੈ, ਜਿਸ ਦੇ ਲਈ ਕੌਮ ਕਦੇ ਮੁਆਫ ਨਹੀਂ ਕਰੇਗੀ। ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਇਹਨਾਂ ਲੋਕਾਂ ਦੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਕੌਮ ਤੇ ਪੰਜਾਬੀਆਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਇਹਨਾਂ ਨੇ ਉਹੀ ਕੰਮ ਕੀਤਾ ਹੈ ਜਿਸ ਲਈ ਪਰਮਜੀਤ ਸਿੰਘ ਰਾਣਾ ਨੁੰ ਪਾਰਟੀ ਵਿਚੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਕੱਢਿਆ ਗਿਆ। ਇਹਨਾਂ ਲੋਕਾਂ ਦਾ ਦੋਗਲਾ ਚਿਹਰਾ ਸਾਹਮਣੇ ਆ ਗਿਆ ਹੈ।