ਸ੍ਰੀਨਗਰ/ਜੰਮੂ, 23 ਦਸੰਬਰ
ਗੁਪਕਾਰ ਐਲਾਨਨਾਮੇ ਬਾਰੇ ਗੱਠਜੋੜ ਨੇ 110 ਸੀਟਾਂ ’ਤੇ ਕਬਜ਼ਾ ਕਰਦਿਆਂ ਪਹਿਲੀ ਡੀਡੀਸੀ ਚੋਣਾਂ ’ਚ ਹੂੰਝਾਫੇਰ ਜਿੱਤ ਦਰਜ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਭਾਜਪਾ ਜੰਮੂ ਤੇ ਕਸ਼ਮੀਰ ’ਚ ਵੱਡੀ ਗਿਣਤੀ ’ਚ ਵੋਟਾਂ ਲੈ ਕੇ 75 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਬਾਂਦੀਪੋਰਾ ਅਤੇ ਕੁਪਵਾੜਾ ਦੇ ਇੱਕ-ਇੱਕ ਚੋਣ ਹਲਕੇ ਦੇ ਨਤੀਜਿਆਂ ਦੀ ਉਡੀਕ ਬਾਕੀ ਹੈ, ਕਿਉਂਕਿ ਉੱਥੇ ਅਗਲੇ ਹੁਕਮਾਂ ਤੱਕ ਵੋਟਾਂ ਦੀ ਗਿਣਤੀ ’ਤੇ ਰੋਕ ਲਾਈ ਗਈ ਹੈ। ਜੰਮੂ ਕਸ਼ਮੀਰ ਚੋਣ ਕਮਿਸ਼ਨ ਵੱਲੋਂ ਐਲਾਨੇ 278 ਸੀਟਾਂ ਦੇ ਨਤੀਜਿਆਂ ਮੁਤਾਬਕ ਪੀਏਜੀਡੀ ਤੇ ਭਾਜਪਾ ਤੋਂ ਇਲਾਵਾ ਆਜ਼ਾਦ ਉਮੀਦਵਾਰਾਂ ਨੇ 50, ਕਾਂਗਰਸ ਨੇ 26, ਅਪਨੀ ਪਾਰਟੀ ਨੇ 12 ਅਤੇ ਪੀਡੀਐੱਫ ਤੇ ਨੈਸ਼ਨਲ ਪੈਂਥਰਜ਼ ਪਾਰਟੀ ਨੇ ਦੋ-ਦੋ ਅਤੇ ਬਸਪਾ ਨੇ ਇੱਕ ਸੀਟ ਜਿੱਤੀ ਹੈ। -ਪੀਟੀਆਈ
ਕੇਂਦਰ ਨੂੰ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ: ਉਮਰ
ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਕਿਹਾ ਕਿ ਧਾਰਾ 370 ਖ਼ਤਮ ਕਰਨ ਖ਼ਿਲਾਫ਼ ਇੱਥੋਂ ਦੇ ਲੋਕਾਂ ਦੀ ਆਵਾਜ਼ ਨੂੰ ਕੇਂਦਰ ਸਰਕਾਰ ਨੂੰ ਸੁਣਨਾ ਚਾਹੀਦਾ ਹੈ। ਪਾਰਟੀ ਦੇ ਹੈੱਡਕੁਆਰਟਰ ’ਚ ਪਾਰਟੀ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੇ ਡੀਡੀਸੀ ਚੋਣਾਂ ਵਿੱਚ ਗੁਪਕਾਰ ਐਲਾਨਨਾਮੇ ਬਾਰੇ ਲੋਕਾਂ ਦੇ ਗੱਠਜੋੜ ਨੂੰ ਸਮਰਥਨ ਦੇ ਕੇ ਆਪਣਾ ਵਿਚਾਰ ਸਪੱਸ਼ਟ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣ ਨਤੀਜਿਆਂ ਨੂੰ ਦੇਖਕੇ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਯੂਟੀ ਵਿੱਚ ਜਲਦੀ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣਗੀਆਂ। -ਪੀਟੀਆਈ
ਅਪਨੀ ਪਾਰਟੀ ਨੇ 12 ਸੀਟਾਂ ਜਿੱਤੀਆਂ
ਜੰਮੂ: ਲਗਪਗ 9 ਮਹੀਨੇ ਪਹਿਲਾਂ ਬਣੀ ਅਤੇ ਜੰਮੂ ਕਸ਼ਮੀਰ ਵਿੱਚ ਪਹਿਲੀ ਵਾਰ ਚੋਣ ਲੜਨ ਵਾਲੀ ਅਪਨੀ ਪਾਰਟੀ ਨੇ 12 ਸੀਟਾਂ ਜਿੱਤੀਆਂ ਹਨ। ਸਾਬਕਾ ਮੰਤਰੀ ਅਤੇ ਕਸ਼ਮੀਰ ਦੇ ਵੱਡੇ ਸਨਅਤਕਾਰ ਅਤਲਾਫ਼ ਬੁਖਾਰੀ ਦੀ ਅਗਵਾਈ ਵਾਲੀ ਅਪਨੀ ਪਾਰਟੀ ਦਾ ਗਠਨ 8 ਮਾਰਚ ਨੂੰ ਕੀਤਾ ਗਿਆ ਸੀ, ਜਿਸ ਵਿੱਚ ਪੀਡੀਪੀ ਅਤੇ ਕਾਂਗਰਸ ਦੇ ਕੁਝ ਸੀਨੀਅਰ ਆਗੂ ਵੀ ਸ਼ਾਮਲ ਸਨ। ਪਾਰਟੀ ਨੇ ਜੰਮੂ ਖਿੱਤੇ ’ਚੋਂ 3 ਸੀਟਾਂ ਅਤੇ ਕਸ਼ਮੀਰ ’ਚੋਂ 9 ਸੀਟਾਂ ਜਿੱਤੀਆਂ ਹਨ। ਅੰਕੜਿਆਂ ਮੁਤਾਬਕ ਪਾਰਟੀ ਨੂੰ 38,000 ਵੋਟਾਂ ਪਈਆਂ ਹਨ। -ਪੀਟੀਆਈ
ਗੁਪਕਾਰ ਗੱਠਜੋੜ ਦੀ ਜਿੱਤ ਤੋਂ ਸਪੱਸ਼ਟ ਹੈ ਕਿ ਜੰਮੂ ਕਸ਼ਮੀਰ ਦੇ ਲੋਕ ਕੀ ਚਾਹੁੰਦੇ ਹਨ: ਤਰੀਗਾਮੀ
ਜੰਮੂ: ਸੀਪੀਆਈ (ਐੱਮ) ਆਗੂ ਮੁਹੰਮਦ ਯੂਸਫ ਤਰੀਗਾਮੀ ਨੇ ਕਿਹਾ ਹੈ ਕਿ ਡੀਡੀਸੀ ਚੋਣਾਂ ਦਾ ਨਤੀਜਾ ਗੁਪਕਾਰ ਐਲਾਨਨਾਮੇ ਬਾਰੇ ਲੋਕਾਂ ਦੇ ਗੱਠਜੋੜ ਦੇ ਹੱਕ ’ਚ ਗਿਆ ਹੈ ਅਤੇ ਇਸ ਗੱਲ ਦਾ ਸਪੱਸ਼ਟ ਸੰਕੇਤ ਮਿਲ ਗਿਆ ਹੈ ਕਿ ਜੰਮੂ ਕਸ਼ਮੀਰ ਦੇ ਲੋਕ ਆਪਣੇ ਅਧਿਕਾਰ ਮੁੜ ਹਾਸਲ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ,‘ਇਹ ਫ਼ੈਸਲਾ ਭਾਜਪਾ ਸਰਕਾਰ ਲਈ ਅੱਖਾਂ ਖੋਲ੍ਹਣ ਵਾਲਾ ਹੈ, ਜਿਸਨੇ ਬੀਤੇ ਅਗਸਤ ਮਹੀਨੇ ’ਚ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ ਕਿ ਲੋਕਾਂ ਨੇ ਸੂਬੇ ਨੂੰ ਧਾਰਾ 370 ਅਧੀਨ ਮਿਲੇ ਵਿਸ਼ੇਸ਼ ਰੁਤਬੇ ਨੂੰ ਖਤਮ ਕਰਨ ਦੇ ਸਰਕਾਰ ਦੇ ਫ਼ੈਸਲੇ ਨੂੰ ਸਵੀਕਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਲੋਕਾਂ ਵੱਲੋਂ ਵੱਡੀ ਗਿਣਤੀ ’ਚ ਹਿੱਸਾ ਲੈਣ ਤੋਂ ਇਸ ਗੱਲ ਦਾ ਸਪੱਸ਼ਟ ਸੰਕੇਤ ਮਿਲ ਗਿਆ ਹੈ ਕਿ ਲੋਕ ਲੋਕਤੰਤਰੀ ਢੰਗ ਨਾਲ ਆਪਣੇ ਖੋਹੇ ਗਏ ਅਧਿਕਾਰਾਂ ਨੂੰ ਮੁੜ ਹਾਸਲ ਕਰਨ ਲਈ ਲੜਾਈ ਲੜਨੀ ਚਾਹੁੰਦੇ ਹਨ। -ਪੀਟੀਆਈ
‘ਭਾਜਪਾ ਦੀ ਜਿੱਤ ਵੱਖਵਾਦੀਆਂ ਦੇ ਮੂੰਹ ’ਤੇ ਚਪੇੜ’
ਨਵੀਂ ਦਿੱਲੀ: ਭਾਜਪਾ ਨੇ ਡੀਡੀਸੀ ਚੋਣਾਂ ਦੇ ਨਤੀਜਿਆਂ ਨੂੰ ਕੱਟੜਪੰਥੀਆਂ, ਵੱਖਵਾਦੀਆਂ, ਅਤਿਵਾਦੀਆਂ ਤੇ ਉਨ੍ਹਾਂ ਦੇ ਪੈਰੋਕਾਰਾਂ ਦੇ ਮੂੰਹ ’ਤੇ ਚਪੇੜ ਹੈ। ਕੇਂਦਰੀ ਕਾਨੂੰਨ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਚੋਣਾਂ ’ਚ ਮਿਲੀ ਜਿੱਤ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਹੇ ਗਏ ਬੋਲ ਸੱਚ ਸਾਬਤ ਹੋਏ ਹਨ।