ਮੁੰਬਈ/ਲਖਨਊ/ਤਿਰੂਵਨੰਤਪੁਰਮ, 23 ਦਸੰਬਰ
ਮਹਾਰਾਸ਼ਟਰ ਵਿਚ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਅੱਜ ਕਿਹਾ ਕਿ ਜਿਹੜੇ ਸੱਤਾ ’ਚ ਹਨ, ਉਨ੍ਹਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਕਿਸਾਨਾਂ ਨੂੰ ਬਣਦਾ ਮਾਣ ਦਿੱਤਾ ਜਾਵੇ, ਪਰ ਇਹ ਮੰਦਭਾਗਾ ਹੈ ਕਿ ਅੰਨਦਾਤਾ ਨੂੰ ਆਪਣੇ ਹੱਕਾਂ ਤੇ ਮੰਗਾਂ ਲਈ ਧਰਨਿਆਂ ’ਤੇ ਬੈਠਣਾ ਪੈ ਰਿਹਾ ਹੈ। ‘ਕੌਮੀ ਕਿਸਾਨ ਦਿਵਸ’ ਮੌਕੇ ਸਾਬਕਾ ਕੇਂਦਰੀ ਖੇਤੀਬਾੜੀ ਮੰਤਰੀ ਨੇ ਟਵੀਟ ਕਰ ਕੇ ਕਿਸਾਨਾਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ। ਪਵਾਰ ਨੇ ਕਿਹਾ ਕਿ ਕਿਸਾਨ ਅਰਥਵਿਵਸਥਾ ਦਾ ਮਹੱਤਵਪੂਰਣ ਹਿੱਸਾ ਹਨ ਤੇ ਸੱਤਾਧਾਰੀਆਂ ਨੂੰ ਚਾਹੀਦਾ ਹੈ ਕਿ ਸਹੀ ਤਰੀਕੇ ਨਾਲ ਕੋਈ ਹੱਲ ਕੱਢ ਕੇ ਉਨ੍ਹਾਂ ਦਾ ਮਾਣ-ਸਨਮਾਨ ਬਹਾਲ ਰੱਖਿਆ ਜਾਵੇ। ਉਨ੍ਹਾਂ ਲਿਖਿਆ ‘ਕਿਸਾਨ ਦਿਵਸ ਮੌਕੇ ਕਿਸਾਨਾਂ ਲਈ ਨਿਆਂ ਦੀ ਕਾਮਨਾ ਕਰਦੇ ਹਾਂ।’ ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਜਪਾ ਨੂੰ ਕਿਸਾਨਾਂ ਦੀ ‘ਬੇਇੱਜ਼ਤੀ’ ਕਰਨੀ ਬੰਦ ਕਰਨੀ ਚਾਹੀਦੀ ਹੈ, ਉਹ ਦੇਸ਼ ਦਾ ਮਾਣ ਹਨ। 1902 ਵਿਚ ਯੂਪੀ ਦੇ ਮੇਰਠ ਵਿਚ ਜਨਮੇ ਚੌਧਰੀ ਚਰਨ ਸਿੰਘ ਦੇ ਜਨਮ ਦਿਨ ਮੌਕੇ ਮਨਾਏ ਜਾਂਦੇ ‘ਕਿਸਾਨ ਦਿਵਸ’ ’ਤੇ ਯਾਦਵ ਨੇ ਕਿਹਾ ‘ਭਾਜਪਾ ਦੀ ਸੱਤਾ ਹੇਠ ਦੇਸ਼ ਨੂੰ ਅਜਿਹਾ ਕਿਸਾਨ ਦਿਵਸ ਮਨਾਉਣਾ ਪੈ ਰਿਹਾ ਹੈ ਜਦ ਕਿਸਾਨਾਂ ਨੂੰ ਖ਼ੁਸ਼ੀ ਮਨਾਉਣ ਦੀ ਬਜਾਏ ਸੜਕਾਂ ’ਤੇ ਸੰਘਰਸ਼ ਲਈ ਮਜਬੂਰ ਹੋਣਾ ਪੈ ਰਿਹਾ ਹੈ।’ ਕੇਰਲਾ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਵੀ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਕਾਰਪੋਰੇਟਾਂ ਦੇ ਹਿੱਤਾਂ ਦੀ ਰਾਖੀ ਕਰ ਰਹੀ ਹੈ ਤੇ ਕਿਸਾਨਾਂ ਦੇ ਹਿੱਤ ਮਾਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ। ਵਿਜਯਨ ਨੇ ਕਿਹਾ ਕਿ ਦਿੱਲੀ ਵਿਚ ਜਾਰੀ ਕਿਸਾਨ ਅੰਦੋਲਨ ਮੁਲਕ ਵਿਚ ਆਪਣੇ ਵਰਗ ਦੇ ਸਭ ਤੋਂ ਤਿੱਖੇ ਤੇ ਆਦਰਸ਼ ਅੰਦੋਲਨਾਂ ਵਿਚੋਂ ਇਕ ਹੈ। ਵਿਜਯਨ ਨੇ ਕਿਹਾ ਕਿ ਕਿਸਾਨ ਅੰਨਦਾਤਾ ਹਨ, ਇਸ ਲਈ ਉਨ੍ਹਾਂ ਦੀ ਮੰਗ ਨੂੰ ਦੇਸ਼ ਹਿੱਤ ਵਿਚ ਦੇਖਿਆ ਜਾਣਾ ਚਾਹੀਦਾ ਹੈ। ‘ਕਿਸਾਨ ਦਿਵਸ’ ਦੇ ਸੰਦਰਭ ਵਿਚ ਹੀ ਕਿਸਾਨਾਂ ਨੂੰ ਦੇਸ਼ ਦੀ ‘ਰੀੜ੍ਹ ਦੀ ਹੱਡੀ’ ਕਰਾਰ ਦਿੰਦਿਆਂ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਕਿਹਾ ਕਿ ਮੰਦਭਾਗਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਦੁੱਖਾਂ ਨੂੰ ‘ਨਜ਼ਰਅੰਦਾਜ਼’ ਕਰ ਰਹੀ ਹੈ। ਕਿਸੇ ਦਾ ਨਾਂ ਲਏ ਬਗੈਰ ਰਾਊਤ ਨੇ ਦੋਸ਼ ਲਾਇਆ ਕਿ ਕੁਝ ਸਨਅਤਕਾਰਾਂ ਨੂੰ ਲਾਭ ਦੇਣ ਲਈ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਦਿੱਲੀ ਦੀਆਂ ਹੱਦਾਂ ’ਤੇ ਧਰਨੇ ਮਾਰ ਕੇ ਬੈਠੇ ਕਿਸਾਨਾਂ ਦੇ ਹੱਕ ’ਚ ਬੋਲਦਿਆਂ ਰਾਊਤ ਨੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਕਿ ਹੰਕਾਰੀ ਰਵੱਈਆ ਛੱਡ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਜਾਵੇ।
-ਪੀਟੀਆਈ