ਸ਼ਾਹਬਾਜ਼ ਸਿੰਘ
ਘੱਗਾ, 22 ਦਸੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਿਚ ਉਪਜੇ ਵਿਆਪਕ ਰੋਹ ਦੇ ਚਲਦਿਆਂ ਅੱਜ ਘੱਗਾ ਨੇੜਲੇ ਕਸਬਾ ਬਾਦਸ਼ਾਹਪੁਰ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਕਾਰਕੁਨਾਂ ਵੱਲੋਂ ਜੀਓ ਕੰਪਨੀ ਦੇ ਟਾਵਰ ਦਾ ਕੁਨੈਕਸ਼ਨ ਕੱਟਿਆ ਗਿਆ ਅਤੇ ਨਰਿੰਦਰ ਮੋਦੀ , ਮੁਕੇਸ਼ ਅੰਬਾਨੀ ਤੇ ਅਡਾਨੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ । ਇਸ ਸਬੰਧੀ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀ ਸ਼ਹਿ ਉਤੇ ਚੱਲਣ ਵਾਲੇ ਅੰਬਾਨੀਆਂ ਅਤੇ ਅਡਾਨੀਆਂ ਦੀ ਕਿਸੇ ਵੀ ਕੰਪਨੀ ਨੂੰ ਕਿਸਾਨ ਅੰਦੋਲਨ ਤੱਕ ਪੰਜਾਬ ਵਿੱਚ ਨਹੀਂ ਚੱਲਣ ਦਿੱਤਾ ਜਾਵੇਗਾ ਅਤੇ ਮੋਦੀ ਸਰਕਾਰ ਨੂੰ ਖੇਤੀ ਦੇ ਕਾਲੇ ਕਾਨੂੰਨਾਂ ਦਾ ਸਬਕ ਸਿਖਾਇਆ ਜਾਵੇਗਾ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਅਜੇ ਵੀ ਕੇਂਦਰ ਸਰਕਾਰ ਨੇ ਆਪਣੀ ਜ਼ਿੱਦ ਛੱਡ ਕੇ ਕਿਸਾਨ ਮਾਰੂ ਤਿੰਨੋਂ ਕਾਲੇ ਕਾਨੂੰਨ ਵਾਪਸ ਨਾ ਕੀਤੇ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਮੋਦੀ ਸਰਕਾਰ ਦੀ ਹੋਵੇਗੀ। ਇਸ ਮੌਕੇ ਬਲਾਕ ਪ੍ਰਧਾਨ ਚਰਨਜੀਤ ਕੌਰ ਕੰਗ, ਡਾ. ਰਵਿੰਦਰ ਰਵੀ, ਅਰਵਿੰਦਰ ਕੌਰ ਰਾਮਪੁਰ ਪੜਤਾ, ਸੁਰਿੰਦਰ ਸਿੰਘ, ਰਛਪਾਲ ਸਿੰਘ, ਜਤਿੰਦਰਪਾਲ ਸਿੰਘ , ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਨਿਰਭੈ ਸਿੰਘ ਹਾਜ਼ਰ ਸਨ ।
ਟੌਹੜਾ ਵਾਸੀਆਂ ਨੇ ਕੱਟਿਆ ਰਿਲਾਇੰਸ ਟਾਵਰ ਦਾ ਕੁਨੈਕਸ਼ਨ
ਭਾਦਸੋਂ (ਗੌਰਵਪਾਲ ਸੂਦ): ਕਿਸਾਨ ਸੰਘਰਸ਼ ਦੀ ਕੜੀ ਵਜੋਂ ਟੌਹੜਾ ਪਿੰਡ ਦੇ ਵਾਸੀਆਂ ਨੇ ਪਿੰਡ ਵਿਚ ਲੱਗੇ ਟਾਵਰ ਦਾ ਕੁਨੈਕਸ਼ਨ ਕੱਟ ਦਿੱਤਾ। ਪਿੰਡ ਦੇ ਸਾਬਕਾ ਸਰਪੰਚ ਤੇ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਸਤਵਿੰਦਰ ਸਿੰਘ ਟੌਹੜਾ ਦੀ ਪ੍ਰੇਰਨਾ ਸਦਕਾ ਸਰਪੰਚ ਬਲਜਿੰਦਰ ਸਿੰਘ ਟੌਹੜਾ ਦੀ ਪ੍ਰਧਾਨਗੀ ਵਿਚ ਕੀਤੀ ਗਈ ਇਸ ਕਾਰਵਾਈ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਸਰਪੰਚ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੰਚਾਇਤ ਨੇ ਮਤਾ ਪਾਇਆ ਹੈ ਕਿ ਟੌਹੜਾ ਵਾਸੀ ਰਿਲਾਇੰਸ ਦੇ ਸਿਮ ਪੋਰਟ ਕਰਨਗੇ ਅਤੇ ਦੁਕਾਨਦਾਰ ਅੰਡਾਨੀ ਅਤੇ ਅੰਬਾਨੀ ਕਾਰਪੋਰੇਟ ਘਰਾਣਿਆਂ ਦੀ ਕਿਸੇ ਵਸਤੂ ਦੀ ਖਰੀਦੋ ਫਰੋਖਤ ਵੀ ਨਹੀਂ ਕਰਨਗੇ। ਟੌਹੜਾ ਵਾਸੀਆਂ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਸ਼ਹੀਦੀ ਪੁਰਬ ਮਗਰੋਂ ਪਿੰਡ ਦਾ ਹਰ ਪਰਿਵਾਰਕ ਮੈਂਬਰ ਵਾਰੀ ਵਾਰੀ ਦਿੱਲੀ ਧਰਨੇ ’ਚ ਸ਼ਮੂਲੀਅਤ ਕਰੇਗਾ। ਇਸ ਸਬੰਧੀ ਛੇ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਭਾਦਸੋਂ ਦੇ ਵਾਈਸ ਚੇਅਰਮੈਨ ਮੱਖਣ ਸਿੰਘ ਟੌਹੜਾ, ਸਾਬਕਾ ਸਰਪੰਚ ਬਹਾਦਰ ਸਿੰਘ ਟੌਹੜਾ, ਹਰਭਜਨ ਸਿੰਘ ਟੌਹੜਾ, ਕੋਆਪ੍ਰੇਟਿਵ ਸੁਸਾਇਟੀ ਟੌਹੜਾ ਦੇ ਡਾਇਰੈਕਟਰ ਨਿਰਮਲ ਸਿੰਘ, ਬਾਬਾ ਸੁਰਜੀਤ ਸਿੰਘ, ਰੁਪਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਸ਼ਾਮਲ ਸਨ।