ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਦਸੰਬਰ
ਕੇਂਦਰ ਸਰਕਾਰ ਵੱਲੋਂ ਪਾਸ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ 27 ਦਿਨਾਂ ਤੋਂ ਸਿੰਘੂ ਅਤੇ ਟਿਕਰੀ ਬਾਰਡਰਾਂ ’ਤੇ ਬੁਲੰਦ ਹੌਸਲੇ ਨਾਲ ਡਟੇ ਹੋਏ ਕਿਸਾਨਾਂ ਦੇ ਮੋਰਚੇ ਹੁਣ ਕੌਮੀ ਏਕਤਾ ਦੇ ਰੰਗ ਵਿੱਚ ਰੰਗੇ ਜਾਣ ਲੱਗੇ ਹਨ।
ਪੰਜਾਬ ਤੇ ਹਰਿਆਣਾ ਦੇ ਲੋਕਾਂ ਵਿੱਚ ਹੁਣ ਨਿੱਘ ਭਰੇ ਰਿਸ਼ਤੇ ਬਣ ਰਹੇ ਹਨ। ਮੁਲਕ ਦੇ ਕਈ ਸੂਬਿਆਂ ਤੋਂ ਦਿੱਲੀ ਵੱਲ ਕੂਚ ਕਰਨ ਵਾਲੇ ਜਥਿਆਂ ਦੀ ਦਿੱਲੀ ਦੇ ਧਰਨਿਆਂ ਵਿੱਚ ਸ਼ਾਮਲ ਕਿਸਾਨਾਂ ਨੂੰ ਉਡੀਕ ਹੈ। ਪੰਜਾਬ ਤੋਂ ਖੇਤੀ ਕਾਨੂੰਨਾਂ ਖ਼ਿਲਾਫ਼ ਉੱਠੀ ਆਵਾਜ਼ ਵਿੱਚ ਹੁਣ ਹੋਰ ਸੂਬਿਆਂ ਦੀ ਆਵਾਜ਼ ਵੀ ਸ਼ਾਮਲ ਹੋਣ ਕਰਕੇ ਧਰਨਾ ਲਾਈ ਬੈਠੇ ਕਿਸਾਨਾਂ ਨੂੰ ਇਸ ਸੰਘਰਸ਼ ਤੋਂ ਬਹੁਤ ਉਮੀਦਾਂ ਹਨ। ਪਹਿਲਾਂ ਜਿੱਥੇ ਧਰਨਿਆਂ ਦੇ ਸ਼ੁਰੂ ਵਿੱਚ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਝੰਡੇ ਹੀ ਦਿਖਾਈ ਦਿੰਦੇ ਸਨ, ਹੁਣ ਭਾਰਤ ਦਾ ਕੌਮੀ ਝੰਡਾ ਵੀ ਨਜ਼ਰ ਆਉਣ ਲੱਗਾ ਹੈ। ਇੱਥੋਂ ਤੱਕ ਕਿ ਦਲਿਤ ਜਥੇਬੰਦੀਆਂ ਦੇ ਨੀਲੇ ਝੰਡੇ ਵੀ ਇਨ੍ਹਾਂ ਧਰਨਿਆਂ ਵਿੱਚ ਨਵੇਂ ਰੰਗ ਭਰਨ ਲੱਗੇ ਹਨ। ਸਟੇਜਾਂ ਤੋਂ ਕੌਮੀ ਸ਼ਹੀਦਾਂ ਤੇ ਸੂਰਬੀਰਾਂ ਦੀਆਂ ਗਾਥਾਵਾਂ ਪੇਸ਼ ਕੀਤੇ ਜਾਣ ਦੌਰਾਨ ਕਿਸਾਨਾਂ ’ਚ ਨਵਾਂ ਜੋਸ਼ ਭਰ ਜਾਂਦਾ ਹੈ।
ਟਰਾਲੀਆਂ ਦੇ ਨਿੱਘ ਵਿੱਚ ਬੈਠੇ ਕਿਸਾਨ ਮਾਹੌਲ ਸ਼ਾਂਤਮਈ ਰੱਖਣ ਬਾਰੇ ਵੀ ਚਰਚਾ ਕਰਦੇ ਹਨ। ਧਰਨਿਆਂ ਵਿੱਚ ਪੰਜਾਬ ਦੀਆਂ ਵੱਖ-ਵੱਖ ਸਰਕਾਰੀ ਮੁਲਾਜ਼ਮ ਜਥੇਬੰਦੀਆਂ, ਸਨਅਤੀ ਮਜ਼ਦੂਰਾਂ ਦੀਆਂ ਜਥੇਬੰਦੀਆਂ, ਯੂਨੀਅਨਾਂ ਤੇ ਐਸੋਸੀਏਸ਼ਨਾਂ ਦੇ ਨਾਲ-ਨਾਲ ਉੱਤਰ ਪ੍ਰਦੇਸ਼, ਰਾਜਸਥਾਨ ਤੇ ਉੱਤਰਾਖੰਡ ਦੇ ਮੁਲਾਜ਼ਮਾਂ ਦੀਆਂ ਯੂਨੀਅਨਾਂ ਤੇ ਐਸੋਸੀਏਸ਼ਨਾਂ ਵੱਲੋਂ ਵੀ ਸਮਰਥਨ ਦੇਣ ਸਬੰਧੀ ਐਲਾਨ ਕੀਤੇ ਜਾ ਚੁੱਕੇ ਹਨ।