ਨਵੀਂ ਦਿੱਲੀ (ਪੱਤਰ ਪ੍ਰੇਰਕ): ਕਿਸਾਨ ਅੰਦੋਲਨ ਖ਼ਿਲਾਫ਼ ਕੀਤੇ ਜਾ ਰਹੇ ਕੂੜ ਪ੍ਰਚਾਰ ਦੇ ਟਾਕਰੇ ਤੇ ਲੋਕਾਂ ਤੱਕ ਅਸਲ ਜਾਣਕਾਰੀ ਪਹੁੰਚਾਉਣ ਦੇ ਇਰਾਦੇ ਨਾਲ ਲੰਘੇ ਦਿਨੀਂ ਵੱਖ ਵੱਖ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਸ਼ੁਰੂ ਕੀਤੇ ‘ਕਿਸਾਨ ਏਕਤਾ ਮੋਰਚਾ’ ਦਾ ਫੇਸਬੁੱਕ ਪੇਜ ਕੁਝ ਘੰਟਿਆਂ ਲਈ ਬੰਦ ਹੋਣ ਤੋਂ ਇਕ ਦਿਨ ਮਗਰੋਂ ਫੇਸਬੁੱਕ ਨੇ ਆਪਣੀ ਸਫ਼ਾਈ ’ਚ ਇਸ ਸਭ ਕਾਸੇ ਲਈ ‘ਸਪੈਮ’ ਸਿਰ ਭਾਂਡਾ ਭੰਨਿਆ ਹੈ। ਫੇਸਬੁੱਕ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਖ਼ਿਲਾਫ਼ਤ ਕਰ ਰਹੇ ਕਿਸਾਨਾਂ ਵੱਲੋਂ ਇਸ ਪੇਜ ਦਾ ਵੱਧ ਇਸਤੇਮਾਲ ਕੀਤੇ ਜਾਣ ਕਰਕੇ ਮੀਡੀਆ ਪਲੇਟਫਾਰਮ ਦੇ ‘ਸਪੈਮ’ ਤੇ ਕਮਿਊਨਿਟੀ ਸਟੈਂਡਰਡਜ਼ ਦੇ ਨੇਮਾਂ ਦੇ ਉਲਟ ਜਾਣ ਕਰਕੇ ‘ਸਵੈਚਲਿਤ ਪ੍ਰਣਾਲੀਆਂ’ ਨੇ ਫੇਸਬੁੱਕ ਪੇਜ ’ਤੇ ਵੱਧ ਸਰਗਰਮੀ ਨੂੰ ਭਾਂਪਦੇ ਹੋਏ ਇਸ ਸਫ਼ੇ ਨੂੰ ਸਪੈਮ ਵਜੋਂ ਨਿਸ਼ਾਨਬੱਧ ਕਰ ਦਿੱਤਾ ਸੀ। ਕੰਪਨੀ ਨੇ ਕਿਹਾ ਕਿ ਜਦੋਂ ਇਸ ਨੁਕਸ ਦਾ ਪਤਾ ਲੱਗਾ ਤਾਂ ਤਿੰਨ ਘੰਟੇ ਅੰਦਰ ਪੇਜ ਮੁੜ ਸ਼ੁਰੂ ਕਰ ਦਿੱਤਾ ਗਿਆ। ਬੀਤੀ ਸ਼ਾਮ ਇਹ ਸਫ਼ਾ ਬੰਦ ਹੋਣ ਮਗਰੋਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕੰਪਨੀ ਨੂੰ ਕਰਾਰੇ ਹੱਥੀਂ ਲਿਆ ਸੀ। ਇਹ ਸਫ਼ਾ ਮੋਰਚੇ ਦੇ ‘ਆਈਟੀ ਸੈੱਲ’ ਵੱਲੋਂ ਦੋ ਤਿੰਨ ਦਿਨ ਪਹਿਲਾਂ ਕਾਇਮ ਕੀਤਾ ਗਿਆ ਹੈ।