ਅਗਰਤਲਾ, 21 ਦਸੰਬਰ
ਹੁਕਮਰਾਨ ਭਾਜਪਾ ਅਤੇ ਵਿਰੋਧੀ ਧਿਰ ਸੀਪੀਐੱਮ ਦੇ ਵਰਕਰਾਂ ਵਿਚਕਾਰ ਖਾਯੇਰਪੁਰ ’ਚ ਹੋਈ ਝੜਪ ਦੀ ਕਵਰੇਜ ਕਰਨ ਗਏ ਤਿੰਨ ਪੱਤਰਕਾਰਾਂ ’ਤੇ ਹਮਲਾ ਹੋਇਆ ਹੈ। ਪੁਲੀਸ ਮੁਤਾਬਕ ਝੜਪਾਂ ’ਚ 4-5 ਵਿਅਕਤੀ ਜ਼ਖ਼ਮੀ ਹੋਏ ਹਨ ਪਰ ਪ੍ਰਾਣਗੋਪਾਲ ਅਚਾਰਿਆ (ਸਿਆਂਦਨ ਪੱਤਰਿਕਾ), ਪਿੰਟੂ ਪਾਲ (ਰਾਈਜ਼ਿੰਗ ਟੀਵੀ) ਅਤੇ ਬਿਸਵਾਜੀਤ ਦੇਬਨਾਥ (ਮ੍ਰਿਣਾਲਿਨੀ ਈਐੱਨਐੱਨ ਟੀਵੀ) ਵਾਲ-ਵਾਲ ਬਚ ਗਏ। ਅਗਰਤਲਾ ਪ੍ਰੈੱਸ ਕਲੱਬ ਨੇ ਘਟਨਾ ਦੀ ਨਿਖੇਧੀ ਕਰਦਿਆਂ ਪੱਤਰਕਾਰਾਂ ’ਤੇ ਹਮਲਾ ਕਰਨ ਵਾਲੇ ਵਿਅਕਤੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ। ਸੀਪੀਐੱਮ ਆਗੂ ਪਬਿੱਤਰਾ ਕਾਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੇ ਤਿੰਨ ਵਰਕਰ ਭਾਜਪਾ ਦੇ ਹਮਲੇ ’ਚ ਜ਼ਖ਼ਮੀ ਹੋਏ ਹਨ ਅਤੇ ਇਨ੍ਹਾਂ ’ਚੋਂ ਇਕ ਨੂੰ ਇਲਾਜ ਲਈ ਕੋਲਕਾਤਾ ਭੇਜਿਆ ਗਿਆ ਹੈ। ਭਾਜਪਾ ਤਰਜਮਾਨ ਨਬੇਂਦੂ ਭੱਟਾਚਾਰਜੀ ਨੇ ਕਿਹਾ ਕਿ ਪੁਲੀਸ ਸਾਹਮਣੇ ਝੜਪ ਹੋਈ ਹੈ ਅਤੇ ਉਨ੍ਹਾਂ ਅਸਲ ਦੋਸ਼ੀਆਂ ਨੂੰ ਫੜਨ ਦੀ ਮੰਗ ਕੀਤੀ ਹੈ। -ਪੀਟੀਆਈ