ਪੱਤਰ ਪ੍ਰੇਰਕ
ਗਿੱਦੜਬਾਹਾ, 12 ਦਸੰਬਰ
‘ਪੰਜਾਬ ਸਰਕਾਰ ’ਤੇ ਉਂਗਲ ਚੁੱਕਣ ਵਾਲੇ ਅਕਾਲੀ ਆਗੂ ਦੱਸਣ ਕਿ ਉਨ੍ਹਾਂ ਆਪਣੀ ਸਰਕਾਰ ਦੇ 10 ਸਾਲਾਂ ਦੌਰਾਨ ਪੰਜਾਬ ਦਾ ਕਿੰਨਾ ਵਿਕਾਸ ਕੀਤਾ ਹੈ।’ ਇਹ ਪ੍ਰਗਟਾਵਾ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪਿੰਡ ਕੋਟਭਾਈ ਵਿੱਚ ਨਵੇਂ ਬਣੇ ਆਂਗਣਵਾੜੀ ਸੈਂਟਰ ਅਤੇ ਡਿਸਪੈਂਸਰੀ ਦਾ ਉਦਘਾਟਨ ਕਰਨ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਔਰਤਾਂ ਨੂੰ ਬੱਸ ਵਿੱਚ ਮੁਫਤ ਸਫ਼ਰ ਦੀ ਸਹੂਲਤ ਦਿੱਤੀ ਤੇ ਇਸ ਤੋਂ ਇਲਾਵਾ ਲੋਕਾਂ ਨੂੰ ਸਸਤਾ ਡੀਜ਼ਲ, ਪੈਟਰੌਲ, ਸਸਤਾ ਰੇਤ, ਸਸਤੀ ਬਿਜਲੀ ਵਰਗੀਆਂ ਸਹੂਲਤਾਂ ਦਿੱਤੀਆਂ। ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਸਰਕਾਰ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ ਜਦੋਂਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਲੋਕਾਂ ਨੂੰ ਫੋਕੇ ਵਆਦਿਆਂ ਨਾਲ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪਿੰਡਾਂ ਅਤੇ ਸ਼ਹਿਰਾਂ ਅੰਦਰ ਗਲੀਆਂ ਵਿੱਚ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ 5 ਸਾਲਾਂ ਵਿੱਚ ਪੈਨਸ਼ਨਾਂ ਨੂੰ 500 ਤੋਂ ਵਧਾ ਕੇ 1500 ਕੀਤਾ ਜਦੋਂਕਿ ਅਕਾਲੀ ਸਰਕਾਰ ਨੇ 10 ਸਾਲਾਂ ਵਿੱਚ ਸਿਰਫ਼ 250 ਰੁਪਏ ਹੀ ਪੈਨਸ਼ਨ ਵਿੱਚ ਵਾਧਾ ਕੀਤਾ ਸੀ। ਇਸ ਮੌਕੇ ਬਾਬੂ ਸਿੰਘ ਸਰਪੰਚ ਕੋਟਭਾਈ, ਗੁਰਵਿੰਦਰ ਸਿੰਘ ਗਿੰਦੀ ਮੈਂਬਰ, ਰਣਜੀਤ ਸਿੰਘ, ਗੁਰਮੀਤ ਸਿੰਘ, ਸ਼ਿੰਦਰਪਾਲ ਕੌਰ, ਰਾਜਵਿੰਦਰ ਕੌਰ, ਰਮੇਸ਼ ਕੁਮਾਰ ਸਮੂਹ ਮੈਂਬਰ ਪੰਚਾਇਤ ਤੋਂ ਇਲਾਵਾ ਨਵਤੇਜ ਸਿੰਘ ਪੰਚਾਇਤ ਸਕੱਤਰ, ਗੁਰਦਾਸ ਸਿੰਘ ਮਨਰੇਗਾ ਸਕੱਤਰ ਤੇ ਆਂਗਣਵਾੜੀ ਵਰਕਰਾਂ ਜਸਪ੍ਰੀਤ ਕੌਰ ਤੇ ਪਰਮਜੀਤ ਕੌਰ ਵੀ ਹਾਜ਼ਰ ਸਨ।