ਪੱਤਰ ਪ੍ਰੇਰਕ
ਸ਼ਾਹਕੋਟ, 16 ਨਵੰਬਰ
ਦੀਵਾਲੀ ਵਾਲੇ ਦਿਨ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਕ ਨੌਜਵਾਨ ਦਾ ਹੱਥ ਵੱਢਣ ਵਾਲੇ ਹਮਲਾਵਰਾਂ ਵਿਚੋਂ ਦੋ ਨੂੰ ਸ਼ਾਹਕੋਟ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਸ਼ਾਹਕੋਟ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਅਮਨਦੀਪ ਪੁੱਤਰ ਦਰਬਾਰਾ ਵਾਸੀ ਢੰਡੋਵਾਲ ਆਪਣੇ ਭਰਾ ਸੰਨੀ ਨੂੰ ਦਵਾਈ ਦਿਵਾਉਣ ਲਈ ਲਈ ਸ਼ਾਹਕੋਟ ਲੈ ਕੇ ਆਇਆ ਸੀ। ਜਦੋਂ ਉਹ ਦਵਾਈ ਲੈ ਕੇ ਵਾਪਸ ਜਾ ਰਹੇ ਸਨ ਤਾਂ ਇਥੋਂ ਦੇ ਹਨੂੰਮਾਨ ਮੰਦਿਰ ਕੋਲ ਵਿਸ਼ਾਲ ਪੁੱਤਰ ਜਸਵੰਤ ਰਾਏ ਉਰਫ ਸੱਤੂ, ਸਮਾਇਲ ਕੁਮਾਰ ਪੁੱਤਰ ਰੋਸ਼ਨ ਲਾਲ, ਸਦੀ ਉਰਫ ਸੂਰਜ ਪੁੱਤਰ ਜਸਪਾਲ ਵਾਸੀਆਨ ਕੰਨੀਆਂ ਕਲਾਂ ਅਤੇ ਕੁਝ ਅਣਪਛਾਤੇ ਨੌਜਵਾਨਾਂ ਨੇ ਸੰਨੀ ਉੱਪਰ ਕਾਤਲਾਨਾ ਹਮਲਾ ਕਰਕੇ ਉਸ ਦੀ ਖੱਬੀ ਬਾਂਹ ਦਾ ਹੱਥ ਗੁੱਟ ਨਾਲੋਂ ਵੱਖ ਕਰ ਦਿੱਤਾ ਸੀ। ਐੱਸਐੱਚਓ ਸ਼ਾਹਕੋਟ ਸੁਰਿੰਦਰ ਕੁਮਾਰ ਨੇ ਅਮਨਦੀਪ ਦੇ ਬਿਆਨਾਂ ’ਤੇ ਮੁਕੱਦਮਾ ਨੰਬਰ 312 ਦਰਜ ਕੀਤਾ ਸੀ। ਐੱਸਆਈ ਬਲਕਾਰ ਸਿੰਘ ਨੇ ਛਾਪਾ ਮਾਰ ਕੇ ਅੱਜ ਸਦੀ ਉਰਫ ਸੂਰਜ (27) ਅਤੇ ਸਮਾਇਲ ਕੁਮਾਰ (22) ਨੂੰ ਗਿ੍ਫ਼ਤਾਰ ਕਰ ਲਿਆ। ਵਿਸ਼ਾਲ ਪੁੱਤਰ ਜਸਵੰਤ ਰਾਏ ਸਿਵਲ ਹਸਪਤਾਲ ਸ਼ਾਹਕੋਟ ਦਾਖਲ ਹੋਣ ਕਾਰਨ ਉਸ ਦੀ ਗਿ੍ਫਤਾਰੀ ਨਹੀਂ ਹੋ ਸਕੀ। ਗਿ੍ਫਤਾਰ ਕੀਤੇ ਮੁਲਜ਼ਮਾਂ ਕੋਲੋਂ ਉਨ੍ਹਾਂ ਦੇ ਸਾਥੀਆਂ ਅਤੇ ਹਮਲੇ ਵਿਚ ਵਰਤੇ ਹਥਿਆਰਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।