ਪੱਤਰ ਪ੍ਰੇਰਕ
ਭੁੱਚੋ ਮੰਡੀ, 4 ਦਸੰਬਰ
ਪਿੰਡ ਬਚਾਓ ਪੰਜਾਬ ਬਚਾਓ ਸੰਸਥਾ ਵੱਲੋਂ 1 ਨਵੰਬਰ ਤੋਂ 31 ਜਨਵਰੀ ਤੱਕ ਕੱਢੇ ਜਾ ਰਹੇ ਪੰਜਾਬ ਬਚਾਓ ਕਾਫ਼ਲੇ ਤਹਿਤ ਅੱਜ ਭੁੱਚੋ ਮੰਡੀ, ਚੱਕ ਬਖਤੂ, ਭੁੱਚੋ ਕਲਾਂ, ਲਹਿਰਾ ਬੇਗਾ ਟੌਲ ਪਲਾਜ਼ਾ ਅਤੇ ਬੈਸਟ ਪ੍ਰਾਈਜ਼ ਮਾਲ ਅੱਗੇ ਰੈਲੀਆਂ ਕਰਕੇ ਲੋਕਾਂ ਨੂੰ ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਪ੍ਰਤੀ ਸੁਚੇਤ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ, ਬਲਰਾਜ ਸਿੰਘ ਮੌੜ, ਅਮਰੀਕ ਸਿੰਘ ਮੌੜ ਅਤੇ ਕਿਰਨਜੀਤ ਕੌਰ ਝੁਨੀਰ ਨੇ ਕਿਹਾ ਕਿ ਇਹ ਕਾਫ਼ਲਾ ਦੇਸ਼ ਵਿੱਚ ਸੂਬਿਆਂ ਨੂੰ ਵੱਧ ਅਧਿਕਾਰ ਅਤੇ ਖੁਦਮੁਖਤਾਰੀ ਦੀ ਮੰਗ ਅਤੇ ਪਹਿਲਾਂ ਮਿਲੇ ਅਧਿਕਾਰਾਂ ਨੂੰ ਖੋਹੇ ਜਾਣ ਦੇ ਵਿਰੋਧ ਵਿੱਚ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਸਬੰਧੀ ਕਾਨੂੰਨਾਂ, ਬਿਜਲੀ ਦੇ ਤਜਵੀਜ਼ਤ ਕਾਨੂੰਨ ਅਤੇ ਹਵਾ ਪ੍ਰਦੂਸ਼ਣ ਨੂੰ ਰੋਕਣ ਦੀ ਆੜ ਹੇਠ ਲਿਆਂਦੇ ਆਰਡੀਨੈਂਸ ਨੇ ਪੰਜਾਬ ਦੀ ਖੇਤੀ, ਵਪਾਰ, ਅਤੇ ਆਵਾਜਾਈ ਦੀਆਂ ਸੇਵਾਵਾਂ ਖੋਹ ਕੇ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਆੜ੍ਹਤੀਆਂ, ਪੱਲੇਦਾਰਾਂ, ਰੇਹੜੀ ਰਿਕਸ਼ਾ ਵਾਲਿਆਂ ਅਤੇ ਦੁਕਾਨਦਾਰਾਂ ਦਾ ਰੁਜ਼ਗਾਰ ਖੋਹ ਲੈਣ ਦਾ ਰਸਤਾ ਸਾਫ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗ੍ਰਾਮ ਸਭਾਵਾਂ ਅਤੇ ਵਾਰਡ ਸਭਾਵਾਂ ਸੰਵਿਧਾਨਕ ਸੰਸਥਾਵਾਂ ਹਨ। ਇਨ੍ਹਾਂ ਦੀ ਜਮਹੂਰੀਅਤ ਨੂੰ ਹਕੀਕੀ ਬਣਾਉਣਾ ਅਤੇ ਫੈਸਲਿਆਂ ਵਿੱਚ ਸਰਗਰਮ ਸ਼ਮੂਲੀਅਤ ਰਾਹੀਂ ਲੋਕਾਂ ਦੀ ਪੁੱਗਤ ਬਣਾਉਣਾ ਸਾਡਾ ਉਦੇਸ਼ ਹੋਣਾ ਚਾਹੀਦਾ ਹੈ।
ਦਰਸ਼ਨ ਸਿੰਘ ਧਨੇਠਾ ਨੇ ਕਿਹਾ ਕਿ ਆਓ ਪੰਜਾਬ ਦੇ ਵਾਰਸ ਬਣੀਏ, ਜੁਆਨੀ ਦੇ ਸੁਪਨੇ ਮਰਨ ਨਾ ਦੇਈਏ ਅਤੇ ਭਾਰਤ ਸਰਕਾਰ ਨੂੰ ਕਿਹਾ ਕਿ ਕਿਸਾਨਾਂ ਦੇ ਪੁਰਅਮਨ ਸੰਘਰਸ਼ ਵਿੱਚ ਹਿੰਸਾ ਦਾਖਲ ਕਰਕੇ ਪੰਜਾਬ ਨੂੰ ਬਲਦੀ ਦੇ ਬੂਥੇ ਝੋਕਣ ਤੋਂ ਗੁਰੇਜ਼ ਕਰੇ।