ਹਰਦੇਵ ਚੌਹਾਨ
ਚੰਡੀਗੜ੍ਹ, 23 ਜੂਨ
ਪੰਜਾਬ ਸੰਗੀਤ ਨਾਟਕ ਅਕਾਦਮੀ ਦੀ ਜਨਰਲ ਕੌਂਸਲ ਦੀ ਪਲੇਠੀ ਮੀਟਿੰਗ ਵਿੱਚ ਅਕਾਦਮੀ ਦੀ ਕਾਰਜਕਾਰਨੀ ਦੀ ਗਠਨ ਹੋਇਆ। ਰੰਗਕਰਮੀ ਕੇਵਲ ਧਾਲੀਵਾਲ ਦੀ ਪ੍ਰਧਾਨਗੀ ਹੇਠ ਪੰਜਾਬ ਕਲਾ ਭਵਨ ਵਿੱਚ ਹੋਈ। ਮੀਟਿੰਗ ਵਿੱਚ ਡਾ. ਨਿਰਮਲ ਜੌੜਾ ਮੀਤ ਪ੍ਰਧਾਨ ਅਤੇ ਪ੍ਰੀਤਮ ਰੁਪਾਲ ਸਕੱਤਰ ਚੁਣੇ ਗਏ। ਇਸ ਮੌਕੇ ਚੁਣੀ ਨਵੀਂ ਕਾਰਜਕਾਰਨੀ ਵਿੱਚ ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਡਾ. ਲਖਵਿੰਦਰ ਸਿੰਘ ਜੌਹਲ ਤੋਂ ਇਲਾਵਾ ਡਾ. ਸਾਹਿਬ ਸਿੰਘ, ਸ਼੍ਰੀਮਤੀ ਜਸਵੰਤ ਦਮਨ, ਹਰਦਿਆਲ ਥੂਹੀ ਅਤੇ ਰਾਜਾ ਸਿੰਘ ਕਾਰਜਕਾਰਨੀ ਮੈਂਬਰ ਚੁਣੇ ਗਏ। ਮੀਟਿੰਗ ਵਿੱਚ ਕਰਮਜੀਤ ਅਨਮੋਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਗੁਰਸੇਵਕ ਲੰਬੀ, ਲੋਕ ਨਾਚ ਮਾਹਿਰ ਹਰਮਨਜੀਤ ਸਿੰਘ, ਹਰਜਿੰਦਰ ਰੰਗ ਅਤੇ ਰੰਗਕਰਮੀ ਇਕੱਤਰ ਸਿੰਘ ਨੇ ਬਤੌਰ ਮੈਂਬਰ ਸ਼ਮੂਲੀਅਤ ਕੀਤੀ।
ਮੀਟਿੰਗ ਵਿੱਚ ਪੰਜਾਬ ਸਰਕਾਰ ਦੀ ਸਰਬੱਤ ਸਿਹਤ ਯੋਜਨਾ ਤਹਿਤ ਕਲਾਕਾਰਾਂ ਅਤੇ ਰੰਗਕਰਮੀਆਂ ਦਾ ਸਿਹਤ ਬੀਮਾ ਕਰਵਾਉਣ, ਗੁਰੂ ਤੇਗ਼ ਬਹਾਦਰ ਦੇ 400 ਸਾਲ ਵਾਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਪ੍ਰੋਗਰਾਮ ਕਰਨ ਅਤੇ ਸੂਬੇ ਦੇ ਗਰੀਬ, ਬਜ਼ੁਰਗ ਅਤੇ ਲੋੜਵੰਦ ਕਲਾਕਾਰਾਂ ਲਈ ਫੈਲੋਸ਼ਿਪ ਦੇਣ ਦਾ ਫ਼ੈਸਲਾ ਵੀ ਕੀਤਾ ਗਿਆ। ਪੰਜਾਬੀ ਨਾਟਕ, ਰੰਗਮੰਚ ਅਤੇ ਹੋਰ ਲੋਕ ਕਲਾਵਾਂ ਤੇ ਲੋਕ ਸੰਗੀਤ ਨੂੰ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਪਹੁੰਚਾਉਣ ਲਈ ਇਸ ਸਬੰਧੀ ਪੁਸਤਕਾਂ ਦਾ ਹਿੰਦੀ ਵਿੱਚ ਅਨੁਵਾਦ ਕਰਵਾ ਕੇ ਪ੍ਰਕਾਸ਼ਿਤ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ।