ਨਵੀਂ ਦਿੱਲੀ: ਕੇਂਦਰੀ ਮੰਤਰੀ ਮੰਡਲ ਨੇ ਅੱਜ ਭਾਰਤ ਵਿੱਚ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ 2022 ਦੀ ਮੇਜ਼ਬਾਨੀ ਕਰਨ ਦੀ ਗਾਰੰਟੀ ’ਤੇ ਹਸਤਾਖਰ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ’ਚ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ। ਭਾਰਤ ਇਸ ਸਾਲ 11 ਅਕਤੂਬਰ ਤੋਂ 17 ਅਕਤੂਬਰ ਤੱਕ ਨਵੀਂ ਮੁੰਬਈ, ਗੋਆ ਅਤੇ ਭੁਬਨੇਸ਼ਵਰ ਵਿੱਚ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ। ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਟੂਰਨਾਮੈਂਟ ਦੀ ਮੇਜ਼ਬਾਨੀ ਲਈ 60 ਕਰੋੜ ਰੁਪਏ ਖਰਚੇ ਜਾਣਗੇ। ਇਸ ਵਿਚ ਭਾਰਤ ਸਮੇਤ 16 ਟੀਮਾਂ ਹਿੱਸਾ ਲੈਣਗੀਆਂ। ਉਨ੍ਹਾਂ ਕਿਹਾ ਕਿ ਖੇਡ ਦੇ ਮੈਦਾਨ ਦੇ ਰੱਖ-ਰਖਾਅ, ਬਿਜਲੀ ਅਤੇ ਸਿਖਲਾਈ ਸਥਾਨ ਦੀ ਬ੍ਰੈਂਡਿੰਗ ਆਦਿ ਲਈ ਆਲ ਇੰਡੀਆ ਫੁਡਬਾਲ ਫੈਡਰੇਸ਼ਨ (ਏਆਈਐੱਫਐੱਫ) ਨੂੰ 10 ਕਰੋੜ ਰੁਪਏ ਦਾ ਵਿੱਤੀ ਖਰਚਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਫੀਫਾ ਵਿਸ਼ਵ ਕੱਪ ਹੋਣ ਨਾਲ ਦੇਸ਼ ਵਿੱਚ ਖੇਡ ਦੀ ਪ੍ਰਸਿੱਧੀ ਹੋਰ ਵਧੇਗੀ ਅਤੇ ਹੋਰ ਨੌਜਵਾਨ ਖੇਡਣ ਲਈ ਪ੍ਰੇਰਿਤ ਹੋਣਗੇ। -ਪੀਟੀਆਈ