ਨਿੱਜੀ ਪੱਤਰ ਪ੍ਰੇਰਕ
ਸਿਰਸਾ, 14 ਸਤੰਬਰ
ਹਰਿਆਣਾ ਦੀ ਭਾਜਪਾ-ਜਜਪਾ ਸਰਕਾਰ ਖ਼ਿਲਾਫ਼ ‘ਆਪ’ ਵੱਲੋਂ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਆ। ਧਰਨਾਕਾਰੀਆਂ ਨੇ ਸਰਕਾਰ ’ਤੇ ਕਥਿਤ ਤੌਰ ’ਤੇ ਨੌਕਰੀਆਂ ਵੇਚਣ ਦੇ ਗੰਭੀਰ ਦੋਸ਼ ਲਾਏ ਹਨ। ਆਮ ਆਦਮ ਪਾਰਟੀ ਦੇ ਆਗੂ ਤੇ ਕਾਰਕੁਨ ਅੱਜ ਆਈਟੀਆਈ ਕਾਲਜ ਦੇ ਚੌਕ ’ਚ ਇੱਕਠੇ ਹੋਏ ਜਿਥੋਂ ਉਹ ਪ੍ਰਦਰਸ਼ਨ ਕਰਦੇ ਹੋਏ ਸ਼ਿਵ ਚੌਕ ਪੁੱਜੇ, ਜਿਥੇ ਹਰਿਆਣਾ ਸਰਕਾਰ ਦਾ ਪੁਤਲਾ ਫੂਕਿਆ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ‘ਆਪ’ ਦੇ ਆਗੂ ਪੂਨਮ ਗੋਦਾਰਾ, ਸਵਰਨ ਕੌਰ, ਜਸਪ੍ਰੀਤ ਕੌਰ, ਸੁਖਦੀਪ ਕੌਰ, ਮਮਤਾ ਕੰਬੋਜ, ਕੁਲਦੀਪ ਗਦਰਾਣਾ, ਵਰਿੰਦਰ ਕੁਮਾਰ ਨੇ ਕਿਹਾ ਕਿ ਭਾਜਪਾ-ਜਜਪਾ ਸਰਕਾਰ ਬਿਨਾ ਪਰਚੀ ਖਰਚੀ ਦੇ ਨੌਕਰੀਆਂ ਦੇਣ ਦਾ ਦਾਅਵਾ ਕਰਦੀ ਨਹੀਂ ਥਕਦੀ ਸੀ, ਜਿਸ ਦੀ ਹੁਣ ਪੋਲ ਖੁੱਲ੍ਹ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਕ ਵਿਧਾਇਕ ਵੱਲੋਂ ਨੌਕਰੀਆਂ ਲਵਾਉਣ ਦੇ ਬਦਲੇ ਕਥਿਤ ਤੌਰ ’ਤੇ ਲੱਖਾਂ ਰੁਪਏ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਇਹ ਸਾਬਿਤ ਹੋ ਗਿਆ ਹੈ ਕਿ ਗੱਠਜੋੜ ਦੀ ਸਰਕਾਰ ਦੇ ਰਾਜ ਵਿੱਚ ਵੀ ਨੌਕਰੀਆਂ ਵੇਚੀਆਂ ਗਈਆਂ ਹਨ। ੳਨ੍ਹਾਂ ਨੇ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।