ਸ੍ਰੀਨਗਰ, 25 ਅਗਸਤ
ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਜੰਮੂ-ਕਸ਼ਮੀਰ ਮਹਾਤਮਾ ਗਾਂਧੀ ਦੇ ਧਰਮ ਨਿਰਪੱਖ ਭਾਰਤ ’ਚ ਸ਼ਾਮਲ ਹੋਇਆ ਸੀ, ਜਿਸ ਦੀ ਬੁਨਿਆਦ ਭਾਈਚਾਰੇ ਅਤੇ ਫਿਰਕੂ ਏਕਤਾ ’ਤੇ ਰੱਖੀ ਗਈ ਸੀ, ਪਰ ਹੁਣ ਇਨ੍ਹਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੇਸ਼ ਦੇ ਅਸਾਸਿਆਂ, ਜਿਨ੍ਹਾਂ ਅਹਿਮ ਖੇਤਰ ਸ਼ਾਮਲ ਹਨ, ਦਾ ਮੁੱਦਰੀਕਰਨ ਕਰਨ ’ਤੇ ਵੀ ਕੇਂਦਰ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਿਛਲੇ 70 ਸਾਲਾਂ ਦੌਰਾਨ ਦੇਸ਼ ਵਿੱਚ ਜੋ ਕੁਝ ਵੀ ਬਣਾਇਆ ਗਿਆ ਸੀ, ਉਸ ਨੂੰ ‘ਵੇਚਿਆ’ ਜਾ ਰਿਹਾ ਹੈ। ਸੋਪੀਆਂ ਜ਼ਿਲ੍ਹੇ ’ਚ ਪਾਰਟੀ ਦੀ ਇੱਕ ਕਨਵੈਨਸ਼ਨ ਮਗਰੋਂ ਪੀਡੀਪੀ ਨੇਤਾ ਮਹਬਿੂਬਾ ਨੇ ਕਿਹਾ, ‘ਜੰਮੂ-ਕਸ਼ਮੀਰ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਦੇ ਭਾਰਤ ’ਚ ਸ਼ਾਮਲ ਹੋਇਆ ਸੀ… ਧਰਮ-ਨਿਰਪੱਖ ਭਾਰਤ, ਜਿੱਥੇ ਭਾਈਚਾਰਾ ਅਤੇ ਫਿਰਕੂ ਏਕਤਾ ਸੀ। ਹੁਣ ਇਨ੍ਹਾਂ ਸਾਰਿਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।’ –ਪੀਟੀਆਈ