ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 22 ਮਈ
ਮੁਕਤਸਰ ਦੇ ਜਲਾਲਾਬਾਦ ਰੋਡ ਸਥਿਤ ਸ਼ਿਵ ਧਾਮ ’ਚ ਕਰੋਨਾ ਨਾਲ ਮਰਨ ਵਾਲੇ ਕਰੀਬ 50 ਵਿਅਕਤੀਆਂ ਦੀਆਂ ਅਸਥੀਆਂ ਆਖਰੀ ਧਾਰਮਿਕ ਰਸਮਾਂ ਲਈ ਆਪਣੇ ‘ਪਿਆਰਿਆਂ’ ਨੂੰ ਉਡੀਕ ਰਹੀਆਂ ਹਨ।
ਕਰੀਬ ਮਹੀਨੇ ਭਰ ਤੋਂ ਲੈ ਕੇ ਸ਼ਿਵ ਧਾਮ ਦੇ ਬਕਸਿਆਂ ਵਿੱਚ ਬੰਦ ਪਈਆਂ ਇਨ੍ਹਾਂ ਅਸਥੀਆਂ ਨੂੰ ਲੈਣ ਵਾਸਤੇ ਕੋਈ ਵੀ ਵਾਰਸ ਨਹੀਂ ਬਹੁੜ ਰਿਹਾ ਜਿਸ ਕਰਕੇ ਪ੍ਰਬੰਧਕਾਂ ਨੂੰ ਇਹ ਅਸਥੀਆਂ ਲੰਬੇ ਸਮੇਂ ਲਈ ਸੰਭਾਲਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਮ੍ਰਿਤਕ ਦੇਹਾਂ ਦਾ ਅੰਤਿਮ ਸੰਸਕਾਰ ਤਾਂ ਸ਼ਿਵਧਾਮ ਦੇ ਪ੍ਰਬੰਧਕ ਤੇ ਨਗਰ ਕੌਂਸਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਬਿਜਲੀ ਦੀ ਭੱਠੀ ਵਿੱਚ ਕਰ ਦਿੱਤਾ ਜਾਂਦਾ ਹੈ ਤੇ ਮਹਿਜ਼ ਤਿੰਨ ਘੰਟੇ ਬਾਅਦ ਹੀ ‘ਫੁੱਲ’ ਤਿਆਰ ਹੋ ਜਾਂਦੇ ਹਨ ਪਰ ਹੁਣ ਇਨ੍ਹਾਂ ਫੁੱਲਾਂ ਨੂੰ ਲੈਣ ਵਾਸਤੇ ਵੀ ਕੋਈ ਵਾਰਸ ਆਉਣ ਲਈ ਤਿਆਰ ਨਹੀਂ ਹੈ। ਸ਼ਿਵ ਧਾਮ ’ਚ ਲੱਗੇ ਬਕਸੇ ਅਸਥੀਆਂ ਨਾਲ ਭਰਨ ਤੋਂ ਬਾਅਦ ਹੁਣ ਕੰਧਾਂ ’ਤੇ ਵੀ ਅਸਥੀਆਂ ਟੰਗੀਆਂ ਨਜ਼ਰ ਆ ਰਹੀਆਂ ਹਨ।
ਸ਼ਿਵ ਧਾਮ ਦੇ ਪ੍ਰਬੰਧਕ ਸ਼ੰਮੀ ਤੇਰੀਆ ਨੇ ਦੱਸਿਆ ਕਿ ਧਾਮ ਵਿੱਚ 25 ਅਸਥੀਆਂ ਰੱਖਣ ਦੀ ਥਾਂ ਹੈ ਪਰ ਪਿਛਲੇ ਕਈ ਦਿਨਾਂ ਤੋਂ ਕਰੋਨਾ ਦੇ ਚਲਦਿਆਂ ਲੋਕ ਮ੍ਰਿਤਕਾਂ ਦੀਆਂ ਅਸਥੀਆਂ ਲੈਣ ਨਹੀਂ ਆ ਰਹੇ। ਇਸ ਵੇਲੇ 50 ਤੋਂ ਵੱਧ ਅਸਥੀਆਂ ਪਈਆਂ ਹਨ। ਉਹ ਹੁਣ ਸ਼ਹਿਰ ਵਿੱਚ ਮੁਨਿਆਦੀ ਕਰਵਾ ਕੇ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਅਸਥੀਆਂ ਲੈ ਕੇ ਜਾਣ ਦੀ ਅਪੀਲ ਕਰਨਗੇ ਅਤੇ ਜੇਕਰ ਫਿਰ ਵੀ ਕੋਈ ਨਾ ਆਇਆ ਤਾਂ ਇਨ੍ਹਾਂ ਅਸਥੀਆਂ ਨੂੰ ਹਰਿਦੁਆਰ ਪਹੁੰਚਾ ਕੇ ਗੰਗਾ ’ਚ ਜਲ ਪ੍ਰਵਾਹ ਕਰਵਾ ਦਿੱਤਾ ਜਾਵੇਗਾ।