ਨਵੀਂ ਦਿੱਲੀ, 25 ਅਗਸਤ
ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐੱਸ) ਜਨਰਲ ਬਿਪਿਨ ਰਾਵਤ ਨੇ ਅੱਜ ਦੇ ਜ਼ੋਰ ਦੇ ਕੇ ਕਿਹਾ ਕਿ ਤਾਲਿਬਾਨ ਦੇ ਕੰਟਰੋਲ ਵਾਲੇ ਅਫ਼ਗਾਨਿਸਤਾਨ ਤੋਂ ਕਿਸੇ ਵੀ ਸੰਭਾਵਿਤ ਦਹਿਸ਼ਤਗਰਦੀ ਦੀ ਕੋਸ਼ਿਸ਼, ਜਿਸ ਦਾ ਰੁਖ਼ ਭਾਰਤ ਵੱਲ ਹੋਇਆ, ਨਾਲ ਕਰੜੇ ਹੱਥੀਂ ਨਜਿੱਠਿਆ ਜਾਵੇਗਾ। ਉਨ੍ਹਾਂ ਨੇ ਇਹ ਸਲਾਹ ਵੀ ਦਿੱਤੀ ਕਿ ‘ਕੁਆਡ ਮੁਲਕਾਂ’ ਨੂੰ ਦਹਿਸ਼ਤਗਰਦੀ ਖ਼ਿਲਾਫ਼ ਆਲਮੀ ਜੰਗ ’ਚ ਸਹਿਯੋਗ ਹੋਰ ਵਧਾਉਣਾ ਚਾਹੀਦਾ ਹੈ।
ਜਨਰਲ ਰਾਵਤ ਨੇ ਕਿਹਾ ਕਿ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਦਾ ਭਾਰਤ ਨੂੰ ਖਦਸ਼ਾ ਸੀ ਪਰ ਜਿੰਨੀ ਤੇਜ਼ੀ ਨਾਲ ਉੱਥੇ ਤਾਜ਼ਾ ਘਟਨਾਕ੍ਰਮ ਬਦਲਿਆ, ਉਹ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਗੁੱਟ (ਤਾਲਿਬਾਨ) ਪਿਛਲੇ 20 ਸਾਲਾਂ ’ਚ ਵੀ ਨਹੀਂ ਬਦਲਿਆ ਹੈ। ਉਹ ਆਬਜ਼ਰਵਰ ਰਿਸਰਚ ਫਾਊਂਡੇਸ਼ਨ (ਓਆਰਐੱਫ) ਵੱਲੋਂ ਕਰਵਾਈ ਇੱਕ ਚਰਚਾ ’ਚ ਅਮਰੀਕਾ ਦੀ ਹਿੰਦ-ਪ੍ਰਸ਼ਾਂਤ ਕਮਾਂਡ ਦੇ ਕਮਾਂਡਰ ਐਡਮਿਰਲ ਜਾਨ ਐਕੁਈਲੀਨੋ ਨਾਲ ਸੰਬੋਧਨ ਕਰ ਰਹੇ ਸਨ।
ਐਡਮਿਰਲ ਐਕੁਈਲੀਨੋ ਨੇ ਆਪਣੀਆਂ ਟਿੱਪਣੀਆਂ ’ਚ ਚੀਨ ਦੇ ਹਮਲਾਵਰ ਰੁਖ਼ ਦੇ ਸਪੱਸ਼ਟ ਲਿਹਾਜ਼ ਤੋਂ, ਖਾਸਕਰ ‘ਅਸਲ ਕੰਟਰੋਲ ਰੇਖਾ ’ਤੇ ਪ੍ਰਭੂਸੱਤਾ’ ਦੇ ਨਾਲ-ਨਾਲ ਦੱਖਣੀ ਚੀਨ ਸਾਗਰ ’ਚ ਵੀ ਭਾਰਤ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਜ਼ਿਕਰ ਕੀਤਾ। ਸੀਡੀਐੱਸ ਰਾਵਤ ਨੇ ਕਿਹਾ ਕਿ ਭਾਰਤ ਖਿੱਤੇ ਵਿੱਚ ਦਹਿਸ਼ਤਗਰਦੀ ਮੁਕਤ ਮਾਹੌਲ ਯਕੀਨੀ ਬਣਾਉਣ ਲਈ ਵਚਨਬੱਧ ਹੈ। ਜਨਰਲ ਰਾਵਤ ਨੇ ਆਖਿਆ, ‘ਜਿਥੋਂ ਤੱਕ ਅਫ਼ਗਾਨਿਸਤਾਨ ਦਾ ਸਵਾਲ ਹੈ, ਅਸੀਂ ਇਹ ਯਕੀਨੀ ਬਣਾਵਾਂਗੇ ਕਿ ਅਫ਼ਗਾਨਿਸਤਾਨ ਤੋਂ ਹੋਣ ਵਾਲੀ ਕਿਸੇ ਵੀ ਸਰਗਰਮੀ, ਜੋ ਭਾਰਤ ਵੱਲ ਆਉਂਦੀ ਹੋਵੇ, ਨਾਲ ਉਸੇ ਤਰ੍ਹਾਂ ਨਿਜਿੱਠਿਆ ਜਾਵੇ ਜਿਸ ਤਰ੍ਹਾਂ ਅਸੀਂ ਆਪਣੇ ਦੇਸ਼ ’ਚ ਦਹਿਸ਼ਤਗਰਦੀ ਨਾਲ ਨਜਿੱਠ ਰਹੇ ਹਾਂ।’ -ਪੀਟੀਆਈ