ਐੱਸ ਐੱਸ ਸੱਤੀ
ਮਸਤੂਆਣਾ ਸਾਹਿਬ, 9 ਜਨਵਰੀ
ਧੀ ਪੰਜਾਬਣ ਮੰਚ ਵਲੋਂ ਅਕਾਲ ਕਾਲਜ ਆਫ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਧੀਆਂ ਦੀ ਲੋਹੜੀ ਦਾ ਸਮਾਗਮ ਕੀਤਾ ਗਿਆ। ਜਿਸ ਦਾ ਰਸਮੀ ਉਦਘਾਟਨ ਬਿਰਧ ਆਸ਼ਰਮ ਦੇ ਪ੍ਰਧਾਨ ਸ. ਬਲਦੇਵ ਸਿੰਘ ਗੋਸਲ ਨੇ ਕੀਤਾ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਸ੍ਰੀ ਸ਼ਿਵ ਆਰੀਆ ਨੇ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਲੜਕੀਆਂ ਵਿਚ ਆਤਮਬਲ ਮਜਬੂਤ ਹੁੰਦਾ ਹੈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਧੀ ਪੰਜਾਬਣ ਮੰਚ ਦੇ ਇਸ ਕਦਮ ਦੀ ਸ਼ਲਾਘਾ ਕੀਤੀ। ਇਸ ਮੌਕੇ ਯਮਨਾ ਨਗਰ ਤੋਂ ਪਹੁੰਚੇ ਨਾਮਵਰ ਕਲਾਕਾਰ ਪੂਜਾ ਸ਼ਰਮਾ, ਨੈਸ਼ਨਲ ਨਰਸਿੰਗ ਕਾਲਜ ਅਤੇ ਅਕਾਲ ਕਾਲਜ ਮਸਤੂਆਣਾ ਸਾਹਿਬ ਦੀਆਂ ਵਿਦਿਆਰਥਣਾਂ ਨੇ ਆਪਣੀ ਖੂਬਸੂਰਤ ਪੇਸ਼ਕਾਰੀ ਨਾਲ ਸਮਾਗਮ ਦਾ ਰੰਗ ਬੰਨਿਆ। ਮੰਚ ਦੇ ਪ੍ਰਧਾਨ ਸ੍ਰੀਮਤੀ ਬਲਜੀਤ ਸ਼ਰਮਾ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਮੰਚ ਦੇ ਡਾਇਰੈਕਟਰ ਸ. ਹਰਜੀਤ ਸਿੰਘ ਢੀਂਗਰਾ, ਕਾਲਜ ਦੇ ਪ੍ਰਿੰਸੀਪਲ ਡਾ. ਸੁਖਦੀਪ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਅਤੇ ਮੰਚ ਦੇ ਮੀਤ ਪ੍ਰਧਾਨ ਸ੍ਰੀਮਤੀ ਰਾਜਦੀਪ ਕੌਰ ਬਰਾੜ ਨੇ ਧੰਨਵਾਦ ਕੀਤਾ। ਇਸ ਮੌਕੇ ਵਿਨਰਜੀਤ ਸਿੰਘ ਗੋਲਡੀ ਨੇ ਬੋਲਦਿਆਂ ਧੀਆਂ ਨੂੰ ਆਪਣਾ ਸਦਾਚਾਰ ਤੇ ਆਚਰਨ ਕਾਇਮ ਰੱਖ ਕੇ ਨਵਾਂ ਸਮਾਜ ਸਿਰਜਣ ਦਾ ਸੱਦਾ ਦਿੱਤਾ। ਜ਼ਿਲਾ ਖਪਤਕਾਰ ਕਮਿਸ਼ਨ ਦੇ ਮੈਂਬਰ ਸ੍ਰੀਮਤੀ ਸਰਿਤਾ ਗਰਗ, ਡਾ. ਏ. ਐਸ. ਮਾਨ, ਰਾਜ ਕੁਮਾਰ ਅਰੋੜਾ, ਲਲਿਤ ਗਰਗ ਐਡਵੋਕੇਟ, ਮਾਸਟਰ ਪਰਮਵੇਦ, ਸ. ਸੁਰਜੀਤ ਸਿੰਘ ਕਾਲੀਆ, ਸ੍ਰੀ ਪਾਲਾ ਮੱਲ ਸਿੰਗਲਾ, ਬਲਦੇਵ ਕਿਸ਼ਨ ਗੁਪਤਾ, ਡਾ. ਗੀਤਾ ਠਾਕੁਰ ਅਤੇ ਹੋਰਨਾਂ ਨੇ ਇਸ ਮੌਕੇ ਧੀਆਂ ਨੂੰ ਮੁਬਾਰਕਾਂ ਦਿੱਤੀਆਂ। ਬਾਅਦ ਵਿਚ ਲੋਹੜੀ ਦੀ ਧੂਣੀ ਬਾਲਣ ਦੀ ਰਸਮ ਵੀ ਅਦਾ ਕੀਤੀ ਗਈ।