ਨਵੀਂ ਦਿੱਲੀ, 20 ਮਈ
ਮੁੱਖ ਚੋਣ ਕਮਿਸ਼ਨਰ (ਸੀਈਸੀ) ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰ (ਈਸੀ) ਅਨੂਪ ਚੰਦਰ ਪਾਂਡੇ ਨੇ ਸਰਕਾਰ ’ਤੇ ਆਰਥਿਕ ਬੋਝ ਘੱਟ ਕਰਨ ਦੇ ਉਦੇਸ਼ ਨਾਲ ਆਪਣੀ ਇੱਛਾ ਨਾਲ ਵਿਸ਼ੇਸ਼ ਭੱਤੇ ਛੱਡਣ ਦਾ ਫ਼ੈਸਲਾ ਲਿਆ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਬਿਆਨ ਮੁਤਾਬਕ ਕੁਮਾਰ ਅਤੇ ਪਾਂਡੇ ਨੇ ਫ਼ੈਸਲਾ ਲਿਆ ਹੈ ਕਿ ਉਹ ਸਤਿਕਾਰ ਭੱਤੇ ’ਤੇ ਆਮਦਨ ਕਰ ’ਚ ਮਿਲੀ ਛੋਟ ਨਹੀਂ ਲੈਣਗੇ ਅਤੇ ਹਰ ਸਾਲ ਮਿਲਣ ਵਾਲੇ ਤਿੰਨ ਐੱਲਟੀਸੀ ’ਚੋਂ ਦੋ ਨਹੀਂ ਲੈਣਗੇ। ਪਿਛਲੇ ਹਫ਼ਤੇ ਮੁੱਖ ਚੋਣ ਕਮਿਸ਼ਨਰ ਦਾ ਅਹੁਦਾ ਸੰਭਾਲਣ ਮਗਰੋਂ ਕੁਮਾਰ ਨੇ ਪਾਂਡੇ ਨਾਲ ਅੱਜ ਚੋਣ ਕਮਿਸ਼ਨ ਦੀ ਪਹਿਲੀ ਬੈਠਕ ਕੀਤੀ। ਭਾਰਤੀ ਚੋਣ ਕਮਿਸ਼ਨ ’ਚ 1993 ਤੋਂ ਤਿੰਨ ਚੋਣ ਕਮਿਸ਼ਨਰ ਹਨ ਅਤੇ ਇਸ ਸਮੇਂ ਇਕ ਅਹੁਦਾ ਖਾਲੀ ਪਿਆ ਹੈ। ਬਿਆਨ ’ਚ ਕਿਹਾ ਗਿਆ ਕਿ ਕਮਿਸ਼ਨ ਨੇ ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰਾਂ ਨੂੰ ਦਿੱਤੇ ਜਾਣ ਵਾਲੇ ਵਿਸ਼ੇਸ਼ ਭੱਤਿਆਂ ਦੀ ਸਮੀਖਿਆ ਕੀਤੀ ਜਿਸ ’ਚ ਸਤਿਕਾਰ ਭੱਤੇ ’ਤੇ ਆਮਦਨ ਕਰ ’ਚ ਮਿਲਣ ਵਾਲੀ ਛੋਟ ਸ਼ਾਮਲ ਹੈ। ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰ ਨੂੰ ਚੋਣ ਕਮਿਸ਼ਨ ਐਕਟ, 1991 ਦੀ ਧਾਰਾ 3 ਤਹਿਤ ਤਨਖਾਹ ਅਤੇ ਭੱਤੇ ਦਿੱਤੇ ਜਾਂਦੇ ਹਨ। ਉਨ੍ਹਾਂ ਨੂੰ 34 ਹਜ਼ਾਰ ਰੁਪਏ ਸਤਿਕਾਰ ਭੱਤੇ ਵਜੋਂ ਦੇਣ ਦਾ ਪ੍ਰਬੰਧ ਹੈ। ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰ ਨੇ ਇਸ ਭੱਤੇ ’ਤੇ ਟੈਕਸ ਨਹੀਂ ਦੇਣਾ ਹੁੰਦਾ ਹੈ। ਬਿਆਨ ’ਚ ਕਿਹਾ ਗਿਆ,‘‘ਕਮਿਸ਼ਨ ਨੂੰ ਨਿੱਜੀ ਭੱਤਿਆਂ ’ਚ ਕਟੌਤੀ ਕਰਨ ਦੀ ਲੋੜ ਮਹਿਸੂਸ ਹੋਈ। ਕਮਿਸ਼ਨ ਨੇ ਸਰਬਸੰਮਤੀ ਨਾਲ ਫ਼ੈਸਲਾ ਲਿਆ ਹੈ ਕਿ ਸੀਈਸੀ ਅਤੇ ਈਸੀ ਆਮਦਨ ਕਰ ’ਚ ਕੋਈ ਛੋਟ ਨਹੀਂ ਲੈਣਗੇ।’’ ਕਮਿਸ਼ਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਢੁਕਵੀਂ ਕਾਰਵਾਈ ਲਈ ਪੇਸ਼ਕਸ਼ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਸੀਈਸੀ ਅਤੇ ਈਸੀ ਤਿੰਨ ਐੱਲਟੀਸੀ ਦੀ ਥਾਂ ’ਤੇ ਸਿਰਫ਼ ਇਕ ਐੱਲਟੀਸੀ ਲੈਣਗੇ। -ਪੀਟੀਆਈ