ਨਵੀਂ ਦਿੱਲੀ, 26 ਸਤੰਬਰ
ਦਿੱਲੀ ਹਾਈ ਕੋਰਟ ਨੇ ਅੱਜ ਇਸ਼ਰਤ ਜਹਾਂ ਫ਼ਰਜ਼ੀ ਮੁਕਾਬਲੇ ਦੇ ਮਾਮਲੇ ਵਿੱਚ ਸੀਬੀਆਈ ਦੀ ਜਾਂਚ ਵਿੱਚ ਮਦਦ ਕਰਨ ਵਾਲੇ ਸੀਨੀਅਰ ਆਈਪੀਐੱਸ ਅਧਿਕਾਰੀ ਸਤੀਸ਼ ਚੰਦਰ ਵਰਮਾ ਨੂੰ ਉਨ੍ਹਾਂ ਦੀ ਨਿਰਧਾਰਤ ਸੇਵਾਮੁਕਤੀ ਤੋਂ ਇੱਕ ਮਹੀਨੇ ਪਹਿਲਾਂ ਬਰਖਾਸਤ ਕਰਨ ਦੇ ਕੇਂਦਰ ਸਰਕਾਰ ਦੇ ਹੁਕਮਾਂ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ, ਅਦਾਲਤ ਨੇ ਕੇਂਦਰ ਸਰਕਾਰ ਨੂੰ ਵਰਮਾ ਦੀ ਬਰਖਾਸਤਗੀ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ ’ਤੇ ਅੱਠ ਹਫ਼ਤੇ ਦੇ ਅੰਦਰ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਵਰਮਾ ਨੂੰ 30 ਸਤੰਬਰ ਨੂੰ ਹੋਣ ਵਾਲੀ ਉਨ੍ਹਾਂ ਦੀ ਸੇਵਾਮੁਕਤੀ ਤੋਂ ਇਕ ਮਹੀਨੇ ਪਹਿਲਾਂ 30 ਅਗਸਤ ਨੂੰ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ, ਜਦੋਂ ਵਿਭਾਗੀ ਜਾਂਚ ਵਿੱਚ ਉਨ੍ਹਾਂ ਨੂੰ ‘ਮੀਡੀਆ ਨਾਲ ਗੱਲਬਾਤ’ ਸਣੇ ਵੱਖ-ਵੱਖ ਦੋਸ਼ਾਂ ਦਾ ਦੋਸ਼ੀ ਪਾਇਆ ਗਿਆ ਸੀ।
ਸੁਪਰੀਮ ਕੋਰਟ ਵੱਲੋਂ ਵਰਮਾ ਨੂੰ ਉਨ੍ਹਾਂ ਦੀ ਬਰਖਾਸਤਗੀ ਨੂੰ ਚੁਣੌਤੀ ਦੇਣ ਲਈ ਹਾਈ ਕੋਰਟ ਜਾਣ ਦੀ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ ਸਾਬਕਾ ਪੁਲੀਸ ਅਧਿਕਾਰੀ ਨੇ ਹਾਈ ਕੋਰਟ ਦਾ ਰੁਖ਼ ਕੀਤਾ ਸੀ। -ਪੀਟੀਆਈ