ਪ੍ਰਭੂ ਦਿਆਲ
ਸਿਰਸਾ, 7 ਫਰਵਰੀ
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਅਥਾਰਟੀ ਵੱਲੋਂ 21 ਦਿਨਾਂ ਦੀ ਫਰਲੋ ਦਿੱਤੇ ਜਾਣ ’ਤੇ ਸਵਾਲ ਖੜ੍ਹਾ ਕਰਦਿਆਂ ਮਰਹੂਮ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਕਿਹਾ ਹੈ ਕਿ ਉਹ ਇਸ ਖ਼ਿਲਾਫ਼ ਅਦਾਲਤ ਜਾਣਗੇ। ਉਨ੍ਹਾਂ ਕਿਹਾ ਕਿ ਕਤਲ ਅਤੇ ਜਬਰ ਜਨਾਹ ਮਾਮਲੇ ਵਿੱਚ ਦੋਸ਼ੀ ਵਿਅਕਤੀ ਨੂੰ ਫਰੋਲ ਦਿੱਤੇ ਜਾਣਾ ਕਿਸੇ ਤਰ੍ਹਾਂ ਵੀ ਠੀਕ ਨਹੀਂ ਹੈ। ਅੰਸ਼ੁਲ ਨੇ ਕਿਹਾ ਹੈ ਕਿ ਜਦੋਂ ਡੇਰਾ ਮੁਖੀ ਨੂੰ ਜਬਰ ਜਨਾਹ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਸੀ, ਉਸ ਸਮੇਂ ਪੰਜਾਬ ਤੇ ਹਰਿਆਣਾ ’ਚ ਵੱਡੇ ਪੱਧਰ ’ਤੇ ਸਾੜ ਫੂਕ ਹੋਈ ਸੀ ਤੇ ਕਈ ਵਿਅਕਤੀਆਂ ਨੂੰ ਆਪਣੀ ਜਾਣ ਤੋਂ ਹੱਥ ਧੌਣਾ ਪਿਆ ਸੀ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਵੱਲੋਂ ਪਹਿਲਾਂ ਵੀ ਪੈਰੋਲ ਦੀ ਮੰਗ ਕੀਤੀ ਗਈ ਸੀ ਪਰ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਵਾਲ ਖੜ੍ਹੇ ਕੀਤੇ ਸਨ ਪਰ ਹੁਣ ਚੁੱਪ ਚੁਪੀਤੇ ਡੇਰਾ ਮੁਖੀ ਨੂੰ ਪੰਜਾਬ ਸਮੇਤ ਪੰਜ ਸੂਬਿਆਂ ਦੀਆਂ ਚੋਣਾਂ ’ਚ ਫਾਇਦਾ ਲੈਣ ਲਈ ਫਰਲੋ ਦਿੱਤੀ ਗਈ ਹੈ।