ਬਲਰਾਜ ਸਿੰਘ ਸਿੱਧੂ
ਫਰਿਟਜ਼ ਹੈਬਰ ਇੱਕ ਅਜਿਹਾ ਵਿਗਿਆਨੀ ਸੀ ਜਿਸ ਦੀਆਂ ਖੋਜਾਂ ਲੱਖਾਂ ਲੋਕਾਂ ਲਈ ਵਰਦਾਨ ਅਤੇ ਲੱਖਾਂ ਲਈ ਸਰਾਪ ਸਾਬਤ ਹੋਈਆਂ। ਫਰਿਟਜ਼ ਹੈਬਰ ਦਾ ਜਨਮ 9 ਦਸੰਬਰ 1868 ਨੂੰ ਜਰਮਨੀ ਦੇ ਬਰੇਜ਼ਲਾਊ ਸ਼ਹਿਰ ਵਿਖੇ ਇੱਕ ਅਮੀਰ ਵਪਾਰੀ ਪਰਿਵਾਰ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਮ ਸੀਗਫਰਿਡ ਹੈਬਰ ਅਤੇ ਮਾਤਾ ਦਾ ਨਾਮ ਪਾਉਲਾ ਸੀ। ਫਰਿਟਜ਼ ਹੈਬਰ ਦਾ ਬਚਪਨ ਬਹੁਤ ਔਖਿਆਈ ਵਿੱਚ ਗੁਜ਼ਰਿਆ ਕਿਉਂਕਿ ਉਸ ਦੇ ਜਨਮ ਤੋਂ ਤਿੰਨ ਹਫ਼ਤਿਆਂ ਬਾਅਦ ਹੀ ਪਾਉਲਾ ਦਾ ਇੰਤਕਾਲ ਹੋ ਗਿਆ। ਸਿਰਫ਼ ਛੇ ਸਾਲ ਦੀ ਉਮਰ ਵਿੱਚ ਮਤਰੇਈ ਮਾਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਜਿਸ ਕਾਰਨ ਉਸ ਨੂੰ ਵੱਖ ਵੱਖ ਰਿਸ਼ਤੇਦਾਰਾਂ ਕੋਲ ਰਹਿ ਕੇ ਤਾਲੀਮ ਪੂਰੀ ਕਰਨੀ ਪਈ। ਉਸ ਨੇ ਸੇਂਟ ਐਲਿਜ਼ਬੈੱਥ ਹਾਈ ਸਕੂਲ ਬਰੇਜ਼ਲਾਊ ਤੋਂ ਦਸਵੀਂ, ਹਾਈਡਲਬਰਗ ਯੂਨੀਵਰਸਿਟੀ (ਬਰਲਿਨ) ਤੋਂ ਗਰੈਜੂਏਸ਼ਨ ਅਤੇ ਫਰੈਡਰਿਕ ਵਿਲਹੈਮ ਯੂਨੀਵਰਸਿਟੀ (ਬਰਲਿਨ) ਤੋਂ ਰਸਾਇਣ ਵਿਗਿਆਨ (ਕੈਮਿਸਟਰੀ) ਵਿੱਚ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ।
ਡਿਗਰੀ ਹਾਸਲ ਕਰਨ ਤੋਂ ਬਾਅਦ ਕੁਝ ਸਾਲ ਫਰਿਟਜ਼ ਨੇ ਆਪਣੇ ਪਿਤਾ ਦੀ ਕੈਮੀਕਲ ਫੈਕਟਰੀ ਵਿੱਚ ਕੰੰਮ ਕੀਤਾ ਤੇ ਬਾਅਦ ਵਿੱਚ ਉਹ ਆਪਣੇ ਪਹਿਲੇ ਪਿਆਰ ਵਿਗਿਆਨ ਅਤੇ ਅਧਿਆਪਨ ਦੇ ਖੇਤਰ ਵਿੱਚ ਆ ਗਿਆ। ਉਸ ਨੇ ਟੈਕਨੀਕਲ ਯੂਨੀਵਰਸਿਟੀ ਆਫ ਬਰਲਿਨ, ਸਵਿੱਸ ਫੈਡਰਲ ਇੰਸਟੀਚਿਊਟ ਆਫ ਟੈਕਨੋਲੋਜੀ ਅਤੇ ਯੂਨੀਵਰਸਿਟੀ ਆਫ ਕਾਰਲਸਰੂਹੇ ਵਿੱਚ ਵਿਦਿਆਰਥੀਆਂ ਨੂੰ ਗਿਆਨ ਦੀ ਰੌਸ਼ਨੀ ਵੰਡੀ। ਇਸ ਦੌਰਾਨ ਉਸ ਨੇ ਜੌਰਜ ਲੰਗ, ਲੁਡਵਿਗ ਨੌਰ, ਕਾਰਲ ਐਂਗਲਰ, ਹਾਂਜ਼ ਬੰਟੇ, ਜਾਰਜ ਬਰੈਡਿਗ ਅਤੇ ਵਿਲਹੈਮ ਔਸਵਲਡ ਵਰਗੇ ਚੋਟੀ ਦੇ ਵਿਗਿਆਨੀਆਂ ਨਾਲ ਕੰਮ ਕੀਤਾ ਤੇ ਰਸਾਇਣ ਵਿਗਿਆਨ ਦੇ ਖੇਤਰ ਵਿੱਚ ਕਈ ਨਵੀਂਆਂ ਖੋਜਾਂ ਕੀਤੀਆਂ। ਵਿਗਿਆਨਕ ਰਸਾਲਿਆਂ ਵਿੱਚ ਛਪਦੇ ਉਸ ਦੇ ਖੋਜ ਪੱਤਰਾਂ, ਲੈਕਚਰਾਂ ਅਤੇ ਨਵੀਨ ਕਾਢਾਂ ਕਾਰਨ ਉਹ ਸਾਰੇ ਯੂਰਪ ਵਿੱਚ ਪ੍ਰਸਿੱਧ ਹੋ ਗਿਆ। ਇਸ ਕਾਰਨ 1898 ਵਿੱਚ ਸਿਰਫ਼ 30 ਸਾਲ ਦੀ ਉਮਰ ਵਿੱਚ ਉਸ ਨੂੰ ਯੂਨੀਵਰਸਿਟੀ ਆਫ ਕਾਰਲਸਰੂਹੇ ਦੇ ਕੈਮਿਸਟਰੀ ਵਿਭਾਗ ਦਾ ਉਪ ਮੁਖੀ ਬਣਾ ਦਿੱਤਾ ਗਿਆ ਜਿੱਥੇ ਉਸ ਨੇ 1911 ਤੱਕ ਕੰਮ ਕੀਤਾ।
ਉਸ ਸਮੇਂ ਤੱਕ ਕਿਸੇ ਨੇ ਵੀ ਰਸਾਇਣਕ ਨਾਈਟਰੋਜਨ ਖਾਦ ਦੀ ਕਲਪਨਾ ਨਹੀਂ ਸੀ ਕੀਤੀ। ਯੂਰਪੀਨ ਦੇਸ਼ ਆਪਣੀਆਂ ਖੇਤੀਬਾੜੀ ਸਬੰਧੀ ਲੋੜਾਂ ਪੂਰੀਆਂ ਕਰਨ ਲਈ ਦੱਖਣੀ ਅਮਰੀਕੀ ਦੇਸ਼ ਚਿੱਲੀ ਕੋਲੋਂ ਕੁਦਰਤੀ ਨਾਈਟਰੋਜਨ ਖਰੀਦਦੇ ਸਨ ਜੋ ਪਹਾੜੀ ਗੁਫ਼ਾਵਾਂ ਵਿੱਚ ਚਮਗਿੱਦੜਾਂ ਦੇ ਮਲ ਮੂਤਰ ਤੋਂ ਤਿਆਰ ਹੁੰਦੀ ਸੀ। ਘੱਟ ਮਾਤਰਾ ਵਿੱਚ ਮੁਹੱਈਆ ਹੋਣ ਤੋਂ ਇਲਾਵਾ ਚਿੱਲੀ ਇਸ ਦੀ ਬਹੁਤ ਜ਼ਿਆਦਾ ਕੀਮਤ ਵਸੂਲ ਕਰਦਾ ਸੀ। ਹੈਬਰ ਨੇ ਇਸ ਖੇਤਰ ਵਿੱਚ ਕੰਮ ਕਰਨ ਦਾ ਫ਼ੈਸਲਾ ਕੀਤਾ। ਉਸ ਨੇ ਆਪਣੇ ਸਹਾਇਕ ਰਾਬਰਟ ਲੀ ਰੋਜ਼ੀਗਨੋਲ ਨਾਲ ਮਿਲ ਕੇ ਦਿਨ ਰਾਤ ਮਿਹਨਤ ਕੀਤੀ ਤੇ ਸਿੱਟਾ ਕੱਢਿਆ ਕਿ ਕੁਦਰਤੀ ਹਾਈਡਰੋਜਨ ਅਤੇ ਨਾਈਟਰੋਜਨ ਗੈਸ ਨੂੰ ਉੱਚਤਮ ਪ੍ਰੈਸ਼ਰ ਵਿੱਚ ਗਰਮ ਕਰਨ ’ਤੇ ਉਹ ਅਮੋਨੀਆ ਰਵਿਆਂ ਵਿੱਚ ਬਦਲ ਜਾਂਦੀਆਂ ਹਨ ਜਿਸ ਤੋਂ ਨਾਈਟਰੋਜਨ ਖਾਦ ਤਿਆਰ ਕੀਤੀ ਜਾ ਸਕਦੀ ਹੈ। ਉਸ ਨੇ ਉਦਯੋਗਪਤੀ ਕਾਰਲ ਬੌਸ਼ ਦੀ ਭਾਈਵਾਲੀ ਨਾਲ ਕਾਰਖਾਨਾ ਲਗਾ ਕੇ ਵਪਾਰਕ ਪੱਧਰ ’ਤੇ ਨਾਈਟਰੋਜਨ ਖਾਦ ਬਣਾਉਣੀ ਸ਼ੁਰੂ ਕਰ ਦਿੱਤੀ। ਉਸ ਦੀ ਇਹ ਖੋਜ ਉਦਯੋਗਿਕ ਕ੍ਰਾਂਤੀ ਵਿੱਚ ਮੀਲ ਪੱਥਰ ਸਾਬਤ ਹੋਈ ਜਿਸ ਨੇ ਹਜ਼ਾਰਾਂ ਸਾਲਾਂ ਤੋਂ ਚੱਲ ਰਿਹਾ ਖੇਤੀਬਾੜੀ ਦਾ ਰਵਾਇਤੀ ਸਰੂਪ ਬਦਲ ਕੇ ਰੱਖ ਦਿੱਤਾ। ਇਸ ਕਾਰਨ ਫ਼ਸਲਾਂ ਦਾ ਝਾੜ ਸੈਂਕੜੇ ਗੁਣਾ ਵਧ ਗਿਆ ਤੇ ਵਿਸ਼ਵ ਦੇ ਭੁੱਖਮਰੀ ਦਾ ਸ਼ਿਕਾਰ ਕਰੋੜਾਂ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲੀ। ਦੁਨੀਆਂ ਵਿੱਚ ਇਸ ਵੇਲੇ 10 ਕਰੋੜ ਟਨ ਨਾਲੋਂ ਵੀ ਵੱਧ ਰਸਾਇਣਕ ਖਾਦਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਜਿਸ ’ਤੇ ਸੰਸਾਰ ਦੀ 95 ਫ਼ੀਸਦੀ ਖੇਤੀਬਾੜੀ ਨਿਰਭਰ ਕਰਦੀ ਹੈ। ਉਸ ਦੀ ਇਸ ਯੁੱਗ ਪਲਟਾਊ ਖੋਜ ਕਾਰਨ ਉਸ ਨੂੰ 1918 ਦਾ ਰਸਾਇਣ ਵਿਗਿਆਨ ਦਾ ਨੋਬੇਲ ਪੁਰਸਕਾਰ ਦਿੱਤਾ ਗਿਆ।
ਅਠਾਈ ਜੁਲਾਈ 1914 ਨੂੰ ਪਹਿਲੀ ਆਲਮੀ ਜੰਗ (11 ਨਵੰਬਰ 1918 ਤੱਕ) ਸ਼ੁਰੂ ਹੋ ਗਈ ਜਿਸ ਦਾ ਹੈਬਰ ਨੇ ਬਹੁਤ ਉਤਸ਼ਾਹ ਨਾਲ ਸਵਾਗਤ ਕੀਤਾ। ਉਹ ਖ਼ੁਸ਼ੀ ਖ਼ੁਸ਼ੀ ਔਟੋ ਪੀਟਰਸਨ, ਫਰੈਡਰਿਕ ਕਰਸ਼ਬਾਉਮ, ਜੇਮਜ਼ ਫਰੈਂਕ ਅਤੇ ਗੁਸਤਾਵ ਹਰਟਜ਼ ਆਦਿ ਵਰਗੇ ਚੋਟੀ ਦੇ 92 ਹੋਰ ਵਿਗਿਆਨੀਆਂ ਸਮੇਤ ਜਰਮਨ ਫ਼ੌਜ ਦੇ ਕੈਮੀਕਲ ਯੁੱਧ ਵਿਭਾਗ ਵਿੱਚ ਭਰਤੀ ਹੋ ਗਿਆ। ਉਸ ਦੀ ਕਮਾਂਡ ਹੇਠ ਕੈਮੀਕਲ ਯੁੱਧ ਲੜਨ ਲਈ ਇੱਕ ਯੂਨਿਟ ਬਣਾਈ ਗਈ ਜਿਸ ਵਿੱਚ ਹਜ਼ਾਰਾਂ ਕੈਮੀਕਲ ਵਿਗਿਆਨੀ ਅਤੇ ਤਕਨੀਸ਼ੀਅਨ ਭਰਤੀ ਕੀਤੇ ਗਏ। ਉਸ ਦਾ ਮੁੱਖ ਨਿਸ਼ਾਨਾ ਜਰਮਨੀ ਦਾ ਸੈਨਿਕ ਨੁਕਸਾਨ ਹੋਏ ਬਗੈਰ ਜਿੱਤ ਹਾਸਲ ਕਰਨਾ ਸੀ। ਉਸ ਨੇ ਦੁਸ਼ਮਣ ਦੀਆਂ ਖੰਦਕਾਂ ਵਿੱਚ ਵਰਤਣ ਲਈ ਬੇਹੱਦ ਜ਼ਹਿਰੀਲੀ ਗੈਸ ਕਲੋਰੀਨ ਦੀ ਖੋਜ ਕੀਤੀ। ਉਹ ਇਸ ਕੰੰਮ ਲਈ ਐਨਾ ਉਤਸ਼ਾਹੀ ਸੀ ਕਿ ਉਸ ਨੇ ਪਹਿਲੀ ਵਾਰ ਇਹ ਗੈਸ ਖ਼ੁਦ ਆਪਣੀ ਨਿਗਰਾਨੀ ਹੇਠ ਬੈਲਜੀਅਮ ਦੇ ਵਾਈਪਰੈੱਸ ਮੋਰਚੇ ਦੀਆਂ ਖੰਦਕਾਂ ਵਿੱਚ ਛੁਡਵਾਈ। ਇਸ ਹਮਲੇ ਵਿੱਚ 5000 ਦੇ ਕਰੀਬ ਬਰਤਾਨਵੀ ਅਤੇ ਫਰਾਂਸੀਸੀ ਸੈਨਿਕ ਮਾਰੇ ਗਏ, 15000 ਜ਼ਖਮੀ ਹੋਏ ਤੇ ਬਾਕੀ ਮੋਰਚਾ ਛੱਡ ਕੇ ਭੱਜ ਗਏ। ਜਿਸ ਕੰਮ ਲਈ ਜਰਮਨ ਫ਼ੌਜ ਛੇ ਮਹੀਨੇ ਤੋਂ ਲੜ ਰਹੀ ਸੀ, ਉਹ ਹੈਬਰ ਨੇ ਕੁਝ ਘੰਟਿਆਂ ਵਿੱਚ ਹੀ ਕਰ ਵਿਖਾਇਆ। ਇਹ ਹਮਲਾ ਹੇਗ ਸੰਧੀ (1907) ਦੀ ਸਿੱਧੀ ਉਲੰਘਣਾ ਸੀ ਜਿਸ ਅਨੁਸਾਰ ਜੰਗ ਵਿੱਚ ਕਿਸੇ ਵੀ ਤਰ੍ਹਾਂ ਦੇ ਰਸਾਇਣ ਹਥਿਆਰ ਵਰਤਣ ’ਤੇ ਪਾਬੰਦੀ ਸੀ ਤੇ ਜਰਮਨੀ ਨੇ ਵੀ ਉਸ ’ਤੇ ਦਸਤਖਤ ਕੀਤੇ ਸਨ। ਇਸ ਤੋਂ ਬਾਅਦ ਉਸ ਨੇ ਹੋਰ ਵੀ ਜ਼ਹਿਰੀਲੀਆਂ ਫਾਸਜ਼ੀਨ (ਕਾਰਬੋਨਿਲ ਡਾਈਕਲੋਰਾਈਡ), ਕਲੋਰੋਪਾਈਸਿਰਨ ਅਤੇ ਡਾਈਫਿਨਾਈਲਕਲੋਰੋਸਾਈਨ ਆਦਿ ਗੈਸਾਂ ਦੀ ਖੋਜ ਕੀਤੀ। ਉਹ ਐਨਾ ਕੱਟੜ ਦੇਸ਼ ਭਗਤ ਬਣ ਗਿਆ ਸੀ ਕਿ ਜਦੋਂ 2 ਮਈ 1915 ਨੂੰ ਉਸ ਦੀ ਪਹਿਲੀ ਪਤਨੀ ਕਲਾਰਾ ਇਮਰਵਾਹਰ ਨੇ ਆਤਮ ਹੱਤਿਆ ਕੀਤੀ ਤਾਂ ਉਸ ਦੇ ਕਿਰਿਆ ਕਰਮ ਤੋਂ ਇੱਕ ਦਿਨ ਬਾਅਦ ਹੀ ਉਹ ਰੂਸੀ ਫ਼ੌਜ ਖਿਲਾਫ਼ ਗੈਸ ਵਰਤਣ ਲਈ ਪੂਰਬੀ ਮੋਰਚੇ ਵੱਲ ਚਲਾ ਗਿਆ।
ਹੌਲੀ ਹੌਲੀ ਪਹਿਲੀ ਆਲਮੀ ਜੰਗ ਇੱਕ ਕੈਮੀਕਲ ਲੜਾਈ ਵਿੱਚ ਤਬਦੀਲ ਹੋ ਗਈ। ਹੈਬਰ ਦੀ ਅਗਵਾਈ ਹੇਠ ਜਰਮਨੀ, ਅਤੇ ਫਰਾਂਸੀਸੀ ਵਿਗਿਆਨੀ ਵਿਕਟਰ ਗ੍ਰਿਨਾਰਡ ਦੀ ਅਗਵਾਈ ਹੇਠ ਮਿੱਤਰ ਦੇਸ਼ਾਂ ਦੇ ਵਿਗਿਆਨੀ ਇੱਕ ਦੂਸਰੇ ਦੇ ਫ਼ੌਜੀਆਂ ਦੀ ਜਾਨ ਲੈਣ ਵਾਸਤੇ ਵੱਧ ਤੋਂ ਵੱਧ ਖ਼ਤਰਨਾਕ ਗੈਸਾਂ ਅਤੇ ਜ਼ਹਿਰ ਤਿਆਰ ਕਰਨ ਲੱਗ ਪਏ। ਹੈਬਰ ਬਹੁਤ ਮਾਣ ਨਾਲ ਕਹਿੰਦਾ ਹੁੰਦਾ ਸੀ ਕਿ ਸ਼ਾਂਤੀ ਵੇਲੇ ਵਿਗਿਆਨੀ ਸਾਰੇ ਸੰਸਾਰ ਦਾ ਹੁੰਦਾ ਹੈ ਪਰ ਯੁੱਧ ਵੇਲੇ ਸਿਰਫ਼ ਆਪਣੇ ਦੇਸ਼ ਦਾ। ਉਸ ਦੀਆਂ ਕਾਰਕਰਦਗੀਆਂ ਦੇ ਮੱਦੇਨਜ਼ਰ ਜਰਮਨੀ ਦੇ ਸਮਰਾਟ ਫਰੈਡਰਿਕ ਵਿਲਹੈਮ ਕੈਸਰ ਨੇ ਉਸ ਨੂੰ ਕਰਨਲ ਦਾ ਰੈਂਕ ਪ੍ਰਦਾਨ ਕੀਤਾ। ਹੈਬਰ ਦੇ ਸਾਰੇ ਯਤਨਾਂ ਦੇ ਬਾਵਜੂਦ ਜਰਮਨੀ ਇਸ ਜੰਗ ਵਿੱਚ ਬੁਰੀ ਤਰ੍ਹਾਂ ਹਾਰਿਆ। ਉਸ ਦੀਆਂ ਇਨ੍ਹਾਂ ਕਰਤੂਤਾਂ ਕਾਰਨ ਅਲਬਰਟ ਆਇੰਸਟਾਈਨ ਸਮੇਤ ਦੁਨੀਆਂ ਦੇ ਅਨੇਕਾਂ ਵਿਗਿਆਨੀਆਂ ਨੇ ਉਸ ਦੀ ਰੱਜ ਕੇ ਨੁਕਤਾਚੀਨੀ ਕੀਤੀ। ਉਹ ਸਾਰੇ ਸੰਸਾਰ ਵਿੱਚ ਬਦਨਾਮ ਹੋ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਭ ਦੇ ਬਾਵਜੂਦ ਉਸ ਨੂੰ 1918 ਵਿੱਚ ਨੋਬੇਲ ਪੁਰਸਕਾਰ ਪ੍ਰਦਾਨ ਕੀਤਾ ਗਿਆ।
ਜੰਗ ਤੋਂ ਬਾਅਦ ਹੈਬਰ ਫਿਰ ਆਪਣੇ ਖੋਜ ਕਾਰਜ ਵਿੱਚ ਰੁੱਝ ਗਿਆ। 1919 ਤੋਂ 1923 ਤੱਕ ਉਹ ਜਰਮਨੀ ਦੇ ਗੁਪਤ ਕੈਮੀਕਲ ਹਥਿਆਰ ਬਣਾਉਣ ਵਿੱਚ ਰੁੱਝਿਆ ਰਿਹਾ, ਪਰ ਨਾਲ ਦੀ ਨਾਲ ਲੋਕ ਭਲਾਈ ਖੋਜਾਂ ਵੀ ਜਾਰੀ ਰੱਖੀਆਂ। ਉਸ ਨੇ ਗੁਦਾਮਾਂ ਵਿੱਚ ਪਏ ਅਨਾਜ ਨੂੰ ਕੀੜਿਆਂ ਤੋਂ ਬਚਾਉਣ ਲਈ ਜ਼ਾਈਕਲੋਨ ਨਾਮਕ ਚਮਤਕਾਰੀ ਕੀਟਨਾਸ਼ਕ ਦੀ ਖੋਜ ਕੀਤੀ ਜਿਸ ਕਾਰਨ ਅਨਾਜ ਖਰਾਬ ਹੋਣ ਦੀ ਮੁਸੀਬਤ ਤੋਂ ਵੱਡੀ ਰਾਹਤ ਮਿਲੀ। 1931 ਤੱਕ ਜਰਮਨੀ ਵਿੱਚ ਹਿਟਲਰ ਦੀ ਨਾਜ਼ੀ ਪਾਰਟੀ ਜ਼ੋਰ ਫੜ ਚੁੱਕੀ ਸੀ ਜੋ ਯਹੂਦੀਆਂ ਨੂੰ ਸਖ਼ਤ ਨਫ਼ਰਤ ਕਰਦੀ ਸੀ। ਹੈਬਰ ਨੂੰ ਇਹ ਉਮੀਦ ਸੀ ਕਿ ਪਹਿਲੀ ਆਲਮੀ ਜੰਗ ਵਿੱਚ ਕੀਤੀਆਂ ਸੇਵਾਵਾਂ ਬਦਲੇ ਨਾਜ਼ੀ ਪਾਰਟੀ ਉਸ ਨੂੰ ਸਨਮਾਨ ਦੇਵੇਗੀ ਪਰ ਹੋਇਆ ਇਸ ਦੇ ਉਲਟ। ਦਸੰਬਰ 1933 ਵਿੱਚ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਕੇ ਉਸ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਗਈ। ਜਦੋਂ ਜਾਨ ਦੇ ਲਾਲੇ ਪੈ ਗਏ ਤਾਂ ਉਹ ਜਨਵਰੀ 1934 ਵਿੱਚ ਪਰਿਵਾਰ ਸਮੇਤ ਭੱਜ ਕੇ ਪੈਰਿਸ ਆ ਗਿਆ। ਉਸ ਨੇ ਫਰਾਂਸ, ਸਪੇਨ ਅਤੇ ਸਵਿਟਜ਼ਰਲੈਂਡ ਆਦਿ ਦੇਸ਼ਾਂ ਵਿੱਚ ਦੁਬਾਰਾ ਖੋਜ ਕਾਰਜ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਉਸ ਨੂੰ ਮੂੰਹ ਨਾ ਲਾਇਆ। ਅਖ਼ਬਾਰਾਂ ਵਿੱਚ ਲਗਾਤਾਰ ਉਸ ਦੀ ਨਿੰਦਾ ਅਤੇ ਨੁਕਤਾਚੀਨੀ ਚੱਲ ਰਹੀ ਸੀ। ਉਸ ਦੀ ਦੂਸਰੀ ਪਤਨੀ ਸ਼ਾਰਲਟ ਨਾਥਾਨ ਤੇ ਬੱਚੇ ਉਸ ਨੂੰ ਯੂਰਪ ਵਿੱਚ ਛੱਡ ਕੇ ਇੰਗਲੈਂਡ ਅਤੇ ਅਮਰੀਕਾ ਵਿੱਚ ਵੱਸ ਗਏ।
ਉਸ ਦੇ ਪਾਪ ਇੱਥੇ ਹੀ ਖ਼ਤਮ ਨਹੀਂ ਹੁੰਦੇ। ਹਿਟਲਰ ਨੇ ਯਹੂਦੀਆਂ ਨੂੰ ਸਮੂਲ ਨਸ਼ਟ ਕਰਨ ਲਈ ਮੁਹਿੰਮ ਚਲਾਈ ਤੇ ਤਸੀਹਾ ਕੇਂਦਰਾਂ ਵਿੱਚ 60 ਲੱਖ ਦੇ ਕਰੀਬ ਯਹੂਦੀਆਂ ਨੂੰ ਗੈਸ ਚੈਂਬਰਾਂ ਤੇ ਹੋਰ ਅਣਮਨੁੱਖੀ ਤਰੀਕਿਆਂ ਨਾਲ ਕਤਲ ਕਰ ਦਿੱਤਾ ਗਿਆ। ਹੈਬਰ ਦੇ 21 ਰਿਸ਼ਤੇਦਾਰਾਂ ਸਮੇਤ ਲੱਖਾਂ ਯਹੂਦੀਆਂ ਨੂੰ ਮਾਰਨ ਵਾਸਤੇ ਨਾਜ਼ੀਆਂ ਨੇ ਜਿਸ ਜ਼ਾਈਕਲੋਨ ਏ ਅਤੇ ਜ਼ਾਈਕਲੋਨ ਬੀ ਗੈਸ ਦੀ ਵਰਤੋਂ ਕੀਤੀ ਸੀ, ਉਸ ਦੀ ਖੋਜ ਵੀ ਹੈਬਰ ਨੇ ਹੀ ਕੀਤੀ ਸੀ।
ਸੰਪਰਕ: 95011-00062