ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 6 ਮਾਰਚ
ਅਬੋਹਰ ਬਰਾਂਚ ਨਹਿਰ ਦੇ ਕੁਲਾਰ ਪੁਲ਼ ਲਾਗੇ ਪਿੰਡ ਸੂਜਾਪੁਰ ਦੀ ਹੱਦ ਅੰਦਰ ਪਿੰਡ ਹੇਰਾਂ ਵਾਸੀ ਲਵਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਤੋਂ ਬੀਤੀ ਰਾਤ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਕੁੱਟਮਾਰ ਕਰ ਕੇ ਉਸ ਦਾ ਮੋਬਾਈਲ ਫੋਨ, 13 ਹਜ਼ਾਰ ਰੁਪਏ ਅਤੇ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ। ਲੁਟੇਰਿਆਂ ਦੀ ਮਾਰ ਹੇਠ ਆਏ ਨੌਜਵਾਨ ਨੇ ਖੇਤਾਂ ਵਿਚ ਭੱਜ ਕੇ ਆਪਣੀ ਜਾਨ ਬਚਾਈ। ਇਸ ਸਬੰਧੀ ਥਾਣਾ ਸੁਧਾਰ ਦੀ ਪੁਲੀਸ ਨੇ ਪੀੜਤ ਦੇ ਬਿਆਨਾਂ ਉੱਤੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ। ਇਸ ਸਬੰਧੀ ਜਾਂਚ ਅਫ਼ਸਰ ਸਬ-ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਵਾਰਦਾਤ ਵਾਲੀ ਥਾਂ ਦੇ ਨੇੜਲੇ ਘਰਾਂ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਲੁਟੇਰਿਆਂ ਦੀ ਪੈੜ ਨੱਪਣ ਲਈ ਯਤਨ ਜਾਰੀ ਹਨ।
ਲਵਪ੍ਰੀਤ ਸਿੰਘ ਉਰਫ਼ ਅਜੇ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨ ਵਿਚ ਕਿਹਾ ਕਿ ਉਹ ਰਾਤ ਕਰੀਬ ਅੱਠ ਵਜੇ ਪਿੰਡ ਗੁੜ੍ਹੇ ਤੋਂ ਜੇਸੀਬੀ ਮਸ਼ੀਨ ਦੇ ਮਾਲਕ ਰਣਧੀਰ ਸਿੰਘ ਤੋਂ ਆਪਣੀ ਮਿਹਨਤ ਮਜ਼ਦੂਰੀ ਦੇ 13 ਹਜ਼ਾਰ ਰੁਪਏ ਲੈ ਕੇ ਮੋਟਰਸਾਈਕਲ ’ਤੇ ਆਪਣੇ ਘਰ ਪਿੰਡ ਹੇਰਾਂ ਨੂੰ ਜਾ ਰਿਹਾ ਸੀ। ਉਹ ਜਦੋਂ ਕੁਲਾਰ ਨਹਿਰ ਪੁਲ਼ ਪਾਰ ਕਰ ਕੇ ਸੂਜਾਪੁਰ ਪਿੰਡ ਦੀ ਹੱਦ ਵਿਚ ਪੁੱਜਾ ਤਾਂ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦੇ ਪਿੱਛੇ ਮੋਟਰਸਾਈਕਲ ਦੀ ਟੱਕਰ ਮਾਰੀ। ਇਸ ਕਾਰਨ ਉਹ ਹੇਠਾਂ ਡਿੱਗ ਗਿਆ। ਇਸ ਮਗਰੋਂ ਲੁਟੇਰਿਆਂ ਨੇ ਉਸ ਦਾ ਮੋਬਾਈਲ ਫੋਨ ਝਪਟਿਆ ਅਤੇ ਉਸ ਜੇਬ ਵਿੱਚੋਂ 13 ਹਜ਼ਾਰ ਰੁਪਏ ਖੋਹ ਲਏ। ਆਪਣੇ ਬਚਾਅ ਲਈ ਉਹ ਕਣਕ ਦੇ ਖੇਤਾਂ ਵਿਚ ਦੌੜਿਆ ਤਾਂ ਲੁਟੇਰੇ ਉਸ ਦਾ ਮੋਟਰਸਾਈਕਲ ਵੀ ਲੈ ਕੇ ਫ਼ਰਾਰ ਹੋ ਗਏ।