ਜਗਮੋਹਨ ਸਿੰਘ
ਘਨੌਲੀ, 9 ਜਨਵਰੀ
ਇੱਥੇ ਅੱਜ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਮੁਲਾਜ਼ਮਾਂ ਨੇ ਨੂੰਹੋਂ ਕਲੋਨੀ ਦੇ ਗੋਲ ਚੱਕਰ ਨੇੜੇ ਪੰਜਾਬ ਸਰਕਾਰ ਦੇ ਵਾਅਦਿਆਂ ਤੇ ਲਾਰਿਆਂ ਦਾ ਭਰਿਆ ਘੜਾ ਭੰਨ ਕੇ ਰੋਸ ਮੁਜ਼ਾਹਰਾ ਕੀਤਾ। ਸਾਂਝਾ ਮੰਚ ਥਰਮਲ ਕੰਟਰੈਕਟ ਯੂਨੀਅਨ ਦੇ ਪ੍ਰਧਾਨ ਮਹਿੰਦਰ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਬੇਈਮਾਨੀ ਜੱਗ-ਜ਼ਾਹਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮੀਟਿੰਗ ਦੀਆਂ ਵਾਰ-ਵਾਰ ਤਰੀਕਾਂ ਬਦਲ ਕੇ ਚੋਣ ਜ਼ਾਬਤਾ ਲੱਗਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਲੱਖਾਂ ਰੁਪਏ ਖਰਚ ਕੇ ਵੱਡੇ ਵੱਡੇ ਹੋਰਡਿੰਗ ਲਗਾ ਕੇ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਕਰ ਕੇ ਵਾਹ-ਵਾਹ ਤਾਂ ਖੱਟ ਲਈ ਪਰ ਅਸਲੀਅਤ ਵਿੱਚ ਇਕ ਵੀ ਠੇਕਾ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਠੇਕਾ ਮੁਲਾਜ਼ਮਾਂ ਵੱਲੋਂ ਪੂਰੇ ਪੰਜਾਬ ਦੇ ਹਰ ਸ਼ਹਿਰ, ਪਿੰਡ ਅਤੇ ਗਲੀ ਮੁਹੱਲੇ ਵਿੱਚ ਉਨ੍ਹਾਂ ਨਾਲ ਵਾਅਦੇ ਕਰਕੇ ਮੁੱਕਰਨ ਵਾਲੇ ਨੇਤਾਵਾਂ ਨੂੰ ਘੇਰ ਕੇ ਵਿਰੋਧ ਕੀਤਾ ਜਾਵੇਗਾ ਤੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਾ ਕੀਤੇ ਜਾਣ ਸਬੰਧੀ ਸਵਾਲ ਪੁੱਛੇ ਜਾਣਗੇ। ਰੈਲੀ ਨੂੰ ਪਰਗਟ ਸਿੰਘ, ਗੁਰਪਾਲ ਸਿੰਘ ,ਸ਼ਿੰਗਾਰਾ ਸਿੰਘ, ਬਿਕਰਮਜੀਤ ਸਿੰਘ ਮਾਨ ਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।