ਗੁਰਿੰਦਰ ਸਿੰਘ
ਲੁਧਿਆਣਾ, 22 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਾਣੀ ਦੀ ਲੁੱਟ ਰੋਕਣ ਅਤੇ ਪ੍ਰਦੂਸ਼ਣ ਵਿਰੁੱਧ ਬੁੱਢੇ ਨਾਲੇ ’ਤੇ ਦਿੱਤਾ ਜਾ ਰਿਹਾ ਧਰਨਾ ਅੱਜ ਦੂਜੇ ਦਿਨ ਵਿੱਚ ਦਾਖ਼ਲ ਹੋ ਗਿਆ ਹੈ।
ਮੀਂਹ ਅਤੇ ਤੇਜ਼ ਹਵਾਵਾਂ ਦੇ ਬਾਵਜੂਦ ਸੈਂਕੜੇ ਕਿਸਾਨ ਬੁੱਢੇ ਨਾਲੇ ’ਤੇ ਡਟੇ ਬੈਠੇ ਹਨ। ਇਸ ਧਰਨੇ ਵਿੱਚ ਤਿੰਨ ਜ਼ਿਲ੍ਹਿਆਂ ਦੇ ਕਿਸਾਨ ਹਿੱਸਾ ਲੈ ਰਹੇ ਹਨ। ਇਹ ਧਰਨਾ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਚਰਨ ਸਿੰਘ ਨੂਰਪੁਰਾ ਦੀ ਅਗਵਾਈ ਹੇਠ ਦਿੱਤਾ ਜਾ ਰਿਹਾ ਹੈ। ਅੱਜ ਦੇ ਧਰਨੇ ਨੂੰ ਸੂਬਾ ਆਗੂ ਜਨਕ ਸਿੰਘ ਭੁਟਾਲ ਨੇ ਸੰਬੋਧਨ ਕਰਦਿਆਂ ਕਿਸਾਨਾਂ ਨੂੰ ਸਰਕਾਰ ਦੇ ਕਿਸਾਨ ਵਿਰੋਧੀ ਵਤੀਰੇ ਵਿਰੁੱਧ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਬੁੱਢੇ ਨਾਲੇ ਦਾ ਦੂਸ਼ਿਤ ਪਾਣੀ ਸਤਲੁਜ ਦਰਿਆ ਵਿੱਚ ਡੇਗਿਆ ਜਾ ਰਿਹਾ ਹੈ ਜੋ ਜ਼ਹਿਰੀਲਾ ਹੈ। ਲੁਧਿਆਣਾ ਦੇ ਬੁੱਢੇ ਨਾਲੇ ਵਿੱਚ ਲੁਧਿਆਣਾ ਦੀਆਂ ਦਰਿਆ ਕੰਡੇ ਬਣੀਆਂ ਸਾਰੀਆਂ ਫੈਕਟਰੀਆਂ ਦਾ ਪਾਣੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਹ ਦਰਿਆ ਜਦੋਂ ਚੀਨ ਅਤੇ ਤਿੱਬਤ ਵਿੱਚੋਂ ਚੱਲਦੇ ਹਨ ਤਾਂ ਇਨ੍ਹਾਂ ਦਾ ਪਾਣੀ ਪੂਰਾ ਸ਼ੁੱਧ ਹੁੰਦਾ ਹੈ ਪਰ ਹਰੀਕੇ ਪੱਤਣ ਤੱਕ ਇਹ ਪਾਣੀ 60 ਫ਼ੀਸਦੀ ਜ਼ਹਿਰੀਲਾ ਹੋ ਜਾਂਦਾ ਹੈ।
ਆਗੂਆਂ ਨੇ ਕਿਹਾ ਕਿ ਦਰਿਆਵਾਂ ਦਾ ਇਹ ਪਾਣੀ ਲਗਪਗ ਪੰਜ ਕਰੋੜ ਲੋਕ ਪੀਂਦੇ ਹਨ ਜਦੋਂਕਿ ਸਰਕਾਰਾਂ ਕੁੱਝ ਕਾਰਪੋਰੇਟ ਘਰਾਣਿਆਂ ਨੂੰ ਖ਼ੁਸ਼ ਕਰਨ ਲਈ ਪੰਜ ਕਰੋੜ ਲੋਕਾਂ ਨੂੰ ਜ਼ਹਿਰੀਲਾ ਪਾਣੀ ਪੀਣ ਲਈ ਮਜਬੂਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲਾਢੋਵਾਲ ਰੋਡ ’ਤੇ ਲੱਗਿਆ ਵਾਟਰ ਟਰੀਟਮੈਂਟ ਪਲਾਂਟ ਵੀ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ।
ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਦੀਆਂ ਸਾਰੀਆਂ ਫੈਕਟਰੀਆਂ ਦਾ ਪਾਣੀ ਸਾਫ਼ ਕਰ ਕੇ ਧਰਤੀ ਵਿੱਚ ਰੀਚਾਰਜ ਕੀਤਾ ਜਾਵੇ ਅਤੇ ਜੇ ਸਰਕਾਰਾਂ ਅੱਜ ਵੀ ਨਾ ਜਾਗੀਆਂ ਤਾਂ ਜਥੇਬੰਦੀ ਵੱਲੋਂ ਆਉਣ ਵਾਲ਼ੇ ਦਿਨਾਂ ਵਿੱਚ ਸ਼ੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸੰਗਰੂਰ ਜ਼ਿਲ੍ਹੇ ਦੇ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ, ਲੁਧਿਆਣੇ ਜ਼ਿਲ੍ਹੇ ਦੇ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਮਾਲੇਰਕੋਟਲੇ ਦੇ ਆਗੂ ਕੇਵਲ ਸਿੰਘ ਭੜੀ ਤੋਂ ਇਲਾਵਾ ਤਿੰਨਾਂ ਜ਼ਿਲ੍ਹਿਆਂ ਦੇ ਬਲਾਕ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ।