ਲਖਵੀਰ ਸਿੰਘ ਚੀਮਾ
ਟੱਲੇਵਾਲ, 7 ਫਰਵਰੀ
ਪਹਿਲੀ ਕਲਾਸ ਤੋਂ ਲੈ ਕੇ ਸਾਰੀਆਂ ਜਮਾਤਾਂ ਤਕ ਸਕੂਲ ਖੁੱਲ੍ਹਵਾਉਣ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੀਆਂ ਜੱਥੇਬੰਦੀਆਂ ਵਲੋਂ ਅੱਜ ਵੱਖ ਵੱਖ ਥਾਈਂ ਜਾਮ ਲਗਾਏ ਗਏ। ਪਿੰਡ ਚੀਮਾ ਦੇ ਬੱਸ ਅੱਡੇ ‘ਤੇ ਬਰਨਾਲਾ-ਮੋਗਾ ਕੌਮੀ ਮਾਰਗ ਉਪਰ ਕਿਸਾਨਾਂ ਨੇ ਧਰਨਾ ਦਿੱਤਾ। ਇਹ ਚੱਕਾ ਜਾਮ ਦੁਪਹਿਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਦੋ ਘੰਟਿਆਂ ਲਈ ਕੀਤਾ ਗਿਆ। ਇਸ ਮੌਕੇ ਧਰਨਾਕਾਰੀਆਂ ਨੇ ਕਿਹਾ ਕਿ ਕਰੋਨਾ ਦੀ ਆੜ ਵਿੱਚ ਸਕੂਲ ਬੰਦ ਕਰਕੇ ਸਰਕਾਰ ਬੱਚਿਆਂ ਦੀ ਪੜਾਈ ਦਾ ਨੁਕਸਾਨ ਕਰ ਰਹੀ ਹੈ, ਜਦਕਿ ਦੂਜੇ ਪਾਸੇ ਸ਼ਰਾਬ ਦੇ ਠੇਕੇ, ਵਿਆਹ ਪੈਲੇਸ ਸਮੇਤ ਚੋਣ ਰੈਲੀਆਂ ਤੱਕ ਨੂੰ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਛੇਵੀਂ ਜਮਾਤ ਤੋਂ ਲੇੈ ਕੇ ਸਕੂਲ ਖੋਲ੍ਹ ਦਿੱਤੇ ਹਨ, ਪ੍ਰੰਤੂ ਪੰਜਵੀਂ ਕਲਾਸ ਤੋਂ ਥੱਲੇ ਦੇ ਬੱਚੇ ਇੱਕ ਨੀਂਹ ਹੁੰਦੀ ਹੈ ਅਤੇ ਜੇਕਰ ਨੀਂਹ ਕਮਜ਼ੋਰ ਰਹਿ ਗਈ ਤਾਂ ਹੋਰ ਪੜ੍ਹਾਈ ਦਾ ਕੋਈ ਫਾਇਦਾ ਨਹੀਂ। ਇਸ ਕਰਕੇ ਸਰਕਾਰ ਤੁਰੰਤ ਸਕੂਲ ਖੋਲ੍ਹੇ।
ਇਸੇ ਤਰ੍ਹਾਂ ਮਾਨਸਾ ਤੇ ਭਦੌੜ ਵਿੱਚ ਵੀ ਕਿਸਾਨ ਜਥੇਬੰਦੀਆਂ ਨੇ ਸਕੂਲ ਖੁੱਲ੍ਹਵਾਉਣ ਲਈ ਮੁੱਖ ਮਾਰਗਾਂ ਤੇ ਧਰਨਾ ਦਿੱਤਾ।