ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 6 ਫਰਵਰੀ
ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਭਾਵੇਂ ਮੁੱਦਿਆਂ ਦੀ ਥਾਂ ਚਿਹਰਿਆਂ ’ਤੇ ਲੜੀਆਂ ਜਾ ਰਹੀਆਂ ਹਨ ਪਰ ਦਿਲਚਸਪ ਗੱਲ ਇਹ ਹੈ ਕਿ ਬਹੁਤੇ ਉਮੀਦਵਾਰ ਵਿਰੋਧੀਆਂ ਖ਼ਿਲਾਫ਼ ਸਿੱਧੀ ਦੂਸ਼ਣਬਾਜ਼ੀ ਤੋਂ ਬਚਦੇ ਨਜ਼ਰ ਆਉਂਦੇ ਹਨ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ‘ਆਪ’, ਭਾਜਪਾ ਸਮੇਤ ਸਾਰੀਆਂ ਸਿਆਸੀ ਧਿਰਾਂ ਦੇ ਆਗੂਆਂ ਆਪੋ-ਆਪਣਾ ਏਜੰਡਾ ਲੈ ਕੇ ਹੀ ਚੱਲ ਰਹੇ ਹਨ। ਕਾਂਗਰਸ ਦੇ ਉਮੀਦਵਾਰ ਸਰਕਾਰ ਦੀ ਕਾਰਗੁਜ਼ਾਰੀ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਂ ਨੂੰ ਲੈ ਕੇ ਵੋਟਾਂ ਮੰਗਦੇ ਹੋਏ ਆਪਣੀ ਭਵਿੱਖ ਦੀ ਯੋਜਨਾ ਤੇ ਵਿਕਾਸ ਕਾਰਜਾਂ ਨੂੰ ਵੋਟਰਾਂ ਮੂਹਰੇ ਰੱਖਦੇ ਹਨ।
ਜਗਰਾਉਂ ਤੋਂ ਉਮੀਦਵਾਰ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਹਾਲੇ ਤੱਕ ਇਕ ਵੀ ਸ਼ਬਦ ਆਪਣੇ ਵਿਰੋਧੀ ਉਮੀਦਵਾਰਾਂ ਬਾਰੇ ਨਹੀਂ ਬੋਲਿਆ। ਉਹ ਚੋਣ ਜਲਸਿਆਂ ’ਚ ਆਪਣੀ ਗੱਲ ਹੀ ਰੱਖਦੇ ਹਨ ਤੇ ਸੇਵਾ ਦਾ ਇਕ ਮੌਕਾ ਮੰਗ ਰਹੇ ਹਨ। ਕਾਂਗਰਸ ਦੇ ਹੀ ਹਲਕਾ ਦਾਖਾ ਤੋਂ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਦੱਬਵੀਂ ਸੁਰ ਇਕ ਦੋ ਗੱਲਾਂ ਹੀ ਵਿਰੋਧੀ ਉਮੀਦਵਾਰ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਬਾਰੇ ਕਹੀਆਂ ਹੋਣਗੀਆਂ। ਉਹ ਵੀ ਆਪਣੀ ਹਲਕੇ ਵਿਚਲੀ ਢਾਈ ਸਾਲ ਦੀ ਕਾਰਗੁਜ਼ਾਰੀ ਅਤੇ ਵਿਕਾਸ ਦੇ ਕਰਵਾਏ ਕੰਮਾਂ ਨੂੰ ਗਿਣਾ ਕੇ ਵੋਟਾਂ ਮੰਗਦੇ ਹਨ।
ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਉਪ ਨੇਤਾ ਰਹੀ ਤੇ ਹਲਕਾ ਜਗਰਾਉਂ ਤੋਂ ‘ਆਪ’ ਉਮੀਦਵਾਰ ਸਰਵਜੀਤ ਕੌਰ ਮਾਣੂੰਕੇ ਚੋਣ ਜਲਸਿਆਂ ’ਚ ਕਾਂਗਰਸ ਸਰਕਾਰ ਦੇ ਪੰਜ ਸਾਲ ਦੇ ਕਾਰਜਕਾਲ ਨੂੰ ਤਾਂ ਰੱਜ ਕੇ ਭੰਡਦੇ ਹਨ ਪਰ ਕਿਸੇ ਵੀ ਵਿਰੋਧੀ ਉਮੀਦਵਾਰ ਬਾਰੇ ਕੋਈ ਖ਼ੁਲਾਸਾ ਕਰਨ ਤੋਂ ਪਰਹੇਜ਼ ਹੀ ਕਰਦੇ ਹਨ। ਇਸੇ ਤਰ੍ਹਾਂ ਅਕਾਲੀ ਉਮੀਦਵਾਰ ਐੱਸਆਰ ਕਲੇਰ ਆਪਣੀ ਪਿਛਲੀ ਕਾਰਗੁਜ਼ਾਰੀ ਦੇ ਆਧਾਰ ’ਤੇ ਵੋਟਾਂ ਮੰਗ ਰਹੇ ਹਨ। ਵਿਧਾਇਕ ਮਨਪ੍ਰੀਤ ਇਆਲੀ ਹਲਕਾ ਦਾਖਾ ’ਚ ਵੋਟਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਵਾਅਦਿਆਂ ਤੇ ਆਪਣੀ ਹੁਣ ਤੱਕ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਵੋਟਾਂ ਮੰਗਦੇ ਹਨ। ਇਸੇ ਤਰ੍ਹਾਂ ਭਾਜਪਾ ਦੇ ਉਮੀਦਵਾਰ ਕੰਵਰ ਨਰਿੰਦਰ ਸਿੰਘ ਨੇ ਵੀ ਕਿਸੇ ਵਿਰੋਧੀ ਬਾਰੇ ਕੋਈ ਸ਼ਬਦ ਨਹੀਂ ਬੋਲਿਆ। ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਵੱਲੋਂ ਭਾਜਪਾ ਤੇ ਅਕਾਲੀ ਦਲ ਸੰਯੁਕਤ ਦੇ ਦਾਖਾ ਤੋਂ ਸਾਂਝੇ ਉਮੀਦਵਾਰ ਦਮਨਜੀਤ ਸਿੰਘ ਮੋਹੀ ਨੇ ਵੀ ਆਪਣਾ ਚੋਣ ਪ੍ਰਚਾਰ ਭਖ਼ਾਇਆ ਹੋਇਆ ਹੈ ਪਰ ਦੋਹਾਂ ਪ੍ਰਮੁੱਖ ਵਿਰੋਧੀਆਂ ਬਾਰੇ ਸਿੱਧਾ ਹੱਲਾ ਬੋਲਣ ਤੋਂ ਉਹ ਵੀ ਸੰਕੋਚ ਕਰ ਰਹੇ ਹਨ।
ਇਹ ਸਾਰਾ ਕੁਝ ਰਵਾਇਤੀ ਸਿਆਸਤ ਦੇ ਉਲਟ ਹੈ ਕਿਉਂਕਿ ਆਮ ਤੌਰ ’ਤੇ ਉਮੀਦਵਾਰ ਚੋਣਾਂ ’ਚ ਵਿਰੋਧੀਆਂ ਦੇ ਪੋਤੜੇ ਫਰੋਲ ਦਿੰਦੇ ਹਨ। ਸ਼ਾਇਦ ਕੋਈ ਵੀ ਪਹਿਲ ਕਰਨ ਤੋਂ ਡਰ ਰਿਹਾ ਹੈ ਕਿਉਂਕਿ ਦੂਜੇ ’ਤੇ ਚਿੱਕੜ ਸੁੱਟਣ ’ਤੇ ਜਵਾਬੀ ਹਮਲਾ ਵੀ ਹੋਵੇਗਾ।