ਕੰਵਲਜੀਤ ਖੰਨਾ
ਪਰਦੇਸੀ ਹੋਏ, ਵਤਨੋਂ ਦੂਰ ਗਏ ਆਪਣਿਆਂ ਨੂੰ ਮਿਲਣ ਦੀ ਚਾਹ ਹਰ ਦਿਲ ਅੰਦਰ ਤਾਂਘਦੀ ਹੈ। ਕੋਈ ਪੂਰੀ ਕਰ ਲੈਂਦਾ ਹੈ, ਕੋਈ ਆਪਣੇ ਦਿਲ ਵਿਚ ਲੈ ਜਹਾਨੋਂ ਤੁਰ ਜਾਂਦਾ ਹੈ। ਪਰਦੇਸੀ ਹੋਏ ਪੁੱਤਾਂ-ਧੀਆਂ ਦਾ ਮੀਲਾਂ ਦੂਰ ਬੈਠਿਆਂ ਦਾ ਵੈਰਾਗ ਬਹੁਤਿਆਂ ਨੂੰ ਉਮਰ ਤੋਂ ਪਹਿਲਾਂ ਹੀ ਬੁੱਢਾ ਕਰ ਦਿੰਦਾ ਹੈ। ਪਰਵਾਸ ਮਜਬੂਰੀ ਹੈ ਕਿ ਗਲੈਮਰ? ਕੈਨੇਡਾ ਦੀ ਧਰਤੀ ’ਤੇ ਵਿਚਰਦਿਆਂ ਮਿੱਤਰ ਪਿਆਰਿਆਂ ਨਾਲ ਗੱਲਾਂ-ਬਾਤਾਂ ਕਰਦਿਆਂ ਇਸ ਨੁਕਤੇ ਦੀ ਥਾਹ ਪਾਉਣ ਦੀ ਕੋਸ਼ਿਸ਼ ਕੀਤੀ।
ਬਾਬਾ ਨਜ਼ਮੀ ਕਹਿੰਦਾ ਹੈ: ‘ਰੱਬ ਤੋਂ ਪਹਿਲਾਂ ਆਟਾ’। ਭੁੱਖੇ ਢਿੱਡ ਨੂੰ ਤਾਂ ਰੱਬ ਦਾ ਚੇਤਾ ਵੀ ਨਹੀਂ ਆਉਂਦਾ। ਰੋਟੀ ਦੀ ਭਾਲ ਵਿਚ ਲੱਖਾਂ ਲੋਕਾਂ ਨੇ ਪੂਰੀ ਦੁਨੀਆ ਵਿਚ ਪਰਵਾਸ ਕੀਤਾ ਹੈ। ਪਰਵਾਸ ਗੈਰ-ਕੁਦਰਤੀ ਅਤੇ ਲੋਕਾਂ ’ਤੇ ਥੋਪਿਆ ਵਰਤਾਰਾ ਵੀ ਹੈ। 1947 ਦੀ ਭਾਰਤ ਪਾਕਿਸਤਾਨ ਵੰਡ ਕੁਦਰਤੀ ਨਹੀਂ ਸੀ, ਥੋਪੀ ਗਈ ਕਤਲੋਗਾਰਤ ਸੀ। ਅਜਿਹੀਆਂ ਸੈਂਕੜੇ ਉਦਾਹਰਨਾਂ ਮਨੁੱਖਤਾ ਦੇ ਨਾਂ ’ਤੇ ਕਲੰਕ ਹਨ। ਤਕੜਿਆਂ ਨੇ ਲੁੱਟ ਲਈ ਬੇਗਾਨੀਆਂ ਧਰਤੀਆਂ ’ਤੇ ਜਾ ਕੇ ਮੂਲ ਨਿਵਾਸੀਆਂ ਨੂੰ ਖਦੇੜਿਆ ਤੇ ਤਬਾਹ ਕੀਤਾ। ਬਿਲਕੁੱਲ ਜਿਵੇਂ ਸਾਡੇ ਮੁਲਕ ਭਾਰਤ ਵਿਚ ਅੰਗਰੇਜ਼ ਸਾਮਰਾਜ ਨੇ ਕੀਤਾ। ਬਿਲਕੁੱਲ ਉਸੇ ਤਰ੍ਹਾਂ ਯੂਰੋਪੀਅਨਾਂ, ਖਾਸਕਰ ਇੰਗਲੈਂਡ ਦੇ ਪੂੰਜੀਪਤੀਆਂ ਨੇ ਪਹਿਲਾਂ ਵਪਾਰੀ ਬਣ ਕੇ ਭਾਰਤ ਵਾਂਗ ਹੀ ਕੈਨੇਡਾ, ਆਸਟਰੇਲੀਆ ਆਦਿ ਮੁਲਕਾਂ ਨੂੰ ਆਪਣੀਆਂ ਬਸਤੀਆਂ ਬਣਾਇਆ, ਬਿਲਕੁੱਲ ਉਵੇਂ ਹੀ ਜਿਵੇਂ ਭਾਰਤ ਨੂੰ ਦੋ ਸੌ ਸਾਲ ਬਸਤੀ ਬਣਾਇਆ। ਦੁਨੀਆ ਲਈ ਸਵਰਗ ਗਿਣੇ ਜਾਂਦੇ ਕਈ ਅਜੋਕੇ ਪੂੰਜੀਵਾਦੀ ਮੁਲਕਾਂ ਵਿਚ ਅੱਜ ਵੀ ਇੰਗਲੈਂਡ ਦੀ ਹਕੂਮਤ ਚੱਲਦੀ ਹੈ। ਕੈਨੇਡਾ, ਆਸਟਰੇਲੀਆ ਵਿਚ ਤਾਂ ਅੱਜ ਵੀ ਇੰਗਲੈਂਡ ਦੀ ਰਾਣੀ ਦਾ ਹੀ ਸਿੱਕਾ ਚੱਲਦਾ ਹੈ। ਸਦੀਆਂ ਪਹਿਲਾਂ ਅਫਰੀਕਾ ਵੱਸਦੇ ਕਾਲੇ ਲੋਕਾਂ ਨੂੰ ਗੁਲਾਮ ਬਣਾ ਕੇ ਦੂਰ-ਦੁਰਾਡੇ ਵੇਚ ਦੇਣ, ਜ਼ੰਜੀਰਾਂ ਨਾਲ ਬੰਨ੍ਹ ਕੇ ਰੱਖਣ, ਗੁਲਾਮਾਂ ਨੂੰ ਜਾਨਵਰਾਂ ਵਾਂਗ ਆਪਸ ਵਿਚ ਹਥਿਆਰਾਂ ਸੰਗ ਲੜਾ ਕੇ ਉਨ੍ਹਾਂ ਦਾ ਤਮਾਸ਼ਾ ਦੇਖਣਾ, ਲਹੂ-ਲੁਹਾਣ ਦੇਹਾਂ ਨੂੰ ਛਾਂਟੇ ਮਾਰ ਮੁੜ ਮੁੜ ਲੜਨ ਲਈ ਉਤੇਜਿਤ ਕਰਨਾ ਤੇ ਫਿਰ ਮ੍ਰਿਤਕ ਗੁਲਾਮਾਂ ਦੀਆਂ ਦੇਹਾਂ ਨੂੰ ਗਧਿਆਂ-ਖੱਚਰਾਂ ਰਾਹੀਂ ਘੜੀਸ ਕੇ ਖਤਾਨਾਂ ਵਿਚ ਸੁੱਟ ਜਾਨਵਰਾਂ ਦਾ ਖਾਜਾ ਬਣਾ ਦੇਣਾ, ਇਹ ਪਿਛਲੇ ਦੌਰ ਦਾ ਮਾਰਮਿਕ ਇਤਿਹਾਸ ਹੈ।
ਜੇ ਇਸ ਘੋਰ ਅਪਰਾਧਿਕ ਇਤਿਹਾਸ ਤੋਂ ਜਾਣੂ ਹੋਣਾ ਹੋਵੇ ਤਾਂ ਅਫਰੀਕੀ-ਅਮਰੀਕੀ ਲੇਖਕ ਐਲੇਕਸ ਹੇਲੀ ਦਾ ਸ਼ਾਹਕਾਰ ਨਾਵਲ ‘ਰੂਟਸ’ (ਜਿਸ ਦਾ ਅਨੁਵਾਦ ‘ਜੜ੍ਹਾਂ’ ਦਲਜੀਤ ਸਿੰਘ ਐਡਮਿੰਟਨ ਨੇ ਕੀਤਾ ਹੈ) ਅਤੇ ਹਾਵਰਡ ਫਾਸਟ ਦਾ ਲਿਖਿਆ ਤੇ ਸਤਨਾਮ ਜੰਗਲਨਾਮਾ ਦਾ ਅਨੁਵਾਦ ਕੀਤਾ ਸੰਸਾਰ ਪ੍ਰਸਿੱਧ ਨਾਵਲ ‘ਸਪਾਰਟਕਸ’ ਪੜ੍ਹਨਾ ਚਾਹੀਦਾ ਹੈ। ਕੈਨੇਡਾ ਵਿਚ ਯੂਰੋਪੀਅਨਾਂ ਨੇ ਵੱਖ ਵੱਖ ਬੋਲੀਆਂ ਬੋਲਦੇ, ਆਪਸ ਵਿਚ ਵੰਡੇ ਮੂਲ ਨਿਵਾਸੀਆਂ ਨੂੰ ਉਨ੍ਹਾਂ ਦੀ ਹੀ ਧਰਤੀ ਤੋਂ ਉਜਾੜਿਆ। ਕੈਨੇਡਾ ਦੇ ਅਲਬਰਟਾ ਸੂਬੇ ਵਿਚ ਸਕੂਲਾਂ ’ਚੋਂ ਮਿਲੀਆਂ ਸਕੂਲੀ ਬੱਚਿਆਂ ਦੇ ਪਿੰਜਰ ਸਬੂਤ ਹਨ ਕਿ ਇਨ੍ਹਾਂ ਕਬਜ਼ਾਧਾਰੀਆਂ ਨੇ ਕੈਨੇਡਾ, ਆਸਟਰੇਲੀਆ, ਅਮਰੀਕਾ ਦੀ ਧਰਤੀ ’ਤੇ ਸਦੀਆਂ ਤੋਂ ਵਸਦੇ ਉਥੋਂ ਦੇ ਮੂਲ ਨਿਵਾਸੀਆਂ ਨੂੰ ਉਨ੍ਹਾਂ ਦੀ ਹੀ ਧਰਤੀ ਤੋਂ ਬੁਰੀ ਤਰ੍ਹਾਂ ਉਜਾੜਿਆ, ਕਤਲ ਕੀਤਾ, ਜੇਲ੍ਹਾਂ ਵਿਚ ਸੁੱਟਿਆ; ਬਿਲਕੁੱਲ ਉਵੇਂ ਹੀ ਜਿਵੇਂ ਫਲਸਤੀਨ ਵਿਚੋਂ ਹੁਣ ਯਹੂਦੀ, ਫ਼ਲਸਤੀਨੀਆਂ ਨੂੰ ਉਜਾੜ ਕੇ ਉਨ੍ਹਾਂ ਨੂੰ ਖ਼ਤਮ ਕਰ ਰਹੇ ਹਨ। ਕੈਨੇਡਾ, ਅਮਰੀਕਾ, ਆਸਟਰੇਲੀਆ ਦੇ ਮੂਲ ਨਿਵਾਸੀਆਂ ਨੂੰ ਕੁਚਲਣ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ’ਤੇ ਕਬਜ਼ਾ ਕਰਨ ਅਤੇ ਆਪਣੇ ਹੀ ਮੁਲਕ ’ਚ ਉੱਥੋਂ ਦੇ ਨੇਟਿਵ ਲੋਕਾਂ (ਰੈੱਡ ਇੰਡੀਅਨ) ਨੂੰ, ਦੋਇਮ ਦਰਜੇ ਦੇ ਵਸਨੀਕ ਬਣਾ ਦੇਣ ਦਾ ਮੁਜਰਮਾਨਾ ਇਤਿਹਾਸ ਹੈ।
ਦੁਨੀਆ ਨੂੰ ਆਪਣੇ ਗਲੈਮਰ ਰਾਹੀਂ ਚਕਾਚੌਂਧ ਕਰਨ ਦੇਣ ਵਾਲੀ ਇਸ ਹੁਸੀਨ ਧਰਤੀ ਦਾ ਦੂਜਾ ਪਾਸਾ ਅਤਿਅੰਤ ਦਰਦਨਾਕ ਹੈ। ਇਨ੍ਹਾਂ ਧਰਤੀਆਂ ਦੇ ਮੂਲ ਨਿਵਾਸੀ ਜਾਂ ਤਾਂ ਖਰੀਦ ਲਏ ਜਾਂ ਕੁਚਲ ਦਿੱਤੇ ਗਏ। ਜੱਥੇਬੰਦ ਹੋ ਕੇ ਆਪਣੀ ਹੋਂਦ ਅਤੇ ਧਰਤੀ ਬਚਾਉਣ ਲਈ ਕਿਤੇ ਕਿਤੇ ਥੋੜ੍ਹਾ ਬਹੁਤਾ ਲੜੇ ਵੀ, ਉਨ੍ਹਾਂ ਲੜਾਈਆਂ ਨੇ ਸੂਰਮੇ ਵੀ ਜੰਮੇ ਪਰ ਹਮਲਾਵਰ ਤੇ ਕਬਜ਼ਾਕਾਰੀ ਸ਼ੈਤਾਨ ਸਨ, ਹੈਵਾਨ ਸਨ। ਧਰਤੀ ਦੇ ਅਸਲ ਮਾਲਕਾਂ ਦੀ ਪੇਸ਼ ਨਾ ਚੱਲੀ। ਕਬਜ਼ਾਧਾਰੀਆਂ ਨੇ ਉਨ੍ਹਾਂ ਨੂੰ ਦੱਬ ਲਿਆ, ਉਨ੍ਹਾਂ ਤੋਂ ਉਨ੍ਹਾਂ ਦਾ ਸੱਭਿਆਚਾਰ, ਬੋਲੀ, ਸਾਂਝ ਖਤਮ ਕਰਨ ਲਈ ਕੈਂਪਾਂ ਵਿਚ ਸੁੱਟ ਦਿੱਤਾ। ਅੱਜ ਆਪਣੇ ਪਿੰਡਾਂ ਦੇ ਵਿਹੜਿਆਂ ਵਾਂਗ ਵੱਖ ਵੱਖ ਰਿਜ਼ਰਵਾਂ ਵਿਚ ਖਿੰਡੇ ਇਹ ਮੂਲ ਨਿਵਾਸੀ ਅੰਤਾਂ ਦੀ ਪੀੜਾ ਹੰਢਾਉਂਦੇ ਆਪਣੀ ਹੀ ਧਰਤੀ ’ਤੇ ਬੇਗਾਨਿਆਂ ਵਾਲੀ ਜਿ਼ੰਦਗੀ ਭੋਗਦੇ ਆਪਣੇ ਹੱਕਾਂ ਲਈ ਕੋਰਟ-ਕਚਹਿਰੀਆਂ ’ਚ ਰੁਲ ਰਹੇ ਹਨ। ਆਪਣੀ ਹੀ ਜ਼ਮੀਨ ਦਾ ਹੱਕ ਹਾਸਲ ਕਰਨ ਲਈ ਸਿੱਧੀ ਟੱਕਰ ਤੋਂ ਰੋਕਣ ਲਈ ਕਬਜ਼ਾਧਾਰੀਆਂ ਨੇ ਇਨ੍ਹਾਂ ਨੂੰ ਚਿੱਟੇ ’ਚ ਡੋਬ ਦਿੱਤਾ। ਇਨ੍ਹਾਂ ਦਾ ਨਾਂ ਡਰੱਗੀ (ਨਸ਼ੇੜੀ) ਧਰ ਦਿੱਤਾ। ਆਪਣੀ ਮਾਂ ਧਰਤੀ ਗੁਆ ਚੁੱਕਾ ਬੰਦਾ ਨਸ਼ੇੜੀ ਜਾਂ ਜਰਾਇਮਪੇਸ਼ਾ ਬਣਨ ਦੇ ਰਾਹ ਪੈਣ ਲਈ ਮਜਬੂਰ ਹੁੰਦਾ ਹੈ। ਸਾਲਾਂ ਬੱਧੀ ਅੱਤਿਆਚਾਰ ਦਾ ਸ਼ਿਕਾਰ ਇਹ ਮੂਲ ਨਿਵਾਸੀ ਆਪਣੀ ਹੋਂਦ ਗੁਆ ਰਹੇ ਹਨ। ਹਾਕਮ ਵੀ ਇਹੀ ਚਾਹੁੰਦੇ ਹਨ ਕਿ ਇਹ ਆਪਣੇ ਸਵੈ ਤੇ ਆਜ਼ਾਦੀ ਨੂੰ ਭੁੱਲ ਜਾਣ। ਇਸ ਲਈ ਨਸ਼ਾ ਆਮ ਵਰਤਾਇਆ ਜਾਂਦਾ ਹੈ। ਇਨ੍ਹਾਂ ਦੇ ਮੁਖੀਆਂ ਨਾਲ ਕੀਤੀਆਂ ਸੰਧੀਆਂ ਤਹਿਤ ਇਨ੍ਹਾਂ ਨੂੰ ਕਾਫੀ ਫੰਡ ਦਿੱਤੇ ਜਾਂਦੇ ਹਨ ਜੋ ਜਿ਼ਆਦਾਤਰ ਭ੍ਰਿਸ਼ਟ ਮੁਖੀ ਹੜੱਪ ਜਾਂਦੇ ਹਨ। ਕੁਝ ਇਮਾਨਦਾਰ ਮੁਖੀਆਂ ਨੇ ਹਾਸਲ ਫੰਡ ਮੂਲ ਨਿਵਾਸੀਆਂ ਨੂੰ ਸਹੂਲਤਾਂ, ਵਪਾਰਕ ਫਾਇਦਿਆਂ ਲਈ ਵੀ ਵਰਤੇ ਹਨ ਪਰ ਇਹ ਵਰਤਾਰਾ ਆਮ ਨਹੀਂ। ਅੱਜ ਵੀ ਇਨ੍ਹਾਂ ਦੇ ਰਿਜ਼ਰਵ ਇਲਾਕਿਆਂ ਦੇ ਬਾਹਰ ਇਨ੍ਹਾਂ ਦੇ ਵਰ੍ਹਿਆਂ ਤੋਂ ਗੁਆਚੇ ਬੱਚਿਆਂ ਦੀਆਂ ਤਸਵੀਰਾਂ ਤੇ ਸੂਚਨਾਵਾਂ ਦੇਖੀਆਂ ਜਾ ਸਕਦੀਆਂ ਹਨ। ਦਸ ਪੰਦਰਾਂ ਫ਼ੀਸਦ ਮੂਲ ਨਿਵਾਸੀ ਇਨ੍ਹਾਂ ਮੁਲਕਾਂ ਦੀ ਹਕੂਮਤੀ ਧਾਰਾ ਦਾ ਵੀ ਹਿੱਸਾ ਹਨ ਪਰ ਬੇਗਾਨੇ, ਵਿਰਵੇ, ਨਿਓਟੇ ਹੋਣ ਦਾ ਦਰਦ, ਸੋਗ ਤੇ ਟਕਰਾਅ ਹਕੂਮਤ ਵਲੋਂ ਨਸ਼ਿਆਂ ਵਿਚ ਡੋਬ ਕੇ ਖ਼ਤਮ ਕੀਤਾ ਜਾ ਰਿਹਾ ਹੈ।
ਕੈਨੇਡਾ ਦੇ ਸ਼ਹਿਰ ਵਿਨੀਪੈੱਗ ਵਿਚ ਹਕੂਮਤ ਵੱਲੋਂ ਕਰੋੜਾਂ ਡਾਲਰ ਖਰਚ ਕੇ ਉਸਾਰੀ ਸ਼ਾਨਦਾਰ ਬਿਲਡਿੰਗ ਦਾ ਨਾਮ ‘ਹਿਊਮਨ ਰਾਈਟਸ’ ਹੈ। ਇਸ ਭਵਨ ਦੀਆਂ ਸੱਤਾਂ ਮੰਜ਼ਿਲਾਂ ’ਤੇ ਨਾਜ਼ੀਆਂ ਵੱਲੋਂ ਯਹੂਦੀਆਂ ਨੂੰ ਤਸੀਹਾ ਕੈਂਪਾਂ ਦੇ ਗੈਸ ਚੈਂਬਰਾਂ ਵਿਚ, ਭੁੱਖ ਤੇ ਗੈਸ ਨਾਲ ਤੜਫਾ ਤੜਫਾ ਕੇ ਮਾਰਨ ਦੀ ਗਾਥਾ ਤੋਂ ਲੈ ਕੇ ਕੈਨੇਡਾ ਵਿਚ ਪਿਛਲੇ ਸਮੇਂ ਉੱਠੇ ਵਿਦਿਆਰਥੀ ਵਿਦਰੋਹਾਂ ਦੀ ਕਹਾਣੀ ਦਰਜ ਹੈ। ਕਾਲੇ ਲੋਕਾਂ, ਔਰਤਾਂ ਤੇ ਬੱਚਿਆਂ ਪ੍ਰਤੀ ਗੈਰ-ਮਨੁੱਖੀ ਵਿਹਾਰ ਦੀ ਕਾਲੀ ਤਸਵੀਰ ਦੀਆਂ ਦਰਜਨਾਂ ਘਟਨਾਵਾਂ ਇਸ ਭਵਨ ਵਿਚ ਦਰਜ ਹਨ। ਸੰਘਰਸ਼ਾਂ ਨੂੰ ਵਡਿਆਉਂਦਾ ਇਹ ਭਵਨ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹੁਣ ਤੱਕ ਬਣੇ ਕਾਨੂੰਨਾਂ, ਮੁਲਕਾਂ ’ਚ ਹੋਈਆਂ ਸੰਧੀਆਂ, ਜੰਗੀ ਉਲੰਘਣਾਵਾਂ ਦੀ ਵੀ ਪੇਸ਼ਕਾਰੀ ਕਰਦਾ ਹੈ। ਕਾਮਾਗਾਟਾਮਾਰੂ ਦੀ ਕਹਾਣੀ ਵੀ ਇੱਥੇ ਦਰਜ ਹੈ। ਹਰ ਘਟਨਾ ਦਾ ਵੇਰਵਾ, ਸਮਾਂ, ਸਥਾਨ, ਕਾਲਖੰਡ ਜਾਣਨ ਲਈ ਹਰ ਰੋਜ਼ ਸੈਂਕੜੇ ਜਗਿਆਸੂ ਦੇਸ਼ ਵਿਦੇਸ਼ ’ਚੋਂ ਇੱਥੇ ਆਉਂਦੇ ਹਨ ਪਰ ਜਦੋਂ ਉਥੋਂ ਦੀ ਇਕ ਖੂਬਸੂਰਤ ਪ੍ਰਬੰਧਕ ਮੁਟਿਆਰ ਨੂੰ ਪੁੱਛਿਆ ਕਿ ਸੰਸਾਰ ਭਰ ਵਿਚ ਮਨੁੱਖੀ ਹੱਕਾਂ ਦੇ ਕਤਲਾਂ, ਲੱਖਾਂ-ਕਰੋੜਾਂ ਲੋਕਾਂ ਦੀਆਂ ਜਾਨਾਂ ਲੈਣ, ਉਜਾੜੇ, ਤਬਾਹੀ ਤੇ ਨਸਲਵਾਦ ਪਿੱਛੇ ਕੰਮ ਕਰਦੇ ਜਿ਼ੰਮੇਵਾਰ ਕਾਰਨਾਂ ਨੂੰ ਬਿਆਨਦੀ ਤਸਵੀਰ ਪੇਸ਼ ਕਿਉਂ ਨਹੀਂ, ਤਾਂ ਉਸ ਨੇ ਜਵਾਬ ’ਚ ਸਿਰਫ ਮੁਸਕਰਾਹਟ ਹੀ ਪਾਸ ਕੀਤੀ। ਉਸ ਗੁੱਝੀ ਮੁਸਕਰਾਹਟ ਬਹੁਤ ਸਾਰੇ ਭੇਤ ਖੋਲ੍ਹ ਰਹੀ ਸੀ।
ਸੰਪਰਕ: 94170-67344