ਲਖਵੀਰ ਸਿੰਘ ਚੀਮਾ
ਟੱਲੇਵਾਲ, 13 ਅਕਤੂਬਰ
ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੂਬੇ ਦੇ ਕਿਸਾਨ ਲਗਾਤਾਰ ਰੇਲਵੇ ਲਾਈਨਾਂ ਅਤੇ ਕਾਰਪੋਰੇਟ ਅਦਾਰਿਆਂ ਅੱਗੇ ਪੱਕੇ ਮੋਰਚੇ ਲਗਾ ਕੇ ਸੰਘਰਸ਼ ਕਰ ਰਹੇ ਹਨ। ਇਨ੍ਹਾਂ ਮੋਰਚਿਆਂ ਵਿੱਚ ਰੋਜ਼ਾਨਾ ਸੈਂਕੜਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ, ਨੌਜਵਾਨ ਅਤੇ ਔਰਤਾਂ ਸ਼ਾਮਲ ਹੋ ਰਹੀਆਂ ਹਨ।
ਧਰਨਿਆਂ ’ਚ ਰੋਜ਼ਾਨਾ ਏਨੀ ਵੱਡੀ ਗਿਣਤੀ ’ਚ ਸ਼ਾਮਲ ਹੋਣ ਵਾਲੇ ਲੋਕਾਂ ਲਈ ਲੰਗਰ ਦੇ ਪ੍ਰਬੰਧ ਕਰਨੇ ਭਾਵੇਂ ਔਖੇ ਜਾਪ ਰਹੇ ਹਨ ਪਰ ਰੋਜ਼ਾਨਾ ਇਨ੍ਹਾਂ ਧਰਨਿਆਂ ’ਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਧਰਨਕਾਰੀਆਂ ਲਈ ਲੋਕ ਆਪ ਮੁਹਾਰੇ ਲਿਆ ਰਹੇ ਹਨ। ਕਿਸਾਨ ਜਥੇਬੰਦੀਆਂ ਸਮੇਤ ਗੁਰਦੁਆਰਾ ਕਮੇਟੀ, ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣ ਧਰਨਾਕਾਰੀ ਲੋਕਾਂ ਲਈ ਸਾਦੀ ਦਾਲ-ਰੋਟੀ ਤੋਂ ਇਲਾਵਾ ਜਲੇਬੀਆਂ, ਮਿੱਠੇ ਚੌਲਾਂ, ਬਰੈਡਾਂ, ਖ਼ੀਰ, ਕੜਾਹ ਅਤੇ ਫ਼ਲਾਂ ਦੇ ਲੰਗਰ ਲੈ ਕੇ ਆ ਰਹੇ ਹਨ।
ਭੋਤਨਾ ਵਿੱਚ 10 ਦਿਨਾਂ ਦੇ ਧਰਨੇ ਦੌਰਾਨ 2 ਵਾਰ ਜਲੇਬੀਆਂ ਤੋਂ ਇਲਾਵਾ ਬਰੈੱਡ, ਮਿੱਠੇ ਚੌਲ, ਫ਼ਲਾਂ ਅਤੇ ਕੜਾਹ ਦੇ ਲੰਗਰ ਵਰਤਾਏ ਜਾ ਚੁੱਕੇ ਹਨ। ਚੰਡੀਗੜ੍ਹ ਰੋਡ ਦੇ ਬਡਬਰ ਟੌਲ ਪਲਾਜ਼ੇ ’ਤੇ ਵੀ ਇਨ੍ਹਾਂ ਮਿੱਠੇ ਪਕਵਾਨਾਂ ਸਮੇਤ ਪਕੌੜਿਆਂ ਦੇ ਲੰਗਰ ਆਮ ਹੀ ਵਰਤਾਏ ਜਾ ਰਹੇ ਹਨ। ਰੇਲਵੇ ਸਟੇਸ਼ਨ ਬਰਨਾਲਾ ਵਿੱਚ ਵੀ ਦਾਲ-ਰੋਟੀ ਤੋਂ ਇਲਾਵਾ ਫ਼ਲਾਂ ਦੇ ਲੰਗਰ ਸ਼ਹਿਰ ਨਿਵਾਸੀ ਵਰਤਾ ਰਹੇ ਹਨ। ਕਿਸਾਨ ਆਗੂ ਦਰਸ਼ਨ ਚੀਮਾ ਅਤੇ ਮਜ਼ਦੂਰ ਆਗੂ ਗੁਰਨਾਮ ਸਿੰਘ ਭੋਤਨਾ ਨੇ ਕਿਹਾ ਕਿ ਧਰਨਿਆਂ ਦੇ ਪ੍ਰਬੰਧਾਂ ’ਚ ਕਿਸੇ ਚੀਜ਼ ਦੀ ਘਾਟ ਨਹੀਂ ਹੈ। ਟੈਂਟ, ਪੱਖਿਆਂ ਤੋਂ ਲੈ ਕੇ ਲੰਗਰ ਤੱਕ ਦੇ ਸਾਰੇ ਪ੍ਰਬੰਧ ਮੁਕੰਮਲ ਹਨ। ਲੰਗਰ ਲੋਕ ਆਪ ਮੁਹਾਰੇ ਲੈ ਕੇ ਆ ਰਹੇ ਹਨ। ਜਿਸ ਕਰਕੇ ਕਈ ਲੋਕਾਂ ਨੂੰ ਲੰਗਰ ਰੋਕਣ ਲਈ ਵੀ ਅਪੀਲਾਂ ਕਰਨੀਆਂ ਪੈ ਰਹੀਆਂ ਹਨ।
ਧਰਨੇ ਵਿੱਚ ਦਵਾਈਆਂ ਦਾ ਲੰਗਰ
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਤਾ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇੰਦਰਮੋਹਨ ਪੱਤੋ, ਹਰਬੰਸ ਸਿੰਘ ਮੱਦਾ,ਗੁਰਦੀਪ ਸਿੰਘ ਰੌਤਾ ਅਗਵਾਈ ਹੇਠ ਕਿਸਾਨ ਮਜ਼ਦੂਰਾਂ ਤੇ ਹਮਦਰਦਾਂ ਵੱਲੋਂ ਨਿਹਾਲ ਸਿੰਘ ਵਾਲਾ ਸਥਿਤ ਰਿਲਾਇੰਸ ਤੇਲ ਪੰਪ ’ਤੇ ਲਗਾਏ ਗਏ ਧਰਨੇ ਵਿੱਚ ਧਰਨਾਕਾਰੀਆਂ ਲਈ ਦਵਾਈਆਂ, ਫ਼ਲ ਤੇ ਪ੍ਰਸ਼ਾਦੇ ਦਾ ਲੰਗਰ ਵੀ ਸ਼ੁਰੂ ਹੋ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਸੁਖਮੰਦਰ ਸਿੰਘ ਰਣਸੀਂਹ, ਜਗਸੀਰ ਸਿੰਘ ਰੌਂਤਾ,ਮੇਜਰ ਸਿੰਘ ਮਾਨ, ਬਲਬੀਰ ਸਿੰਘ ਬੀਰਾ ਪੱਤੋ,ਕੁਲਵੰਤ ਕੌਰ ਆਂਗਨਵਾੜੀ ਵਰਕਰ,ਗੋਪਾਲ ਸਿੰਘ ਰਣਸੀਂਹ ਕਲਾਂ ਆਦਿ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦੀਆਂ ਕਿਸਾਨ ਸੰਘਰਸ਼ ਨੂੰ ਨਾਕਾਮ ਕਰਨ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਲਈ ਆਖਿਆ। ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਮੁਫ਼ਤ ਡਾਕਟਰੀ ਸਹਾਇਤਾ ਅਤੇ ਸਮਾਜ ਸੇਵੀ ਲੋਕਾਂ ਵਲੋਂ ਫ਼ਲਾਂ ਅਤੇ ਪ੍ਰਸ਼ਾਦੇ ਦਾ ਲੰਗਰ ਲਗਾਇਆ ਹੋਇਆ ਹੈ।