ਨਵੀਂ ਦਿੱਲੀ, 13 ਅਕਤੂਬਰ
ਖੇਤੀ ਕਾਨੂੰਨਾਂ ਬਾਰੇ ਜਤਾਏ ਜਾ ਰਹੇ ਖ਼ਦਸ਼ਿਆਂ ਦੌਰਾਨ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਅੱਜ ਖੇਤੀ ਸੈਕਟਰ ਨਾਲ ਜੁੜੇ ਮਾਹਿਰਾਂ, ਸਨਅਤਕਾਰਾਂ ਅਤੇ ਅਕਾਦਮੀਸ਼ਨਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨਵੇਂ ਕਾਨੂੰਨਾਂ ਦੇ ਸੋਹਲੇ ਗਾਏ। ਵਫ਼ਦ ਦਾ ਹਿੱਸਾ ਰਹੇ ਗਲੋਬਲ ਫੂਡ ਐਂਡ ਰਿਟੇਲ ਕੌਂਸਲ ਦੇ ਚੇਅਰਮੈਨ ਰਾਕੇਸ਼ ਗੰਭੀਰ ਨੇ ਦੱਸਿਆ ਕਿ ਰਾਜਨਾਥ ਸਿੰਘ ਅਤੇ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨਾਲ ਊਨ੍ਹਾਂ ਦੀ ਗੱਲਬਾਤ ਵਧੀਆ ਰਹੀ। ਊਨ੍ਹਾਂ ਖੇਤੀ ਕਾਨੂੰਨ ਲਿਆਊਣ ਲਈ ਸਰਕਾਰ ਦੀ ਸ਼ਲਾਘਾ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਗੰਭੀਰ ਨੇ ਕਿਹਾ,‘‘ਇਹ ਕਾਨੂੰਨ ਖੇਤੀ ਸੈਕਟਰ ’ਚ ਸੁਧਾਰਾਂ ਦਾ ਨਵਾਂ ਯੁੱਗ ਲਿਆਊਣਗੇ ਅਤੇ ਕਿਸਾਨਾਂ ਨੂੰ ਵਿਚੋਲਿਆਂ ਦੇ ਚੁੰਗਲ ਤੋਂ ਆਜ਼ਾਦੀ ਮਿਲੇਗੀ।’’ ਪੰਜਾਬ ਆਧਾਰਿਤ ਗਰੀਨ ਵੈਲੀ ਫਾਰਮਜ਼ ਦੇ ਚੇਅਰਮੈਨ ਆਰ ਪੀ ਐੱਸ ਗਾਂਧੀ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਦੇ ਬਹੁਤ ਵੱਡੇ ਲਾਭ ਹਨ ਪਰ ਕਿਸਾਨਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਪਵੇਗਾ। -ਪੀਟੀਆਈ