ਪੱਤਰ ਪ੍ਰੇਰਕ
ਚੰਡੀਗੜ੍ਹ, 26 ਅਪਰੈਲ
ਯੂ.ਟੀ. ਚੰਡੀਗੜ੍ਹ ਪ੍ਰਸ਼ਾਸਨ ਨੇ ਕਰੋਨਾਵਾਇਰਸ ਦੀ ਰੋਕਥਾਮ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਚੰਡੀਗੜ੍ਹ ਹਾਊਸਿੰਗ ਬੋਰਡ ਦੇ ਚੀਫ ਐਗਜ਼ੀਕਿਯੂਟਿਵ ਅਫ਼ਸਰ ਯਸ਼ਪਾਲ ਗਰਗ ਦੇ ਦਸਤਖ਼ਤਾਂ ਹੇਠ ਜਾਰੀ ਪ੍ਰੈੱਸ ਬਿਆਨ ਵਿੱਚ ਕੁਝ ਹਦਾਇਤਾਂ ਬਾਰੇ ਦੱਸਿਆ ਗਿਆ ਹੈ। ਇਸ ਤਹਿਤ ਜੀ.ਐਮ.ਸੀ.ਐਚ.-32 ਅਤੇ ਇਸ ਅਧੀਨ ਸਿਵਲ ਹਸਪਤਾਲ ਸੈਕਟਰ 48 ਵਿੱਚ ਅੱਗ ਬੁਝਾਊ ਯੰਤਰਾਂ ਅਤੇ ਆਕਸੀਜਨ ਦੇ ਸਟਾਕ ਦੀ ਜਾਂਚ ਕਰਨ ਲਈ ਜੁਆਇੰਟ ਡਾਇਰੈਕਟਰ ਨੂੰ ਹਦਾਇਤ ਕੀਤੀ ਹੈ ਅਤੇ ਸਟਾਫ਼ ਨੂੰ ਟ੍ਰੇਨਿੰਗ ਦਿੱਤੇ ਜਾਣ ਦੇ ਨਾਲ-ਨਾਲ ਈ-ਬਲਾਕ ਵਿੱਚ ਬਕਾਇਦਾ ਮੌਕ-ਡਰਿੱਲ ਕਰਵਾਉਣ ਲਈ ਕਿਹਾ ਗਿਆ ਹੈ। ਡਾ. ਮਨਦੀਪ ਨੇ ਸਾਰੇ ਸਟਾਫ਼ ਨੂੰ ਆਕਸੀਜਨ ਦੀ ਵੇਸਟੇਜ ਅਤੇ ਕਿਸੇ ਵੀ ਅੱਗ ਲੱਗਣ ਦੀ ਘਟਨਾ ਤੋਂ ਬਚਾਅ ਲਈ ਨਿਰਦੇਸ਼ ਦਿੱਤੇ ਹਨ। ਸਾਰੇ ਵਾਰਡਾਂ ਅਤੇ ਆਈ.ਸੀ.ਯੂ. ਦੇ ਇੰਚਾਰਜਾਂ ਨੂੰ ਆਕਸੀਜਨ ਪੁਆਇੰਟਾਂ ਨੂੰ ਸਮੇਂ-ਸਮੇਂ ’ਤੇ ਚੈੱਕ ਲਈ ਕਿਹਾ ਗਿਆ ਹੈ।
ਸੈਕਟਰ 22 ਸਥਿਤ ਸੂਦ ਧਰਮਸ਼ਾਲਾ ਸਮੇਤ ਹੋਰਨਾਂ ਥਾਵਾਂ ਉੱਤੇ ਵਾਟਰ ਕੂਲਰ ਲਗਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਇੰਜ ਹੀ ਜੀ.ਐਮ.ਸੀ.ਐਚ.-32, ਸੈਕਟਰ 48 ਸਥਿਤ ਹਸਪਤਾਲ, ਸੈਕਟਰ 22 ਸਥਿਤ ਸੂਦ ਧਰਮਸ਼ਾਲਾ ਅਤੇ ਧਨਵੰਤਰੀ ਹਸਪਤਾਲ ਵਿੱਚ ਮਰੀਜ਼ਾਂ ਦੇ ਭੋਜਨ ਸਬੰਧੀ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਇਨ੍ਹਾਂ ਥਾਵਾਂ ਉਤੇ ਕੋਵਿਡ ਮਰੀਜ਼ਾਂ ਨੂੰ ਬਿਲਕੁਲ ਸੰਤੁਲਿਤ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ।