ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 22 ਫਰਵਰੀ
ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਵਿਵਾਦਤ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਕਿਸਾਨ ਮੋਰਚੇ ਲਈ ਸਥਾਨਕ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਤੋਂ ਕਿਸਾਨਾਂ ਦਾ ਜੱਥਾ ਪੀਣ ਵਾਲਾ ਬੋਤਲ ਬੰਦ ਪਾਣੀ ਅਤੇ ਹੋਰ ਰਾਸ਼ਨ ਸਮੱਗਰੀ ਲੈ ਕੇ ਰਵਾਨਾ ਹੋਇਆ।
ਦੱਸਣਯੋਗ ਹੈ ਕਿ ਜਦੋਂ ਤੋਂ ਦਿੱਲੀ ਵਿੱਚ ਕਿਸਾਨ ਮੋਰਚਾ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਗੁਰਦੁਆਰਾ ਹਾਅ ਦਾ ਨਾਆਰਾ ਸਾਹਿਬ ਤੋਂ ਦਿੱਲੀ ਕਿਸਾਨ ਮੋਰਚੇ ਲਈ ਮੁਫ਼ਤ ਬੱਸ ਸੇਵਾ ਜਾਰੀ ਹੈ। ਅੱਜ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਹਾਦਰ ਸਿੰਘ ਨੇ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਤੋਂ ਟਿਕਰੀ ਬਾਰਡਰ ਲਈ ਕਿਸਾਨਾਂ ਦਾ ਜੱਥਾ ਭਾਈ ਨਰਿੰਦਰਪਾਲ ਸਿੰਘ ਨਾਨੂੰ ਅਤੇ ਗੁਰਪਾਲ ਸਿੰਘ ਗਰੇਵਾਲ ਦੀ ਅਗਵਾਈ ਵਿਚ ਪੀਣ ਵਾਲੇ ਪਾਣੀ ਅਤੇ ਲੋੜੀਂਦੀ ਖੁਰਾਕ ਸਮੱਗਰੀ ਸਮੇਤ ਰਵਾਨਾ ਕੀਤਾ।
ਘਨੌਰ (ਗੁਰਪ੍ਰੀਤ ਸਿੰਘ): ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਖੇਤਰ ਦੇ ਪਿੰਡ ਹਰਪਾਲਪੁਰ ਤੋਂ ਕਿਸਾਨ ਆਗੂਆਂ ਰਾਜਿੰਦਰ ਸਿੰਘ, ਚਰਨ ਸਿੰਘ, ਹਜੂਰਾ ਸਿੰਘ, ਬਿੱਟੂ ਸ਼ਰਮਾ, ਦਲਬੀਰ ਸਿੰਘ ਅਤੇ ਜਾਗਰ ਸਿੰਘ ਦੀ ਅਗਵਾਈ ਵਿੱਚ ਕਿਸਾਨਾਂ ਦਾ ਜੱਥਾ ਦਿੱਲੀ ਦੇ ਸਿੰਘੂ ਬਾਰਡਰ ਲਈ ਰਵਾਨਾ ਹੋਇਆ। ਜੱਥੇ ਵਿਚ ਬਹੁਗਿਣਤੀ ਨੌਜਵਾਨ ਸ਼ਾਮਲ ਸਨ।