ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਸਤੰਬਰ
ਸਿਟੀ ਬਿਊਟੀਫੁੱਲ ਵਿੱਚ ਸ਼ਾਮ ਸਮੇਂ ਪਏ ਮੀਂਹ ਨੇ ਮੌਸਮ ਖੁਸ਼ਗਵਾਰ ਕਰ ਦਿੱਤਾ ਹੈ। ਜਿਸ ਕਾਰਨ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਅੱਜ ਸਵੇਰ ਤੋਂ ਨਿਕਲੀ ਤੇਜ਼ ਧੁੱਪ ਕਾਰਨ ਲੋਕਾਂ ਨੂੰ ਭਾਰੀ ਗਰਮੀ ਦਾ ਸਾਹਮਣਾ ਕਰਨਾ ਪਿਆ ਸੀ ਪਰ ਬਾਅਦ ਦੁਪਹਿਰ ਅਚਾਨਕ ਮੌਸਮ ਵਿੱਚ ਆਏ ਬਦਲਾਅ ਤੋਂ ਬਾਅਦ ਇਕ ਘੰਟੇ ਦੇ ਕਰੀਬ ਤੇਜ਼ ਮੀਂਹ ਪੈਂਦਾ ਰਿਹਾ। ਜਿਸ ਨੇ ਮੌਸਮ ਸੁਹਾਵਣਾ ਕਰ ਦਿੱਤਾ। ਮੌਸਮ ਵਿਭਾਗ ਵੱਲੋਂ 17 ਤੋਂ 20 ਸਤੰਬਰ ਤੱਕ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 34.6 ਡਿਗਰੀ ਸੈਲਸੀਅਸ ਸੀ ਜੋ ਕਿ ਆਮ ਦੇ ਬਰਾਬਰ ਰਿਹਾ ਹੈ। ਜਦੋਂਕਿ ਘੱਟ ਤੋਂ ਘੱਟ ਤਾਪਮਾਨ 26.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੰਘੀ ਰਾਤ ਬੱਦਲਵਾਈ ਕਾਰਨ ਮੀਂਹ ਪੈਣ ਦੇ ਆਸਾਰ ਦਿਖਾਈ ਦੇ ਰਹੇ ਸਨ ਪਰ ਸਵੇਰ ਸਮੇਂ ਤੇਜ਼ ਧੁੱਪ ਨੇ ਲੋਕਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ। ਸ਼ਾਮ 6 ਵਜੇ ਦੇ ਕਰੀਬ ਅਚਾਨਕ ਮੌਸਮ ਵਿੱਚ ਆਏ ਬਦਲਾਅ ਅਤੇ ਮਗਰੋਂ ਮੀਂਹ ਪੈਣ ਤੋਂ ਬਾਅਦ ਚੱਲ ਰਹੀਆਂ ਠੰਢੀਆਂ ਹਵਾਵਾਂ ਨੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ। ਜਿਸ ਕਾਰਨ ਸੁਖਨਾ ਝੀਲ, ਰੌਕ ਗਾਰਡਨ ਸਣੇ ਹੋਰਨਾਂ ਘੁੰਮਣ ਫਿਰਨ ਵਾਲੀਆਂ ਥਾਵਾਂ ’ਤੇ ਦੀ ਭੀੜ ਲੱਗੀ ਰਹੀ। ਦੂਜੇ ਪਾਸੇ ਸ਼ਹਿਰ ਵਿੱਚ ਪਏ ਇਕ ਘੰਟੇ ਦੇ ਮੀਂਹ ਕਾਰਨ ਆਵਾਜਾਈ ਦੀ ਰਫ਼ਤਾਰ ਵੀ ਘਟ ਗਈ ਸੀ ਕਿਉਂਕਿ ਸੜਕਾਂ ’ਤੇ ਪਾਣੀ ਖੜ੍ਹ ਗਿਆ ਸੀ। ਜਿਸ ਕਾਰਨ ਵਾਹਨ ਰੁਕ-ਰਕ ਕੇ ਚਲਦੇ ਵਿਖਾਈ ਦਿੱਤੇ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 17 ਤੋਂ 20 ਸਤੰਬਰ ਤੱਕ ਚੰਡੀਗੜ੍ਹ ਵਿੱਚ ਮੀਂਹ ਪੈ ਸਕਦਾ ਹੈ। ਜਿਸ ਵਿੱਚ 17 ਅਤੇ 18 ਸਤੰਬਰ ਨੂੰ ਮਾਮੂਲੀ ਮੀਂਹ ਪੈ ਸਕਦਾ ਹੈ ਜਦੋਂਕਿ 19 ਅਤੇ 20 ਸਤੰਬਰ ਨੂੰ ਤੇਜ਼ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਜ਼ੀਰਕਪੁਰ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਬਣੀ ਵੱਡੀ ਸਮੱਸਿਆ
ਜ਼ੀਰਕਪੁਰ (ਹਰਜੀਤ ਸਿੰਘ) ਸ਼ਹਿਰ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਸਥਾਨਕ ਲੋਕਾਂ ਵੱਲੋਂ ਲੰਮੇ ਸਮੇ ਤੋਂ ਪਾਣੀ ਦੀ ਨਿਕਾਸੀ ਦਾ ਹੱਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਨਗਰ ਕੌਂਸਲ ਇਸ ਸਮੱਸਿਆ ਨੂੰ ਗੰਭੀਰਤਾਂ ਨਾਲ ਨਹੀਂ ਲੈ ਰਹੀ ਹੈ। ਸਿੱਟੇ ਵਜੋਂ ਥੋੜ੍ਹਾ ਜਿਹਾ ਮੀਂਹ ਪੈਣ ਨਾਲ ਸ਼ਹਿਰ ਵਿੱਚ ਜਲ-ਥਲ ਹੋ ਜਾਂਦਾ ਹੈ। ਅੱਜ ਸ਼ਾਮ ਪਏ ਭਰਵੇਂ ਮੀਂਹ ਨਾਲ ਸ਼ਹਿਰ ਵਿੱਚ ਥਾਂ ਥਾਂ ਪਾਣੀ ਭਰ ਗਿਅ ਜਿਸ ਨਾਲ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਇਸ ਕਾਰਨ ਸਭ ਤੋਂ ਔਖ ਸ਼ਹਿਰ ਦੀਆਂ ਸੜਕਾਂ ’ਤੇ ਸਫਰ ਕਰਨ ਵਾਲੇ ਰਾਹਗੀਰਾਂ ਨੂੰ ਆਈ। ਸੜਕਾਂ ’ਤੇ ਪਾਣੀ ਭਰਨ ਕਾਰਨ ਜਾਮ ਵਰਗੀ ਸਥਿਤੀ ਬਣ ਗਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਢੁੱਕਵੇਂ ਪ੍ਰਬੰਧ ਨਹੀਂ ਹਨ। ਮੀਂਹ ਦੇ ਪਾਣੀ ਨੂੰ ਨਿਕਾਸੀ ਨਾ ਮਿਲਣ ਕਾਰਨ ਥੋੜ੍ਹਾ ਜਿਹਾ ਪੈਣ ਨਾਲ ਸ਼ਹਿਰ ਵਿੱਚ ਪਾਣੀ ਭਰ ਜਾਂਦਾ ਹੈ। ਅਸਲ ’ਚ ਰੀਅਲ ਐਸਟੇਟ ਦਾ ਕਾਰੋਬਾਰ ਕਰਨ ਵਾਲੇ ਬਿਲਡਰਾਂ ਤੇ ਕਲੋਨਾਈਜ਼ਰਾਂ ਵੱਲੋਂ ਪਾਣੀ ਦੀ ਨਿਕਾਸੀ ਲਈ ਬਣੇ ਕੁਦਰਤੀ ਨਦੀ, ਨਾਲੇ ਤੇ ਚੋਆਂ ’ਤੇ ਨਾਜਾਇਜ਼ ਕਬਜ਼ਾ ਕਰਕੇ ਇਨ੍ਹਾਂ ਨੂੰ ਬੰਦ ਕਰ ਦਿੱਤਾ ਹੈ। ਸਿੱਟੇ ਵਜੋਂ ਪਾਣੀ ਦੀ ਨਿਕਾਸੀ ਨਹੀਂ ਹੁੰਦੀ। ਇਸ ਦੌਰਾਨ ਸਭ ਤੋਂ ਵੱਡੀ ਸਮੱਸਿਆ ਇਥੋਂ ਦੇ ਬਲਟਾਣਾ, ਢਕੋਲੀ ਤੇ ਲੋਹਗੜ੍ਹ ਖੇਤਰ ਵਿੱਚ ਆਉਂਦੀ ਹੈ। ਰਿਹਾਇਸ਼ੀ ਖੇਤਰ ਤੋਂ ਇਲਾਵਾ ਸ਼ਹਿਰ ਵਿੱਚੋਂ ਲੰਘ ਰਹੀ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ, ਪੰਚਕੂਲਾ ਸੜਕ ਤੇ ਪਟਿਆਲਾ ਸੜਕ ’ਤੇ ਪਾਣੀ ਭਰਨ ਕਾਰਨ ਸੜਕਾਂ ਛੱਪੜ ਦਾ ਰੂਪ ਧਾਰ ਲੈਂਦੀਆਂ ਹਨ। ਪਟਿਆਲਾ ਚੌਕ ’ਤੇ ਪਾਣੀ ਭਰਨ ਕਾਰਨ ਸੜਕਾਂ ’ਤੇ ਜਾਮ ਲੱਗ ਗਿਆ। ਇਸ ਤੋਂ ਇਲਾਵਾ ਹਾਈਵੇਅ ’ਤੇ ਮੈਟਰੋ ਸਟੋਰ ਦੇ ਸਾਹਮਣੇ ਪਾਣੀ ਭਰਨ ਕਾਰਨ ਜਾਮ ਲੱਗ ਗਿਆ। ਗੱਲ ਕਰਨ ’ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਗਿਰੀਸ਼ ਵਰਮਾ ਨੇ ਕਿਹਾ ਕਿ ਲੰਘੇ ਸਮੇ ਤੋਂ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਨਿਕਾਸੀ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾਣਗੇ।