ਟੋਕੀਓ, 23 ਜੁਲਾਈ
ਵਿਸ਼ਵ ਦੀ ਨੰਬਰ ਇਕ ਤੀਰਅੰਦਾਜ਼ ਦੀਪਿਕਾ ਕੁਮਾਰੀ ਸ਼ੁੱਕਰਵਾਰ ਨੂੰ ਯੁਮੇਨੋਸ਼ਿਮਾ ਪਾਰਕ ਵਿੱਚ ਓਲੰਪਿਕ ਦਰਜਾਬੰਦੀ ਗੇੜ ਵਿੱਚ ਆਪਣੇ ਪ੍ਰਦਰਸ਼ਨ ਵਿੱਚ ਲਗਾਤਾਰਤਾ ਕਾਇਮ ਨਹੀਂ ਰੱਖ ਸਕੀ, ਪਰ ਪੁਰਸ਼ ਤੀਰਅੰਦਾਜ਼ਾਂ ਦਾ ਪ੍ਰਦਰਸ਼ਨ ਵੀ ਨਿਰਾਸ਼ਾਜਨਕ ਰਿਹਾ, ਜਿਸ ਕਰਕੇ ਭਾਰਤ ਨੂੰ ਮਿਕਸਡ ਡਬਲਜ਼ ਜੋੜੀ ਵਿੱਚ ਫੇਰਬਦਲ ਲਈ ਮਜਬੂਰ ਹੋਣਾ ਪਿਆ। ਦਰਜਾਬੰਦੀ ਗੇੜ ਦੌਰਾਨ ਕੋਰਿਆਈ ਤੀਰਅੰਦਾਜ਼ਾਂ ਦਾ ਪੂਰਾ ਦਾਬਾ ਰਿਹਾ, ਜਿਨ੍ਹਾਂ ਓਲੰਪਿਕ ਦੀਆਂ ਤਿਆਰੀਆਂ ਲਈ ਸਾਰੇ ਕੌਮਾਂਤਰੀ ਮੁਕਾਬਲਿਆਂ ਤੋਂ ਦੂਰੀ ਬਣਾ ਕੇ ਰੱਖੀ ਸੀ। ਕੋਰਿਆਈ ਤੀਰਅੰਦਾਜ਼ਾਂ ਨੇ ਮਹਿਲਾ ਵਰਗ ਵਿੱਚ ਸਿਖਰਲੇ ਤਿੰਨੇ ਥਾਂ ਮੱਲੇ।
ਭਾਰਤੀ ਤੀਰਅੰਦਾਜ਼ ਅਤਨੂ ਦਾਸ, ਪ੍ਰਵੀਨ ਜਾਧਵ ਤੇ ਤਰੁਣਦੀਪ ਰਾਏ ਦੀ ਭਾਰਤੀ ਪੁਰਸ਼ ਟੀਮ ਚੰਗਾ ਸਕੋਰ ਨਹੀਂ ਬਣਾ ਸਕੀ ਤੇ ਟੀਮ ਦਰਜਾਬੰਦੀ ਵਿੱਚ ਕਿਸੇ ਤਰ੍ਹਾਂ ਸਿਖਰਲੇ 10 ਵਿੱਚ ਥਾਂ ਬਣਾਉਣ ਵਿੱਚ ਸਫ਼ਲ ਰਹੇ। ਦੀਪਿਕਾ 663 ਅੰਕਾਂ ਨਾਲ 9ਵੇਂ ਸਥਾਨ ’ਤੇ ਰਹੀ, ਜੋ ਉਨ੍ਹਾਂ ਦੇ ਸਰਵੋਤਮ ਕੌਮਾਂਤਰੀ ਦਰਜਾਬੰਦੀ ਸਕੋਰ 686 ਤੋਂ ਕਾਫ਼ੀ ਘੱਟ ਹੈ। ਦੀਪਿਕਾ ਮਿਕਸਡ ਡਬਲਜ਼ ਮੁਕਾਬਲੇ ਵਿੱਚ ਆਪਣੇ ਪਤੀ ਤੇ ਤਜਰਬੇਕਾਰ ਤੀਰਅੰਦਾਜ਼ ਅਤਨੂ ਦਾਸ ਦੀ ਥਾਂ ਪ੍ਰਵੀਨ ਜਾਧਵ ਨਾਲ ਉਤਰੇਗੀ। -ਪੀਟੀਆਈ