ਮਹਿੰਦਰ ਸਿੰਘ ਰੱਤੀਆਂ
ਮੋਗਾ, 6 ਮਾਰਚ
ਇੱਥੇ ਸ਼ਹਿਰ ਦੇ ਪੌਸ਼ ਖੇਤਰ ਗਿੱਲ ਰੋਡ ਖੇਤਰ ’ਚ ਇੱਕ ਮੋਟਰ ਸਾਈਕਲ ਸਵਾਰ ਹਥਿਆਰਬੰਦ ਲੁਟੇਰਿਆਂ ਨੇ ਇੱਕ ਸਰਾਫ਼ ਦੇ ਘਰ ਔਰਤ ਨੂੰ ਕਮਰੇ ਵਿੱਚ ਰੱਸੀਆਂ ਨਾਲ ਬੰਨ੍ਹ ਕੇ ਕਰੀਬ 40 ਲੱਖ ਰੁਪਏ ਦੇ ਗਹਿਣੇ ਲੁੱਟ ਲਏ ਜਿਸ ਕਾਰਨ ਸ਼ਹਿਰ ਅੰਦਰ ਦਹਿਸ਼ਤ ਦਾ ਮਾਹੌਲ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਗਿੱਲ ਰੋਡ ’ਤੇ ਇੱਕ ਨਾਮੀ ਡਾਕਟਰ ਦੇ ਕਲੀਨਿਕ ਵਾਲੀ ਗਲੀ ਵਿੱਚ ਮੋਟਰ ਸਾਈਕਲ ਉੱਤੇ ਆਏ ਹਥਿਆਰਬੰਦ ਲੁਟੇਰਿਆਂ ਵੱਲੋਂ ਰਾਜੂ ਸਦਿਊੜਾ ਜਿਊਲਰਜ਼ ਦੇ ਘਰ ਦਿਨ ਦਿਹਾੜੇ ਇਹ ਵਾਰਦਾਤ ਅੰਜਾਮ ਦਿੱਤੀ ਗਈ ਹੈ। ਵਾਰਦਾਤ ਸਮੇਂ ਜਿਊਲਰਜ਼ ਬੱਚਿਆਂ ਸਮੇਤ ਬਾਹਰ ਸੀ ਅਤੇ ਉਸ ਦੀ ਸੱਸ ਰਾਜ ਰਾਣੀ ਘਰ ਸੀ। ਇੱਕ ਲੁਟੇਰੇ ਨੇ ਕਿਸੇ ਦਾ ਘਰ ਪੁੱਛਣ ਲਈ ਔਰਤ ਨਾਲ ਗੱਲਬਾਤ ਸ਼ੁਰੂ ਕੀਤੀ ਤੇ ਪਾਣੀ ਪੀਣ ਦੇ ਬਹਾਨੇ ਉਹ ਘਰ ਅੰਦਰ ਵੜ ਗਏ। ਘਰ ਅੰਦਰ ਦਾਖਲ ਹੁੰਦੇ ਹੀ ਲੁਟੇਰਿਆਂ ਨੇ ਔਰਤ ਨੂੰ ਪਿਸਤੌਲ ਦਿਖਾ ਕੇ ਇਕ ਕਮਰੇ ਵਿੱਚ ਲੈ ਗਏ ਅਤੇ ਰੱਸੀਆਂ ਨਾਲ ਬੰਨ੍ਹ ਦਿੱਤਾ। ਬਾਅਦ ’ਚ ਸੇਫ ਦੀ ਚਾਬੀ ਲੈ ਕੇ ਨਾਲ ਵਾਲੇ ਕਮਰੇ ’ਚੋਂ ਸੇਫ ਅੰਦਰ ਪਏ ਗਹਿਣੇ ਲੈ ਗਏ। ਲੁਟੇਰਿਆਂ ਨੇ ਔਰਤ ਵੱਲੋਂ ਪਹਿਨੇ ਗਹਿਣਿਆਂ ਨੂੰ ਹੱਥ ਨਹੀਂ ਲਾਇਆ। ਲੁਟੇਰੇ ਭੱਜਣ ਤੋਂ ਪਹਿਲਾਂ ਘਰ ’ਚ ਲੱਗੇ ਡੀਵੀਆਰਵੀ ਆਪਣੇ ਨਾਲ ਲੈ ਗਏ। ਲੁਟੇਰਿਆਂ ਦੇ ਫ਼ਰਾਰ ਹੋਣ ਬਾਅਦ ਕਮਰੇ ’ਚ ਬੰਦ ਰਾਜ ਰਾਣੀ ਨੇ ਰੌਲਾ ਪਾਇਆ ਅਤੇ ਜ਼ੋਰ ਜ਼ੋਰ ਦੀ ਦਰਵਾਜ਼ੇ ਖੜਕਾਏ ਤਾ ਗੁਆਂਢੀ ਰੌਲਾ ਸੁਣ ਕਰਕੇ ਉਸ ਦੇ ਘਰ ਪੁੱਜੇ ਅਤੇ ਦਰਵਾਜ਼ਾ ਖੋਲ੍ਹ ਕੇ ਉਸ ਨੂੰ ਬਾਹਰ ਕੱਢ ਲਿਆ।
ਥਾਣਾ ਸਾਊਥ ਸਿਟੀ ਦੇ ਇੰਸਪੈਕਟਰ ਲਛਮਣ ਸਿੰਘ ਢਿੱਲੋਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਬਦਮਾਸ਼ਾਂ ਦੀ ਪੈੜ ਨੱਪਣ ਲਈ ਖੇਤਰ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ। ਸੀਸੀਟੀਵੀ ਫੁਟੇਜ ’ਚ ਲੁਟੇਰੇ ਘਰ ਦੇ ਆਸ ਪਾਸ ਗੇੜੇ ਮਾਰਦੇ ਦਿਖਾਈ ਦੇ ਰਹੇ ਹਨ।