ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 23 ਜੁਲਾਈ
ਧਰਮ ਪ੍ਰਚਾਰ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੱਚਿਆਂ ਦੇ ਕਵੀਸ਼ਰੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ, ਕਪੂਰਥਲਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੀਆਂ 28 ਟੀਮਾਂ ਨੇ ਹਿੱਸਾ ਲਿਆ। ਅੱਜ ਸਮਾਪਤੀ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ। ਉਨਾਂ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਜ਼ੋਨਲ ਮੁਕਾਬਲਿਆਂ ਮਗਰੋਂ ਪੰਜਾਬ ਪੱਧਰੀ ਮੁਕਾਬਲੇ ਵਿੱਚ ਪਹਿਲੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਨੂੰ 21 ਹਜ਼ਾਰ ਰੁਪਏ, ਦੂਸਰੇ ਸਥਾਨ ’ਤੇ ਆਉਣ ਵਾਲਿਆਂ ਨੂੰ 15 ਹਜ਼ਾਰ ਰੁਪਏ ਅਤੇ ਤੀਜਾ ਸਥਾਨ ਗ੍ਰਹਿਣ ਕਰਨ ਵਾਲਿਆਂ ਨੂੰ 11 ਹਜ਼ਾਰ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਭਾਗ ਲੈਣ ਵਾਲਿਆਂ ਬੱਚਿਆਂ ਨੂੰ ਵੀ 500-500 ਰੁਪਏ ਹੌਸਲਾ ਅਫ਼ਜਾਈ ਵਜੋਂ। ਇਨ੍ਹਾਂ ਮੁਕਾਬਲਿਆਂ ਵਿੱਚੋਂ ਪਹਿਲੇ ਸਥਾਨ ’ਤੇ ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਦੀਪ ਕੌਰ, ਰਮਨਪ੍ਰੀਤ ਕੌਰ ਤੇ ਗੁਰਸ਼ਰਨ ਕੌਰ ਦਾ ਜਥਾ ਰਿਹਾ। ਅੰਮ੍ਰਿਤਸਰ ਜ਼ਿਲ੍ਹੇ ਦੇ ਅਰਸ਼ਦੀਪ ਸਿੰਘ, ਜੈਪਾਲ ਸਿੰਘ ਤੇ ਦੀਪਕ ਸਿੰਘ ਨੇ ਦੂਜਾ ਅਤੇ ਡੇਰਾ ਬਾਬਾ ਨਾਨਕ ਦੀਆਂ ਬੱਚੀਆਂ ਗੁਰਸ਼ਰਨ ਕੌਰ, ਜਸਕੀਰਤ ਕੌਰ ਤੇ ਸਿਮਰਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਾਝਾ ਜ਼ੋਨ ਦੇ ਕਵੀਸ਼ਰੀ ਮੁਕਾਬਲਿਆਂ ’ਚੋਂ ਜੇਤੂ ਰਹੀਆਂ ਟੀਮਾਂ ਦੇ ਨਾਲ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਹੋਰ। ਕਵੀਸ਼ਰੀ ਮੁਕਾਬਲਿਆਂ ਮੌਕੇ ਬੱਚਿਆਂ ਦੀ ਹੌਸਲਾ ਅਫ਼ਜਾਈ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਬਾਬਾ ਬੂਟਾ ਸਿੰਘ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਸਮੇਤ ਮੈਂਬਰ ਤੇ ਅਧਿਕਾਰੀ ਆਦਿ ਹਾਜ਼ਰ ਸਨ।