ਖੇਤਰੀ ਪ੍ਰਤੀਨਿਧ
ਪਟਿਆਲਾ, 22 ਜੁਲਾਈ
ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਨੇ ਸ਼ਹਿਰ ਵਿੱਚ ਨਾਜਾਇਜ਼ ਇਮਾਰਤਾਂ ਖ਼ਿਲਾਫ਼ ਸਖ਼ਤੀ ਵਧਾ ਦਿੱਤੀ ਹੈ। ਉਨ੍ਹਾਂ ਦੇ ਹੁਕਮਾਂ ’ਤੇ ਸੰਯੁਕਤ ਕਮਿਸ਼ਨਰ ਜੀਵਨਜੋਤ ਕੌਰ ਨੇ ਬਿਲਡਿੰਗ ਬ੍ਰਾਂਚ ਰਾਹੀਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ 11 ਨਾਜਾਇਜ਼ ਦੁਕਾਨਾਂ ਅੱਜ ਸੀਲ ਕਰਵਾ ਦਿੱਤੀਆਂ। ਇਨ੍ਹਾਂ ਵਿਚੋਂ ਤ੍ਰਿਪੜੀ ਟਾਊਨ ਵਿੱਚ ਚਾਰ, ਫੈਕਟਰੀ ਏਰੀਆ ਨੇੜੇ ਤਿੰਨ, ਭੁਪਿੰਦਰਾ ਰੋਡ ’ਤੇ ਦੋ, ਲਾਹੌਰੀ ਗੇਟ ਅਤੇ ਅਲੀਪੁਰ ਰੋਡ ’ਤੇ ਇੱਕ ਇੱਕ ਦੁਕਾਨ ਸੀਲ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਨਿਗਮ ਵੱਲੋਂ ਇੱੱਕ ਦਰਜਨ ਤੋਂ ਵੱਧ ਦੁਕਾਨਾਂ ਸੀਲ ਕੀਤੀਆਂ ਜਾ ਚੁੱਕੀਆਂ ਹਨ।
ਸੰਯੁਕਤ ਕਮਿਸ਼ਨਰ ਨੇ ਦੱਸਿਆ ਕਿ ਸੀਲ ਕੀਤੀਆਂ ਗਈਆਂ ਇਹ ਸਾਰੀਆਂ ਵਪਾਰਕ ਇਮਾਰਤਾਂ ਨਿਰਧਾਰਤ ਨਿਯਮਾਂ ਦੇ ਉਲਟ ਬਣ ਰਹੀਆਂ ਸਨ ਜਿਨ੍ਹਾਂ ਦੇ ਸ਼ਟਰ ਵੀ ਅਜੇ ਤੱਕ ਪੂਰੀ ਤਰਾਂ ਫਿੱਟ ਨਹੀਂ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਲਾਲ ਪੱਟੀ ਲਗਾ ਕੇ ਸੀਲਿੰਗ ਦੀ ਕਾਰਵਾਈ ਕੀਤੀ ਗਈ ਹੈ ਤਾਂ ਜੋ ਇਮਾਰਤ ਦੀ ਉਸਾਰੀ ਨੂੰ ਰੋਕਣ ਦਾ ਸੰਕੇਤ ਮਿਲ ਸਕੇ। ਇਨ੍ਹਾਂ ਦੁਕਾਨਾਂ ’ਤੇ ਸੀਲ ਕਰਨ ਸਬੰਧੀ ਨੋਟਿਸ ਵੀ ਚਿਪਕਾ ਦਿੱਤੇ ਗਏ ਹਨ। ਸੰਯੁਕਤ ਕਮਿਸ਼ਨਰ ਜੀਵਨਜੋਤ ਕੌਰ ਨੇ ਫੀਲਡ ਵਿੱਚ ਕਈ ਥਾਵਾਂ ਦਾ ਦੌਰਾ ਕਰਕੇ ਨਾਜਾਇਜ਼ ਇਮਾਰਤਾਂ ਸਬੰਧੀ ਸੂਚੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਅਗਲੇ ਦਿਨੀਂ ਨਿਗਮ ਵੱਲੋਂ ਨਵੀਆਂ ਬਣ ਰਹੀਆਂ ਸਾਰੀਆਂ ਇਮਾਰਤਾਂ ਦਾ ਰਿਕਾਰਡ ਚੈੱਕ ਕੀਤਾ ਜਾਵੇਗਾ।
ਦਿਲਚਸਪ ਗੱਲ ਇਹ ਹੈ ਕਿ ਵੀਰਵਾਰ ਨੂੰ ਪਲੇਠੀ ਪਟਿਆਲਾ ਫੇਰੀ ’ਤੇ ਆਏ ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਨਿਯਮਾਂ ਦੀ ਅਣਦੇਖੀ ਬਰਦਾਸ਼ਤ ਨਾ ਕਰਨ ਦੀ ਗੱਲ ਆਖੀ ਗਈ ਸੀ ਤੇ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਨਾਜਾਇਜ ਇਮਾਰਤਾਂ ਨੂੰ ਲੈ ਕੇ ਸਾਹਮਣੇ ਆ ਰਹੀਆਂ ਸਨ। ਲੋਕਲ ਬਾਡੀਜ਼ ਮੰਤਰੀ ਦੇ ਦੌਰੇ ਤੋਂ ਬਾਅਦ ਤੋਂ ਹੀ ਨਗਰ ਨਿਗਮ ਨੇ ਨਾਜਾਇਜ਼ ਇਮਾਰਤਾਂ ਵਿਰੁੱਧ ਸਖ਼ਤੀ ਤੇਜ਼ ਕਰ ਦਿੱਤੀ ਹੈ।
ਨਿਗਮ ਕਮਿਸ਼ਨਰ ਅਦਿੱਤਿਆ ਉਪਲ ਨੇ ਕਿਹਾ ਕਿ ਨਿਰਧਾਰਿਤ ਸਮੇਂ ਅੰਦਰ ਨਕਸ਼ਾ ਪਾਸ ਕਰਵਾ ਕੇ ਅਤੇ ਫੀਸ ਜਮ੍ਹਾਂ ਕਰਵਾਉਣ ਮਗਰੋਂ ਹੀ ਨਵੀਂ ਇਮਾਰਤ ਦੀ ਉਸਾਰੀ ਸ਼ੁਰੂ ਕੀਤੀ ਜਾਵੇ।