ਖੇਤਰੀ ਪ੍ਰਤੀਨਿਧ
ਧੂਰੀ, 21 ਅਪਰੈਲ
ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਖਿਆ ਕਿ ‘ਆਪ’ ਸਰਕਾਰ ਦਿੱਲੀ ਦੇ ਇਸ਼ਾਰੇ ਉੱਪਰ ਚੱਲਣ ਲੱਗੀ ਹੈ। ਉਨ੍ਹਾਂ ਕਿਹਾ ਅਰਵਿੰਦ ਕੇਜਰੀਵਾਲ ਦਾ ਪੰਜਾਬ ਦੇ ਮਾਮਲਿਆਂ ਵਿੱਚ ਵੱਧ ਦਖਲ ਦੇਣਾ ਇਹ ਦਰਸਾਉਂਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਹਿਜ਼ ਇੱਕ ਮੋਹਰਾ ਹਨ ਤੇ ਸੂਬੇ ਦਾ ਅਸਲ ਕੰਟਰੋਲ ਦਿੱਲੀ ਦੇ ਹੱਥਾਂ ਵਿੱਚ ਹੈ। ਉਨ੍ਹਾਂ ਕਿਹਾ ‘ਆਪ’ ਦੇ ਰਾਜ ਸਭਾ ਮੈਂਬਰ ਵੱਲੋਂ ਪੰਜਾਬ ਦੇ ਪਾਣੀਆਂ ਸਬੰਧੀ ਦਿੱਤੇ ਬਿਆਨ ਉੱਪਰ ਭਗਵੰਤ ਮਾਨ ਆਪਣਾ ਪੱਖ ਕਿਉਂ ਨਹੀਂ ਰੱਖਦੇ। ਉਨ੍ਹਾਂ ਕਿਹਾ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਤੋਂ ਵੱਧ ਉਮੀਦਾਂ ਲਾ ਲਈਆਂ ਸਨ, ਪਰ ਹੁਣ ਉਨ੍ਹਾਂ ਨੂੰ ਇਸ ਗ਼ਲਤੀ ਦਾ ਅਹਿਸਾਸ ਹੋਣ ਲੱਗਿਆ ਹੈ।